ਕੈਪਟਨ ਵੱਲੋਂ ਅਸ਼ਵਨੀ ਸ਼ਰਮਾ ’ਤੇ ਹੋਏ ਹਮਲੇ ਬਾਰੇ ਕੂੜ ਪ੍ਰਚਾਰ ਫੈਲਾਉਣ ਲਈ ਭਾਜਪਾ ਦੀ ਸਖ਼ਤ ਨਿਖੇਧੀ

0
25

ਚੰਡੀਗੜ, 14 ਅਕਤੂਬਰ:ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਅਸ਼ਵਨੀ ਸ਼ਰਮਾ ਦੀ ਗੱਡੀ ’ਤੇ ਹੋਏ ਹਮਲੇ ਦੇ ਮੱਦੇਨਜ਼ਰ ਸੂਬੇ ਦੀ ਅਮਨ ਕਾਨੂੰਨ ਦੀ ਵਿਵਸਥਾ ਵਿੱਚ ਵਿਘਨ ਪਾਉਣ ਦੀ ਮਨਸ਼ਾ ਨਾਲ ਭੜਕਾਊ ਕਾਰਵਾਈਆਂ ਕਰਨ ਲਈ ਭਾਰਤੀ ਜਨਤਾ ਪਾਰਟੀ ਦੀ ਸਖ਼ਤ ਆਲੋਚਨਾ ਕੀਤੀ ਹੈ। ਉਨਾਂ ਕਿਹਾ ਕਿ ਪੁਲਿਸ ਪਹਿਲਾਂ ਹੀ ਵੱਖ-ਵੱਖ ਕਿਸਾਨ ਯੂਨੀਅਨਾਂ ਦੇ ਮੈਂਬਰਾਂ ਦੀ ਇਸ ਘਟਨਾ ਲਈ ਜ਼ਿੰਮੇਵਾਰ ਵਿਅਕਤੀਆਂ ਵਜੋਂ ਪਛਾਣ ਕਰ ਚੁੱਕੀ ਹੈ।
ਸ੍ਰੀ ਸ਼ਰਮਾ ਦੀ ਬੇਤੁੱਕੀ ਬਿਆਨਬਾਜ਼ੀ ਅਤੇ ਪੰਜਾਬ ਕਾਂਗਰਸ ਖਿਲਾਫ਼ ਨਿਰਆਧਾਰ ਦੋਸ਼ ਲਾਉਣ ’ਤੇ ਕਰੜੀ ਨਿੰਦਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਭਾਜਪਾ ਦੇ ਪੰਜਾਬ ਪ੍ਰਧਾਨ ਆਪਣੀ ਪਾਰਟੀ ਦੇ ਹਿੱਤ ਅੱਗੇ ਵਧਾਉਣ ਲਈ ਕੂੜ ਪ੍ਰਚਾਰ ਫੈਲਾਉਣ ਲਈ ਪੱਬਾਂ ਭਾਰ ਹੋਏ ਫਿਰਦੇ ਹਨ। ਉਨਾਂ ਕਿਹਾ ਕਿ ਅਜਿਹੀਆਂ ਕਾਰਵਾਈਆਂ ਦਾ ਸਪੱਸ਼ਟ ਮਨੋਰਥ ਖੇਤੀ ਕਾਨੂੰਨਾਂ ਬਾਰੇ ਭਾਜਪਾ ਖਿਲਾਫ਼ ਕਿਸਾਨਾਂ ਵਿੱਚ ਪੈਦਾ ਹੋਏ ਰੋਹ ਤੋਂ ਲੋਕਾਂ ਦਾ ਧਿਆਨ ਹਟਾਉਣਾ ਹੈ।  
ਮੁੱਖ ਮੰਤਰੀ ਨੇ ਕਿਹਾ ਕਿ ਅਜਿਹੇ ਗੈਰ-ਜ਼ਿੰਮੇਵਾਰਾਨਾ ਅਤੇ ਤੂਲ ਦੇਣ ਵਾਲੇ ਬਿਆਨਾਂ ਅਤੇ ਕਦਮਾਂ ਨਾਲ ਕਿਸਾਨਾਂ ਸਮੇਤ ਪੰਜਾਬ ਦੇ ਲੋਕ ਗੁੰਮਰਾਹ ਨਹੀਂ ਹੋਣਗੇ। ਉਨਾਂ ਕਿਹਾ ਕਿ ਅਜਿਹੀਆਂ ਕਾਰਵਾਈਆਂ ਨਾਲ ਭਾਜਪਾ ਦੀ ਪੰਜਾਬ ਲੀਡਰਸ਼ਿਪ ਨੂੰ ਕੋਵਿਡ ਦੀ ਮਹਾਂਮਾਰੀ ਦੇ ਸੰਭਾਵੀ ਵਾਧੇ ਬਾਰੇ ਵੀ ਕੋਈ ਚਿੰਤਾ ਨਹੀਂ ਹੈ ਜਦਕਿ ਇਹ ਮਹਾਂਮਾਰੀ ਸੂਬੇ ਵਿੱਚ ਸਿਰ ਚੁੱਕ ਸਕਦੀ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਖੇਤੀ ਕਾਨੂੰਨਾਂ ਨਾਲ ਕਿਸਾਨਾਂ ਵਿੱਚ ਸਖ਼ਤ ਰੋਹ ਤੇ ਗੁੱਸਾ ਪਾਇਆ ਜਾ ਰਿਹਾ ਹੈ ਅਤੇ ਕਿਸਾਨਾਂ ਤੱਕ ਪਹੁੰਚ ਕਰਕੇ ਹਮਦਰਦੀ ਪ੍ਰਗਟਾਉਣ ਅਤੇ ਹਾਈ ਕਮਾਨ ਨੂੰ ਉਨਾਂ ਦੀਆਂ ਚਿੰਤਾਵਾਂ ਬਾਰੇ ਜਾਣੂੰ ਕਰਵਾਉਣ ਦੀ ਬਜਾਏ ਭਾਜਪਾ ਦੀ ਲੀਡਰਸ਼ਿਪ ਸੌੜੇ ਸਿਆਸੀ ਮੁਫਾਦਾਂ ਲਈ 12 ਅਕਤੂਬਰ ਦੀ ਘਟਨਾ ਨੂੰ ਗਲਤ ਰੰਗਤ ਦੇਣ ਦੀ ਕੋਸ਼ਿਸ਼ ਕਰ ਰਹੀ ਹੈ। ਉਨਾਂ ਕਿਹਾ ਕਿ ਅਸ਼ਵਨੀ ਸ਼ਰਮਾ ਵੱਲੋਂ ਝੂਠ ਫੈਲਾਉਣ ਦੀਆਂ ਕੋਸ਼ਿਸ਼ਾਂ ਦੇ ਵਿਰੁੱਧ ਸੂਬਾ ਸਰਕਾਰ ਕਿਸਾਨਾਂ ਦੇ ਪ੍ਰਦਰਸ਼ਨਾਂ ਦੌਰਾਨ ਭਾਜਪਾ ਨੇਤਾਵਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਹਰ ਬਣਦਾ ਕਦਮ ਚੁੱਕ ਰਹੀ ਹੈ। ਉਨਾਂ ਕਿਹਾ ਕਿ 12 ਅਕਤੂਬਰ ਦੀ ਘਟਨਾ ਤੋਂ ਬਾਅਦ ਅਸ਼ਵਨੀ ਸ਼ਰਮਾ ਦਾ ਸੁਰੱਖਿਆ ਪਹਿਰਾ ਵਧਾ ਦਿੱਤਾ ਗਿਆ ਹੈ ਅਤੇ ਕਮਾਂਡੋਆਂ ਸਮੇਤ ਪੰਜਾਬ ਪੁਲਿਸ ਦੇ ਕੁਲ 16 ਜਵਾਨ ਇਸ ਵੇਲੇ ਭਾਜਪਾ ਆਗੂ ਨਾਲ ਤੈਨਾਤ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਇੱਥੋਂ ਤੱਕ ਕਿ ਸੂਬੇ ਵਿੱਚ ਜਦੋਂ ਤੋਂ ਕਿਸਾਨਾਂ ਦਾ ਅੰਦੋਲਨ ਤੇਜ਼ ਹੋਇਆ ਹੈ, ਪਿਛਲੇ 8-10 ਦਿਨਾਂ ਤੋਂ ਸਾਰੇ ਭਾਜਪਾ ਨੇਤਾਵਾਂ ਅਤੇ ਅਹੁਦੇਦਾਰਾਂ ਨੂੰ ਢੁਕਵੀਂ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ। ਉਨਾਂ ਕਿਹਾ ਕਿ ਡੀ.ਜੀ.ਪੀ. ਦਿਨਕਰ ਗੁਪਤਾ ਨਿੱਜੀ ਤੌਰ ’ਤੇ ਸ਼ਰਮਾ ਨਾਲ ਸੰਪਰਕ ਵਿੱਚ ਹਨ ਅਤੇ ਉਨਾਂ ਨੇ ਸਾਰੇ ਜ਼ਿਲਾ ਪੁਲਿਸ ਮੁਖੀਆਂ ਨੂੰ ਵੀ ਹਦਾਇਤ ਕੀਤੀ ਹੈ ਕਿ ਭਾਜਪਾ ਦੇ ਸੰਸਦ ਮੈਂਬਰਾਂ/ਵਿਧਾਇਕਾਂ/ਨੇਤਾਵਾਂ ਦੇ ਦੌਰਿਆਂ ਅਤੇ ਪ੍ਰੋਗਰਾਮਾਂ ਬਾਰੇ ਅਗਾਊਂ ਜਾਣਕਾਰੀ ਲਈ ਉਹ ਭਾਜਪਾ ਨੇਤਾਵਾਂ ਨਾਲ ਸੰਪਰਕ ਕਾਇਮ ਰੱਖਣ।
12 ਅਕਤੂਬਰ ਦੀ ਘਟਨਾ ਬਾਰੇ ਵੇਰਵਾ ਦਿੰਦਿਆਂ ਡੀਜੀਪੀ ਨੇ ਦੱਸਿਆ ਕਿ ਸ਼ਾਮ 7 ਵਜੇ ਦੇ ਕਰੀਬ ਵੱਖ ਵੱਖ ਕਿਸਾਨ ਯੂਨੀਅਨਾਂ ਨਾਲ ਸਬੰਧਤ 25 ਪ੍ਰਦਰਸ਼ਨਕਾਰੀ ਸ਼ਰਮਾ ਦੇ ਗੱਡੀਆਂ ਦੇ ਕਾਫ਼ਲੇ ਸਾਹਮਣੇ ਆਣ ਖੜੇ ਹੋਏ ਅਤੇ ਅਚਾਨਕ ਉਹ ਕਾਲੇ/ਪੀਲੇ ਰੰਗ ਦੇ ਝੰਡੇ ਚੁੱਕੀ ਉਨਾਂ ਦੇ ਪਾਇਲਟ ਸੁਰੱਖਿਆ ਵਾਹਨ ਅਤੇ ਇਨੋਵਾ ਗੱਡੀ ਅੱਗੇ ਆ ਕੇ ਨਾਅਰੇਬਾਜ਼ੀ ਕਰਨ ਲੱਗੇ। ਡੀਜੀਪੀ ਦਿਨਕਰ ਗੁਪਤਾ ਅਨੁਸਾਰ ਇਹ ਪ੍ਰਦਰਸ਼ਨਕਾਰੀ ਤਕਰੀਬਨ 2 ਹਫਤਿਆਂ ਤੋਂ ਐਨਐਚ -1 ’ਤੇ ਪੈਂਦੇ ਚੌਲਾਂਗ ਵਿਖੇ ਟੋਲ ਪਲਾਜ਼ਾ ’ਤੇ ਬੈਠੇ ਸਨ।
ਡੀਜੀਪੀ ਨੇ ਅੱਗੇ ਕਿਹਾ ਕਿ 15-18 ਸੈਕਿੰਡ ਦੇ ਵਿਰੋਧ ਤੋਂ ਬਾਅਦ, ਕਾਫ਼ਲੇ ਵਿਚਲੇ ਦੋਵੇਂ ਵਾਹਨਾਂ ਨੂੰ ਜਾਣ ਦਿੱਤਾ ਗਿਆ ਪਰ ਪ੍ਰਦਰਸ਼ਨਕਾਰੀਆਂ ਵਿੱਚੋਂ ਇਕ ਵਿਅਕਤੀ ਨੇ ਝੰਡੇ ਦੀ ਸੋਟੀ ਨਾਲ ਇਨੋਵਾ ਦੀ ਪਿਛਲੇ ਸ਼ੀਸ਼ੇ ਨੂੰ ਤੋੜ ਦਿੱਤਾ। ਇਸ ਦੌਰਾਨ ਇਨੋਵਾ ਦੇ ਇੱਕ ਪਾਸੇ ਦੀ ਗਲਾਸ ਵਿੰਡੋ ਦਾ ਵੀ ਨੁਕਸਾਨ ਹੋਇਆ। ਸੁਰੱਖਿਆ ਇੰਚਾਰਜ ਏਐਸਆਈ ਹਰੀ ਰਾਮ ਅਤੇ ਪੰਜਾਬ ਪੁਲਿਸ ਦੇ 3 ਕਮਾਂਡੋ ਸਮੇਤ 7 ਤੋਂ ਵੱਧ ਨਿੱਜੀ ਸੁਰੱਖਿਆ ਅਫਸਰ, ਜੋ ਘਟਨਾ ਸਮੇਂ ਸ਼ਰਮਾ ਦੇ ਨਾਲ ਸਨ, ਤੁਰੰਤ ਆਪਣੇ ਵਾਹਨਾਂ ’ਚੋਂ ਉਤਰ ਗਏ ਅਤੇ ਭਾਜਪਾ ਦੇ ਪੰਜਾਬ ਮੁਖੀ ਨੂੰ ਸੁਰੱਖਿਅਤ ਉੱਥੋਂ ਪਰਾਂ ਲੈ ਗਏ। ਉਨਾਂ ਨੂੰ ਦਸੂਹਾ (ਹੁਸ਼ਿਆਰਪੁਰ) ਥਾਣੇ ਲਿਜਾਇਆ ਗਿਆ ਜਿੱਥੇ ਡੀਐਸਪੀ ਟਾਂਡਾ ਅਤੇ ਐਸਐਸਪੀ ਹਸ਼ਿਆਰਪੁਰ ਵੀ ਪਹੰੁਚੇ।
ਏਐਸਆਈ ਹਰੀ ਸਿੰਘ ਅਤੇ ਸ੍ਰੀ ਅਸ਼ਵਨੀ ਸ਼ਰਮਾ ਦੇ ਪੀ.ਐਸ.ਓ. ਦੇ ਬਿਆਨ ’ਤੇ ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਨੈਸ਼ਨਲ ਹਾਈਵੇਜ਼ ਐਕਟ 1956 ਦੀ ਧਾਰਾ 8ਬੀ ਅਤੇ ਆਈ.ਪੀ.ਸੀ ਦੀ ਧਾਰਾ 341, 427, 148, 149, 120 ਬੀ ਤਹਿਤ ਅਪਰਾਧਕ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਅਗਲੇਰੀ ਜਾਂਚ ਜਾਰੀ ਹੈ।    
ਡੀ.ਜੀ.ਪੀ. ਨੇ ਅੱਗੇ ਖੁਲਾਸਾ ਕੀਤਾ ਕਿ ਸ੍ਰੀ ਸ਼ਰਮਾ ਨੇ 12 ਅਕਤੂਬਰ, 2020 ਨੂੰ ਜਲੰਧਰ ਦੇ ਵਿਜੇ ਰਿਜ਼ੌਰਟ ਵਿੱਚ ਭਾਜਪਾ ਦੇ ਸੀਨੀਅਰ ਅਹੁਦੇਦਾਰਾਂ ਦਾ ਇਕ ਪਾਰਟੀ ਸੰਮੇਲਨ ਦਾ ਪ੍ਰੋਗਰਾਮ ਉਲੀਕਿਆ ਸੀ। ਜਲੰਧਰ ਅਤੇ ਕਪੂਰਥਲਾ ਤੋਂ ਵੱਖ-ਵੱਖ ਕਿਸਾਨ ਯੂਨੀਅਨਾਂ ਦੇ ਲਗਭਗ 100 ਪ੍ਰਦਰਸ਼ਨਕਾਰੀ ਨੇਤਾ ਤੇ ਵਰਕਰ ਇਕਦਮ ਉੱਥੇ ਇਕੱਤਰ ਹੋਏ ਅਤੇ ਉਹ ਸਮਾਗਮ ਵਾਲੀ ਥਾਂ ’ਤੇ ਜਾਣਾ ਚਾਹੁੰਦੇ ਸਨ। ਹਾਲਾਂਕਿ, ਜਲੰਧਰ ਪੁਲਿਸ ਜਿਸ ਨੂੰ ਪਿਛਲੀ ਰਾਤ ਨੂੰ ਇਸ ਸੰਮੇਲਨ ਬਾਰੇ ਜਾਣਕਾਰੀ ਪ੍ਰਾਪਤ ਹੋਈ ਸੀ, ਨੇ ਪੁਖਤਾ ਇੰਤਜ਼ਾਮ ਕੀਤੇ ਅਤੇ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਤੈਨਾਤ ਕੀਤੀੇ। ਸੰਮੇਲਨ ਵਾਲੀ ਥਾਂ ’ਤੇ ਬੈਰੀਕੇਡਿੰਗ ਕੀਤੀ ਗਈ ਅਤੇ ਬਦਲਵੇਂ ਰੂਟ ਦੀ ਯੋਜਨਾ ਵੀ ਉਲੀਕੀ ਗਈ ਤਾਂ ਕਿ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਿਆ ਜਾ ਸਕੇ।    

LEAVE A REPLY

Please enter your comment!
Please enter your name here