
ਦੇਹਰਾਦੂਨ/ਚੰਡੀਗੜ੍ਹ 25,ਅਗਸਤ (ਸਾਰਾ ਯਹਾਂ ਬਿਊਰੋ ਰਿਪੋਰਟ) : ਪੰਜਾਬ ‘ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਬਗਾਵਤ ਦਾ ਝੰਡਾ ਲੈ ਕੇ ਚੰਡੀਗੜ੍ਹ ਤੋਂ ਬਾਗੀ ਮੰਤਰੀ ਤੇ ਵਿਧਾਇਕ ਦੇਹਰਾਦੂਨ ਪਹੁੰਚ ਗਏ ਹਨ। ਉੱਥੇ ਉਨ੍ਹਾਂ ਦੀ ਮੁਲਾਕਾਤ ਕਾਂਗਰਸ ਦੇ ਕੌਮੀ ਸਕੱਤਰ ਤੇ ਪੰਜਾਬ ਇੰਚਾਰਜ ਹਰੀਸ਼ ਰਾਵਤ ਨਾਲ ਹੋਵੇਗੀ। ਇਸ ਤੋਂ ਬਾਅਦ ਦਿੱਲੀ ‘ਚ ਹਾਈਕਮਾਨ ਨਾਲ ਮੁਲਾਕਾਤ ਦਾ ਵੀ ਸਮਾਂ ਮੰਗਿਆ ਗਿਆ ਹੈ।
ਦੇਹਰਾਦੂਨ ਲਈ ਰਵਾਨਗੀ ਸਮੇਂ ਮੰਤਰੀ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਉਹ ਪੰਜਾਬ ਵਿੱਚ ਮੁੱਖ ਮੰਤਰੀ ਬਦਲਣ ਦੇ ਇੱਕ ਮਹੀਨੇ ਦੇ ਅੰਦਰ ਕਾਂਗਰਸ ਦੇ ਅਕਸ ਵਿੱਚ ਸੁਧਾਰ ਲਿਆਉਣਗੇ। ਇਸ ਦੇ ਨਾਲ ਹੀ ਤ੍ਰਿਪਤ ਰਜਿੰਦਰ ਬਾਜਵਾ ਨੇ ਕਿਹਾ ਕਿ ਜੇਕਰ ਹਾਈਕਮਾਨ ਨੇ ਕੈਪਟਨ ਨੂੰ ਨਾ ਬਦਲਿਆ ਤਾਂ ਉਹ ਖੁਦ ਪੰਜਾਬ ‘ਚ ਕਾਂਗਰਸ ਦੀ ਕਬਰ ਪੁੱਟਣਗੇ।
ਦੇਹਰਾਦੂਨ ਜਾਣ ਵਾਲਿਆਂ ‘ਚ ਸੀਨੀਅਰ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ, ਸੁਖਜਿੰਦਰ ਰੰਧਾਵਾ, ਚਰਨਜੀਤ ਸਿੰਘ ਚੰਨੀ, ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਦੇ ਨਾਲ ਸੂਬਾ ਜਨਰਲ ਸਕੱਤਰ ਪਰਗਟ ਸਿੰਘ, ਵਿਧਾਇਕ ਕੁਲਬੀਰ ਜ਼ੀਰਾ, ਵਰਿੰਦਰਮੀਤ ਪਾਹੜਾ, ਸੁਰਜੀਤ ਧੀਮਾਨ ਵੀ ਸ਼ਾਮਲ ਹਨ। ਬੁੱਧਵਾਰ ਸਵੇਰੇ ਸਾਰੇ ਗੱਡੀਆਂ ਦਾ ਕਾਫਲਾ ਲੈ ਕੇ ਚੰਡੀਗੜ੍ਹ ਤੋਂ ਦੇਹਰਾਦੂਨ ਲਈ ਰਵਾਨਾ ਹੋਏ। ਉੱਥੇ ਉਨ੍ਹਾਂ ਦੀ ਹਰੀਸ਼ ਰਾਵਤ ਨਾਲ ਕਰੀਬ ਸਵੇਰੇ 10.30 ਵਜੇ ਮੁਲਾਕਾਤ ਹੋਣ ਦੀ ਸੰਭਾਵਨਾ ਹੈ।
ਮੰਤਰੀ ਸੁਖਜਿੰਦਰ ਰੰਧਾਵਾ ਨੇ ਕਿਹਾ, “ਮੈਂ ਤੇ ਪੰਜਾਬ ਦੇ ਤਤਕਾਲੀ ਪ੍ਰਧਾਨ ਸੁਨੀਲ ਜਾਖੜ ਨੇ 26 ਅਪ੍ਰੈਲ ਨੂੰ ਹੀ ਕੈਬਨਿਟ ਮੀਟਿੰਗ ਵਿੱਚ ਬੇਅਦਬੀ, ਨਸ਼ਾਖੋਰੀ ਤੇ ਹੋਰ ਮੁੱਦਿਆਂ ‘ਤੇ ਕਾਰਵਾਈ ਦੀ ਮੰਗ ਕੀਤੀ ਸੀ। ਉਸ ਸਮੇਂ ਵਿਵਾਦ ਸ਼ੁਰੂ ਹੋ ਗਿਆ ਸੀ। ਕੈਪਟਨ ਨੂੰ ਹਟਾਏ ਜਾਣ ਤੋਂ ਬਾਅਦ ਪੰਜਾਬ ‘ਚ ਪਾਰਟੀ ਨੂੰ ਹੋਏ ਨੁਕਸਾਨ ਦੇ ਸਵਾਲ ਉੱਤੇ ਰੰਧਾਵਾ ਨੇ ਕਿਹਾ ਕਿ ਇੱਕ ਮਹੀਨੇ ਵਿੱਚ ਕਾਂਗਰਸ ਦਾ ਅਕਸ ਸੁਧਰ ਜਾਵੇਗਾ।https://imasdk.googleapis.com/js/core/bridge3.476.0_en.html#goog_515827137
ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਕਾਲੀਆਂ ਦੇ ਨਾਲ ਮਿਲੇ ਹੋਏ ਹਨ। ਅਸੀਂ ਕਦੋਂ ਤਕ ਵੇਖਦੇ ਰਹਾਂਗੇ? ਅਸੀਂ ਹਾਈਕਮਾਨ ਤੋਂ ਕੈਪਟਨ ਨੂੰ ਬਦਲਣ ਦੀ ਮੰਗ ਕਰਾਂਗੇ। ਜੇਕਰ ਹਾਈਕਮਾਨ ਨਾ ਮੰਨੀ ਤਾਂ ਪੰਜਾਬ ‘ਚ ਕਾਂਗਰਸ ਦੀ ਕਬਰ ਪੁੱਟਾਂਗੇ। ਕੈਪਟਨ ਕਾਂਗਰਸ ਨੂੰ ਮਾਰਨ ਦੀ ਸਾਜ਼ਿਸ਼ ਰਚ ਰਿਹਾ ਹੈ। ਇਹ ਸੋਚ ਬਣ ਗਈ ਹੈ ਕਿ ਕਾਂਗਰਸ ਨੂੰ ਜਾਣਾ ਚਾਹੀਦਾ ਹੈ ਤੇ ਅਕਾਲੀਆਂ ਨੂੰ ਆਉਣਾ ਚਾਹੀਦਾ ਹੈ। ਇਹ ਬਿਲਕੁਲ ਗਲਤ ਹੈ। ਬਾਜਵਾ ਨੇ ਕਿਹਾ ਕਿ ਕਾਂਗਰਸ ਦੇ ਪੰਜਾਬ ‘ਚ ਆਉਣ ਤੋਂ ਬਾਅਦ ਕਾਂਗਰਸ ਦੇਸ਼ ‘ਚ ਵਾਪਸੀ ਕਰੇਗੀ, ਪਰ ਕੈਪਟਨ ਕਾਂਗਰਸ ਨੂੰ ਬਰਬਾਦ ਕਰਨ ‘ਚ ਲੱਗੇ ਹੋਏ ਹਨ।
ਦੱਸ ਦਈਏ ਕਿ ਕੈਪਟਨ ਦਾ ਤਖਤਾ ਪਲਟ ਕਰਨ ਲਈ ਬੀਤੀ ਦੇਰ ਰਾਤ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਦੇ ਘਰ ਪਹੁੰਚੇ 7 ਵਿਧਾਇਕ ਬਾਅਦ ‘ਚ ਮੁਕਰ ਗਏ ਸਨ। ਇਨ੍ਹਾਂ ‘ਚ ਕੁਲਦੀਪ ਵੈਦ, ਦਲਵੀਰ ਗੋਲਡੀ, ਸੰਤੋਖ ਸਿੰਘ ਬਦਲੀਪੁਰ, ਅੰਗਦ ਸਿੰਘ, ਰਾਜਾ ਵੜਿੰਗ, ਗੁਰਕੀਰਤ ਕੋਟਲੀ ਤੇ ਸਾਬਕਾ ਵਿਧਾਇਕ ਅਜੀਤ ਸਿੰਘ ਮੋਫਰ ਸ਼ਾਮਲ ਹਨ।
