ਬਠਿੰਡਾ 19 ਨਵੰਬਰ (ਸਾਰਾ ਯਹਾ /ਬਿਓਰੋ ਰਿਪੋਰਟ): ਬਠਿੰਡਾ ਵਿਖੇ ਵੱਖੋ-ਵੱਖ ਵਿਭਾਗਾਂ ਦੇ ਚੌਥਾ ਦਰਜਾ, ਠੇਕਾ ਤੇ ਆਊਟ ਸੋਰਸ ਕਰਮਚਾਰੀਆਂ ਦੇ ਆਗੂਆਂ ਵੱਲੋਂ ਕੈਪਟਨ ਸਰਕਾਰ ਦੀਆਂ ਵਾਅਦਾ ਖਿਲਾਫੀਆਂ ਤੇ ਧੱਕੇਸ਼ਾਹੀਆਂ ਵਿਰੁੱਧ “ਨੰਗੇ ਪਿੰਡੇ” ਬਾਜ਼ਾਰਾਂ ਵਿੱਚ ਰੋਸ ਮੁਜ਼ਾਹਰਾ ਕੀਤਾ ਗਿਆ। ਬਠਿੰਡਾ ਕਲਾਸ ਫੋਰ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਦੇ ਫੈਂਸਲੇ ਤੋਂ ਬਾਅਦ ਇਹ ਪ੍ਰਦਰਸ਼ਨ ਕੀਤਾ ਗਿਆ।
ਇਸ ਦੌਰਾਨ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਦਫਤਰ ਅੱਗੇ ਰੋਸ ਰੈਲੀ ਵੀ ਕੀਤੀ ਗਈ। ਸੂਬਾ ਪ੍ਰਧਾਨ ਸਾਥੀ ਰਣਜੀਤ ਸਿੰਘ ਰਾਣਵਾਂ ਨੇ ਕਿਹਾ ਕਿ ਕੈਪਟਨ ਸਰਕਾਰ ਪੰਜਾਬ ਦੇ ਦਰਜ਼ਾ ਚਾਰ ਮੁਲਾਜ਼ਮਾਂ ਨੂੰ ਡੀਏ ਦੀਆਂ ਕਿਸ਼ਤਾਂ ਤੇ ਬਕਾਇਆ ਨਾ ਦੇ ਕੇ ਉਲਟਾ 200 ਰੁਪਏ ਮਹੀਨਾਂ ਜਜ਼ੀਆ ਟੈਕਸ ਦੀ ਵਸੂਲੀ ਕਰਕੇ ਧੱਕਾ ਕਰ ਰਹੀ ਹੈ। ਕੇਂਦਰੀ ਤਨਖਾਹ ਸਕੇਲ ਜ਼ਬਰੀ ਲਾਗੂ ਕੀਤੇ ਗਏ ਹਨ।
ਉਨ੍ਹਾਂ ਕਿਹਾ ਪੰਜਾਬ ਵਿਧਾਨ ਸਭਾ ਵੱਲੋਂ ਪਾਸ ਕੀਤਾ ਮੁਲਾਜ਼ਮ ਵੈਲਫੇਅਰ ਐਕਟ-2016 ਰੱਦੀ ਦੀ ਟੋਕਰੀ ‘ਚ ਛੱਡ ਦਿੱਤਾ ਅਤੇ ਸੁਪਰੀਮ ਕੋਰਟ ਵੱਲੋਂ ਕੀਤੇ ਫੈਂਸਲੇ ਮੁਤਾਬਕ ਬਰਾਬਰ-ਕੰਮ-ਬਰਾਬਰ ਉਜ਼ਰਤ ਲਾਗੂ ਨਹੀਂ ਕੀਤੀ ਜਾ ਰਹੀ। ਜਿਸ ਕਾਰਨ ਕੈਪਟਨ ਸਰਕਾਰ ਪ੍ਰਤੀ ਬੇਭਰੋਸਗੀ ਪੈਦਾ ਹੋ ਗਈ ਹੈ। ਵਿੱਤ ਮੰਤਰੀ ਦੀਆਂ ਮੁਲਾਜ਼ਮ-ਮਜ਼ਦੂਰ ਵਿਰੋਧੀ ਨੀਤੀਆਂ ਕਾਰਨ 2022 ਦੇ ਚੋਣ ਦੰਗਲ ਵਿੱਚ ਕਾਂਗਰਸ ਦੇ ਰੱਥ ਦਾ ਪਹੀਆ ਅੱਧ-ਵਾਟੇ ਟੁੱਟੇਗਾ।