
ਚੰਡੀਗੜ੍ਹ, 28 ਅਗਸਤ (ਸਾਰਾ ਯਹਾ, ਬਲਜੀਤ ਸ਼ਰਮਾ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ੁੱਕਰਵਾਰ ਨੂੰ ਕੋਵਿਡ ਟੈਸਟਿੰਗ ਲਈ ਅਤਿ ਆਧੁਨਿਕ ਸਹੂਲਤਾਂ ਨਾਲ ਲੈਸ ਕੋਰੋਨਾ ਟੈਸਟਿੰਗ ਮੋਬਾਈਲ ਕਲੀਨਿਕ ਤੇ ਐਬੂਲੈਂਸ ਨੂੰ ਹਰੀ ਝੰਡੀ ਦਿੱਤੀ ਗਈ।ਇਹ ਐਬੂਲੈਂਸ ਸੰਨ ਫਾਊਡੇਸ਼ਨ ਦੇ ਚੇਅਰਮੈਨ ਅਤੇ ਵਿਸ਼ਵ ਪੰਜਾਬੀ ਸੰਸਥਾ ਦੇ ਕੌਮਾਂਤਰੀ ਪ੍ਰਧਾਨ ਵਿਕਰਮਜੀਤ ਸਿੰਘ ਸਾਹਨੀ ਵੱਲੋਂ ਦਾਨ ਕੀਤੀ।
ਮੁੱਖ ਮੰਤਰੀ ਨੂੰ ਮੋਬਾਈਲ ਕਲੀਨਿਕ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਬਾਰੇ ਜਾਣੂ ਕਰਵਾਉਂਦਿਆਂ ਵਿਕਰਮਜੀਤ ਸਿੰਘ ਸਾਹਨੀ ਨੇ ਦੱਸਿਆ ਕਿ ਮੋਬਾਈਲ ਕਲੀਨਿਕ ਵਿੱਚ ਨੱਕ ਅਤੇ ਮੂੰਹ ਰਾਹੀਂ (ਨਾਸੋਫੈਰਨੀਜਲ ਅਤੇ ਓਰੋਫੈਰੈਂਜਲ ਸਵੈਬ) ਟੈਸਟਾਂ ਵਾਲੀ ਬਿਨ੍ਹਾਂ ਸੰਪਰਕ ਵਾਲੀ ਥਰਮਲ ਟੈਸਟਿੰਗ ਹੁੰਦੀ ਹੈ। ਪੂਰੀ ਤਰ੍ਹਾਂ ਏਅਰ ਕੰਡੀਸ਼ਨਡ ਇਸ ਮੋਬਾਈਲ ਯੂਨਿਟ ਵਿਚ ਗੰਭੀਰ ਮਰੀਜ਼ਾਂ ਨੂੰ ਲਿਜਾਣ ਲਈ ਐਂਬੂਲੈਂਸ ਜ਼ੋਨ ਵੀ ਹੈ। ਇਸ ਵਿੱਚ ਮਿਸ਼ਨ ਫਤਿਹ ਪੰਜਾਬ ਦੀ ਪ੍ਰਾਪਤੀ ਲਈ ਖਾਸ ਤੌਰ ‘ਤੇ ਪੇਂਡੂ ਅਤੇ ਅਰਧ-ਸ਼ਹਿਰੀ ਖੇਤਰਾਂ ਵਿੱਚ ਮਰੀਜ਼ਾਂ ਦੇ ਘਰਾਂ ਤੋਂ ਰੋਜ਼ਾਨਾ 1000 ਤੋਂ ਵੱਧ ਨਮੂਨੇ ਲੈਣ ਦੀ ਸਮਰੱਥਾ ਹੈ।

ਮੁੱਖ ਮੰਤਰੀ ਨੇ ਦੱਸਿਆ ਕਿ ਇਹ ਮੋਬਾਈਲ ਟੈਸਟਿੰਗ ਅਜੋਕੇ ਸਮੇਂ ਦੀ ਵੱਡੀ ਲੋੜ ਹੈ ਅਤੇ ਇਹ ਦੂਰ ਦੁਰਾਡੇ ਦੇ ਇਲਾਕਿਆਂ ਨੂੰ ਕਵਰ ਕਰੇਗੀ ਜਿਸ ਨਾਲ ਇਨ੍ਹਾਂ ਇਲਾਕਿਆਂ ਵਿਚ ਵਸਦੇ ਲੋਕਾਂ ਨੂੰ ਟੈਸਟਿੰਗ ਸਹੂਲਤਾਂ ਮੁਹੱਈਆ ਕਰਵਾਉਣਾ ਯਕੀਨੀ ਬਣਾਇਆ ਜਾ ਸਕੇਗਾ ਜੋ ਕੋਵਿਡ-19 ਮਹਾਂਮਾਰੀ ਦੀ ਲੜੀ ਤੋੜਨ ਲਈ ਕੋਵਿਡ ਦੇ ਪਾਜ਼ੇਟਿਵ ਮਰੀਜ਼ਾਂ ਦਾ ਪਤਾ ਲਗਾਉਣ ਲਈ ਬਹੁਤ ਜ਼ਰੂਰੀ ਹੈ।
ਜ਼ਿਕਰਯੋਗ ਹੈ ਕਿ ਇਸ ਸਮੇਂ ਸੂਬਾ ਸਰਕਾਰ ਦੀ ਪ੍ਰਤੀ ਦਿਨ 24000 ਟੈਸਟ ਕਰਵਾਉਣ ਦੀ ਸਮਰੱਥਾ ਹੈ ਅਤੇ ਅਗਲੇ ਹਫ਼ਤੇ ਤੱਕ 30,000 ਟੈਸਟਾਂ ਦਾ ਟੀਚਾ ਮਿੱਥਿਆ ਗਿਆ ਹੈ।
ਇਸ ਮੌਕੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ, ਸਿਹਤ ਵਿਭਾਗ ਦੇ ਪ੍ਰਮੁੱਖ ਸਕੱਤਰ ਹੁਸਨ ਲਾਲ ਅਤੇ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਗੁਰਕੀਰਤ ਕਿ੍ਰਪਾਲ ਸਿੰਘ ਵੀ ਹਾਜ਼ਰ ਸਨ।
