*ਕੈਪਟਨ ਤੇ ਸਿੱਧੂ ਵਿਚਾਲੇ ਜੰਗ ‘ਚ ਮਨੀਸ਼ ਤਿਵਾੜੀ ਦਾ ਧਮਾਕਾ, ਹਿੰਦੂ-ਸਿੱਖ ਤੇ ਦਲਿਤਾਂ ਦਾ ਦੱਸਿਆ ਹਿਸਾਬ-ਕਿਤਾਬ*

0
94

ਚੰਡੀਗੜ੍ਹ(ਸਾਰਾ ਯਹਾਂ/ਬਿਊਰੋ ਰਿਪੋਰਟ): ਇੱਕ ਪਾਸੇ ਪੰਜਾਬ ਕਾਂਗਰਸ ਪਾਰਟੀ ’ਚ ਜਿੱਥੇ ਅੰਦਰੂਨੀ ਕਾਟੋ-ਕਲੇਸ਼ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਿਹਾ, ਉੱਥੇ ਸ੍ਰੀ ਅਨੰਦਪੁਰ ਸਾਹਿਬ ਤੋਂ ਪਾਰਟੀ ਦੇ ਸੰਸਦ ਮੈਂਬਰ (MP) ਮਨੀਸ਼ ਤਿਵਾੜੀ ਨੇ ਅੱਜ ਸ਼ੁੱਕਰਵਾਰ ਨੂੰ ਆਪਣੇ ਇੱਕ ਟਵੀਟ ਰਾਹੀਂ ਆਪਣੀ ਹਾਈਕਮਾਂਡ ਨੂੰ ਚੇਤੇ ਕਰਵਾਉਂਦਿਆਂ ਲਿਖਿਆ ਹੈ ਕਿ ਪੰਜਾਬ ਪ੍ਰਗਤੀਸ਼ੀਲ ਵੀ ਹੈ ਤੇ ਧਰਮ ਨਿਰਪੱਖ (Secular) ਵੀ।

ਦਰਅਸਲ, ਮਨੀਸ਼ ਤਿਵਾੜੀ ਨੇ ਪੰਜਾਬ ’ਚ ਰਹਿੰਦੇ ਭਾਈਚਾਰਿਆਂ ਦੇ ਵੇਰਵੇ ਦਿੰਦਿਆਂ ਇਹੋ ਲਿਖਿਆ ਹੈ ਕਿ ਕਾਂਗਰਸ ਹਾਈਕਮਾਂਡ ਨੂੰ ਕਿਸੇ ਗ਼ੈਰ ਜੱਟ ਸਿੱਖ ਨੂੰ ਪਾਰਟੀ ਦੀ ਲੀਡਰਸ਼ਿਪ ਸੌਂਪਣ ਬਾਰੇ ਜ਼ਰੂਰ ਮਨ ’ਚ ਰੱਖਣਾ ਚਾਹੀਦਾ ਹੈ ਕਿਉਂਕਿ ਇਹ ਚੋਣ ਵਰ੍ਹਾ ਹੈ।

ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਅਜਿਹੀ ਖ਼ਬਰ ਆ ਰਹੀ ਹੈ ਕਿ ਪੰਜਾਬ ਦੇ ਸਾਬਕਾ ਮੰਤਰੀ ਨਵਜੋਤ ਸਿੱਧੂ ਨੂੰ ਪਾਰਟੀ ਦੀ ਸੂਬਾ ਇਕਾਈ ਦਾ ਪ੍ਰਧਾਨ ਨਿਯੁਕਤ ਕੀਤਾ ਜਾ ਰਿਹਾ ਹੈ ਪਰ ਹਾਲੇ ਤੱਕ ਪਾਰਟੀ ਦੇ ਅੰਤ੍ਰਿਮ ਪ੍ਰਧਾਨ ਸੋਨੀਆ ਗਾਂਧਾ ਨੇ ਇਸ ਮਾਮਲੇ ਬਾਰੇ ਇੱਕ ਵੀ ਸ਼ਬਦ ਨਹੀਂ ਆਖਿਆ ਹੈ।

ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਅੱਜ ਫਿਰ ਕਿਹਾ ਹੈ ਕਿ ਕੋਈ ਅਜਿਹਾ ਫ਼ਾਰਮੂਲਾ ਲੱਭਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੱਧੂ ਇਕੱਠੇ ਕੰਮ ਕਰ ਸਕਣ। ਪੰਜਾਬ ਵਿਧਾਨ ਸਭਾ ਚੋਣਾਂ ਮੌਜੂਦਾ ਮੁੱਖ ਮੰਤਰੀ ਦੀ ਅਗਵਾਈ ਹੇਠ ਹੀ ਹੋਣਗੀਆਂ। ਦੱਸ ਦੇਈਏ ਕਿ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਪਾਰਟੀ ਦਾ ਪ੍ਰਧਾਨ ਬਣਾਉਣ ਉੱਤੇ ਹਾਲੇ ਹਾਈਕਮਾਂਡ ਦੀ ਮੋਹਰ ਨਹੀਂ ਲੱਗੀ ਹੈ।

ਉੱਧਰ ਮਨੀਸ਼ ਤਿਵਾੜੀ ਨੇ ਟਵਿਟਰ ਉੱਤੇ ਲਿਖਿਆ ਹੈ ਕਿ ਪੰਜਾਬ ਵਿੱਚ ਸਿੱਖਾਂ ਦੀ ਆਬਾਦੀ ਤਾਂ ਵਧੇਰੇ ਹੈ ਪਰ ਹਿੰਦੂਆਂ ਦੀ ਆਬਾਦੀ ਵੀ ਇੱਥੇ 38.49% ਹੈ ਤੇ ਦਲਿਤਾਂ ਦੀ ਆਬਾਦੀ 31.94% ਹੈ ਅਤੇ ਉਹ ਵੀ ਹਿੰਦੂ ਤੇ ਸਿੱਖ ਹੀ ਹਨ। ‘ਪੰਜਾਬ ਪ੍ਰਗਤੀਸ਼ੀਲ ਵੀ ਹੈ ਤੇ ਸੈਕੂਲਰ ਵੀ।’

ਕੱਲ੍ਹ ਜਦੋਂ ਅਜਿਹੀਆਂ ਖ਼ਬਰਾਂ ਨੇ ਜ਼ੋਰ ਫੜਿਆ ਸੀ ਕਿ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਪਾਰਟੀ ਦਾ ਪ੍ਰਧਾਨ ਥਾਪਿਆ ਜਾ ਰਿਹਾ ਹੈ, ਤਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਨਾਖ਼ੁਸ਼ੀ ਸਾਹਮਣੇ ਆਈ ਸੀ। ਇਸੇ ਦੌਰਾਨ ਕੈਪਟਨ ਤੇ ਸਿੱਧੂ ਦੋਵਾਂ ਨੇ ਆਪੋ-ਆਪਣੇ ਸਮਰਥਕ MLAs ਨਾਲ ਵੱਖੋ-ਵੱਖਰੀਆਂ ਮੀਟਿੰਗਾਂ ਵੀ ਕੀਤੀਆਂ ਸਨ।

ਅਜਿਹੇ ਹਾਲਾਤ ਵਿੱਚ ਸੋਨੀਆ ਗਾਂਧੀ ਲਈ ਇਨ੍ਹਾਂ ਦੋਵੇਂ ਆਗੂਆਂ ਨੂੰ ਇੱਕਜੁਟ ਕਰਨਾ ਕੋਈ ਸੁਖਾਲਾ ਕੰਮ ਨਹੀਂ ਹੋਵੇਗਾ। ਹੁਣ ਤੱਕ ਇਸ ਮਾਮਲੇ ਨੂੰ ਲੈ ਕੇ ਜੋ ਵੀ ਬੈਠਕਾਂ ਹੋਈਆਂ ਹਨ; ਉਨ੍ਹਾਂ ਦਾ ਕੋਈ ਸਾਰਥਕ ਨਤੀਜਾ ਹਾਲੇ ਸਾਹਮਣੇ ਨਹੀਂ ਆਇਆ; ਸਗੋਂ ਪਾਰਟੀ ਅੰਦਰ ਵਿਰੋਧ ਤੇ ਬੇਚੈਨੀ ਦੀਆਂ ਸੁਰਾਂ ਹੋਰ ਵੀ ਤੀਖਣ ਹੋ ਗਈਆਂ ਹਨ।

ਉੱਧਰ ਵਿਰੋਧੀ ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਨੇ ਐਲਾਨ ਕੀਤਾ ਹੈ ਕਿ ਜੇ ਅਗਲੇ ਵਰ੍ਹੇ ਵਿਧਾਨ ਸਭਾ ਚੋਣਾਂ ਦੌਰਾਨ ਉਨ੍ਹਾਂ ਜਿੱਤ ਹਾਸਲ ਕੀਤੀ, ਤਾਂ ਪੰਜਾਬ ਵਿੱਚ ਦੋ ਉੱਪ ਮੁੱਖ ਮੰਤਰੀ ਨਿਯੁਕਤ ਕੀਤੇ ਜਾਣਗੇ; ਜਿਨ੍ਹਾਂ ਵਿੱਚੋਂ ਇੱਕ ਹਿੰਦੂ ਹੋਵੇਗਾ ਤੇ ਦੂਜਾ ਦਲਿਤ।

LEAVE A REPLY

Please enter your comment!
Please enter your name here