ਚੰਡੀਗੜ੍ਹ, 1 ਅਕਤੂਬਰ (ਸਾਰਾ ਯਹਾਂ/ਮੁੱਖ ਸੰਪਾਦਕ): ਹਰੀਸ਼ ਰਾਵਤ ਵੱਲੋਂ ਆਪਣੇ ਖਿਲਾਫ਼ ਕੀਤੇ ਗਏ ਲਗਾਤਾਰ ਹਮਲੇ ‘ਤੇ ਸਖ਼ਤ ਆਪੱਤੀ ਜਤਾਉਂਦੇ ਹੋਏ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁਕਰਵਾਰ ਨੂੰ ਕਾਂਗਰਸ ਦੇ ਜਨਰਲ ਸਕੱਤਰ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਦੇ ਅਪਮਾਨਜਨਕ ਦਾਅਵਿਆਂ ਤੇ ਆਰੋਪਾਂ ਨੂੰ ਖਾਰਿਜ ਕਰਦਿਆਂ ਕਿਹਾ ਕਿ ਇਹ ਬਿਆਨਬਾਜ਼ੀ ਸਪੱਸ਼ਟ ਰੂਪ ਨਾਲ ਸਾਢੇ ਚਾਰ ਸਾਲ ਦੌਰਾਨ ਹਰ ਚੋਣ ਜਿੱਤਣ ਤੋਂ ਬਾਅਦ ਵੀ ਕਾਂਗਰਸ ਪਾਰਟੀ ਦੀ ਪੰਜਾਬ ਵਿੱਚ ਬਣੀ ਤਰਸਯੋਗ ਹਾਲਤ ਕਾਰਣ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, “ਮੁੱਖ ਮੰਤਰੀ ਦਾ ਅਹੁਦਾ ਛੱਡਣ ਤੋਂ ਤਿੰਨ ਹਫ਼ਤੇ ਪਹਿਲਾਂ ਮੈਂ ਸੋਨੀਆ ਗਾਂਧੀ ਨੂੰ ਆਪਣਾ ਅਸਤੀਫ਼ਾ ਦੇਣ ਦੀ ਪੇਸ਼ਕਸ਼ ਕੀਤੀ ਸੀ ਪਰ ਉਹਨਾਂ ਨੇ ਮੈਨੂੰ ਮੁੱਖ ਮੰਤਰੀ ਦੇ ਅਹੁਦੇ ‘ਤੇ ਬਣੇ ਰਹਿਣ ਲਈ ਕਿਹਾ ਸੀ।” ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਸੀਐਲਪੀ ਦੀ ਮੀਟਿੰਗ ਉਹਨਾਂ ਨੂੰ ਦੱਸੇ ਤੇ ਪੁੱਛੇ ਬਿਨਾਂ ਸੱਦ ਕੇ ਕਾਂਗਰਸ ਨੇ ਉਹਨਾਂ ਦਾ ਅਪਮਾਨ ਕੀਤਾ ਹੈ। “ਪੂਰੀ ਦੁਨੀਆਂ ਨੇ ਕਾਂਗਰਸ ਦੇ ਮੇਰੇ ਪ੍ਰਤੀ ਅਪਮਾਨਜਨਕ ਰਵੱਈਏ ਨੂੰ ਦੇਖਿਆ ਪਰ ਫੇਰ ਵੀ ਰਾਵਤ ਮੇਰੇ ‘ਚੇ ਝੂਠੇ ਇਲਜ਼ਾਮ ਲਗਾ ਰਹੇ ਹਨ।” ਅਗਰ ਇਹ ਅਪਮਾਨ ਨਹੀਂ ਸੀ ਤਾਂ ਹੋਰ ਕੀ ਸੀ? ਰਾਵਤ ਨੂੰ ਖੁਦ ਨੂੰ ਮੇਰੀ ਜਗ੍ਹਾ ਰੱਖਣਾ ਚਾਹੀਦਾ ਹੈ ਤੇ ਫੇਰ ਉਹਨਾਂ ਨੂੰ ਮੇਰੇ ਅਹਿਸਾਸਾਂ ਦਾ ਅਹਿਸਾਸ ਹੋਵੇਗਾ ਤੇ ਜੋ ਅਪਮਾਨ ਮੈਂ ਮਹਿਸੂਸ ਕੀਤਾ ਸ਼ਾਇਦ ਉਹ ਅਪਮਾਨ ਰਾਵਤ ਨੂੰ ਵੀ ਮਹਿਸੂਸ ਹੋਵੇਗਾ।
ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਰਾਵਤ ਨੇ ਖੁਦ ਉਹਨਾਂ ਨਾਲ ਕੀਤੀ ਮੁਲਾਕਾਤ ਤੋਂ ਬਾਅਦ ਕਿਹਾ ਸੀ ਕਿ ਉਹ ਉਹਨਾਂ ਦੇ ਕੰਮ ਤੋਂ ਖੁਸ਼ ਹਨ ਤੇ 2017 ਦੇ ਚੋਣ ਵਾਅਦਿਆਂ ਦੇ ਪੂਰਾ ਹੋਣ ਕਰਕੇ ਉਹਨਾਂ ਦੇ ਸਰਕਾਰ ਚਲਾਉਣ ਦੇ ਤਰੀਕੇ ਤੋਂ ਖੁਸ਼ ਤੇ ਸੰਤੁਸ਼ਟ ਹਨ। ਇੱਥੋਂ ਤੱਕ ਕਿ ਰਾਵਤ ਨੇ 1 ਸਤੰਬਰ ਨੂੰ ਕਿਹਾ ਸੀ ਕਿ ਸਾਲ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਅਧੀਨ ਹੀ ਲੜੀਆਂ ਜਾਣਗੀਆਂ ਤੇ ਹਾਈ ਕਮਾਂਡ ਦਾ ਉਹਨਾਂ ਨੂੰ ਬਦਲਣ ਦਾ ਕੋਈ ਇਰਾਦਾ ਨਹੀਂ ਹੈ। “ਤੇ ਫੇਰ ਹੁਣ ਰਾਵਤ ਇਹ ਕਿਵੇਂ ਕਹਿ ਸਕਦੇ ਹਨ ਕਿ ਪਾਰਟੀ ਲੀਡਰਸ਼ਿਪ ਉਹਨਾਂ ਦੀ ਕਾਰਗੁਜ਼ਾਰੀ ਤੋਂ ਸੰਤੁਸ਼ਟ ਨਹੀਂ ਹੈ ਤੇ ਅਗਰ ਇਹ ਸੱਚ ਹੈ ਤਾਂ ਫੇਰ ਰਾਵਤ ਨੇ ਉਹਨਾਂ ਨੂੰ ਇੰਨਾ ਸਮਾਂ ਧੋਖੇ ਵਿੱਚ ਕਿਉਂ ਰੱਖਿਆ?
ਰਾਵਤ ਦੀ ਇਸ ਟਿੱਪਣੀ ‘ਤੇ ਹੱਸਦੇ ਹੋਏ ਕਿ ਉਹ (ਕੈਪਟਨ ਅਮਰਿੰਦਰ ਸਿੰਘ) ਦਬਾਅ ਵਿੱਚ ਸਨ ਤਾਂ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ ਕੁੱਝ ਮਹੀਨਿਆਂ ਤੋਂ ਮੇਰੇ ‘ਤੇ ਸਿਰਫ਼ ਕਾਂਗਰਸ ਪ੍ਰਤੀ ਮੇਰੀ ਵਫ਼ਾਦਾਰੀ ਦਾ ਦਬਾਅ ਸੀ ਜਿਸ ਕਰਕੇ ਉਹ ਇੰਨੇ ਸਮੇਂ ਤੋਂ ਆਪਣਾ ਅਪਮਾਨ ਬਰਦਾਸ਼ਤ ਕਰ ਰਹੇ ਸਨ। “ਅਗਰ ਪਾਰਟੀ ਦਾ ਇਰਾਦਾ ਮੈਨੂੰ ਬੇਇੱਜ਼ਤ ਕਰਨ ਦਾ ਨਹੀਂ ਸੀ ਤਾਂ ਫੇਰ ਪਾਰਟੀ ਨੇ ਇੰਨੇ ਮਹੀਨਿਆਂ ਤੋਂ ਸਿੱਧੂ ਨੂੰ ਸੋਸ਼ਲ ਮੀਡੀਆ ਤੇ ਹੋਰ ਲੋਕ ਮੰਚਾਂ ‘ਤੇ ਮੇਰੀ ਬੇਇੱਜ਼ਤੀ ਕਰਨ ਦੀ ਇਜਾਜ਼ਤ ਕਿਉਂ ਦਿੱਤੀ? ਪਾਰਟੀ ਨੇ ਸਿੱਧੂ ਦੀ ਅਗਵਾਈ ਵਾਲੇ ਬਾਗੀਆਂ ਨੂੰ ਮੇਰੇ ਅਧਿਕਾਰ ਨੂੰ ਕਮਜ਼ੋਰ ਕਰਨ ਦੀ ਖੁੱਲ੍ਹ ਕਿਉਂ ਦਿੱਤੀ? ਜੇ ਪਾਰਟੀ ਮੇਰੇ ਕੰਮ ਤੋਂ ਇੰਨੀ ਹੀ ਨਾਖੁਸ਼ ਸੀ ਤਾਂ ਸਾਢੇ ਚਾਰ ਸਾਲ ਮੈਨੂੰ ਇਸ ਬਾਰੇ ਕੁੱਝ ਕਿਉਂ ਨਹੀ ਕਿਹਾ?
ਕੈਪਟਨ ਅਮਰਿੰਦਰ ਸਿੰਘ ਨੇ ਪੁੱਛਿਆ ਕਿ ਕਿਉਂ ਕਾਂਗਰਸ ਸਿੱਧੂ ਨੂੰ ਹੁਣ ਵੀ ਪਾਰਟੀ ਨੂੰ ਫਿਰੌਤੀ ਦੇਣ ਤੇ ਤਾਨਾਸ਼ਾਹੀ ਕਰਨ ਦੀ ਇਜਾਜ਼ਤ ਦੇ ਰਹੀ ਹੈ। “ਆਖਿਰ ਪਾਰਟੀ ‘ਤੇ ਸਿੱਧੂ ਨੂੰ ਲੈ ਕੇ ਕਿਸ ਤਰ੍ਹਾਂ ਦਾ ਦਬਾਅ ਹੈ ਕਿ ਉਹ ਨਾ ਤਾਂ ਉਸ ਨੂੰ ਰੋਕ ਪਾ ਰਹੇ ਹਨ ਤੇ ਨਾ ਕੁੱਝ ਕਹਿ ਪਾ ਰਹੇ ਹਨ ਜਿਸ ਨਾਲ ਕਾਂਗਰਸ ਦਾ ਭਵਿੱਖ ਖ਼ਤਰੇ ਵਿੱਚ ਹੈ।
ਆਪਣੀ ਧਰਮ ਨਿਰਪੱਖ ਸਾਖ ਬਾਰੇ ਰਾਵਤ ਦੇ ਬਿਆਨ ‘ਤੇ ਆਪਣੀ ਪ੍ਰਤੀਕ੍ਰਿਆ ਦਿੰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹਨਾਂ ਦੇ ਸਭ ਤੋਂ ਵੱਡੇ ਆਲੋਚਕ ਵੀ ਉਹਨਾਂ ਦੀ ਇਮਾਨਦਾਰੀ ‘ਤੇ ਸ਼ੱਕ ਨਹੀਂ ਕਰਦੇ। ਪਰ ਹੁਣ ਮੈਨੂੰ ਕੋਈ ਹੈਰਾਨੀ ਨਹੀਂ ਹੈ ਕਿ ਹਰੀਸ਼ ਰਾਵਤ ਵਰਗੇ ਸੀਨੀਅਰ ਨੇਤਾ ਮੇਰੇ ਧਰਮ ਨਿਰਪੱਖ ਕਿਰਦਾਰ ‘ਤੇ ਸਵਾਲ ਕਿਉਂ ਚੁੱਕ ਰਹੇ ਹਨ। ਇਸ ਤੋਂ ਸਾਫ਼ ਜ਼ਾਹਰ ਹੈ ਕਿ ਇੰਨੇ ਸਾਲਾਂ ਤੋਂ ਪਾਰਟੀ ਦੀ ਜੋ ਮੈਂ ਸੇਵਾ ਕੀਤੀ ਉਸਨੂੰ ਅੱਖੋਂ ਪਰੋਖੇ ਕਰਕੇ ਪਾਰਟੀ ਮੇਰੇ ‘ਤੇ ਸ਼ੱਕ ਕਰ ਰਹੀ ਹੈ।
ਰਾਵਤ ਦੇ ਇਸ ਇਲਜ਼ਾਮ ਨੂੰ ਸ਼ਰੇਆਮ ਨਕਾਰਦੇ ਹੋਏ ਕਿ ਉਨ੍ਹਾਂ (ਕੈਪਟਨ ਅਮਰਿੰਦਰ) ਨੇ ਚੰਨੀ ਦੇ ਸਹੁੰ ਚੁੱਕਣ ਤੋਂ ਬਾਅਦ ਉਨ੍ਹਾਂ ਨਾਲ ਮਿਲਣ ਤੋਂ ਇਨਕਾਰ ਕਰ ਦਿੱਤਾ ਸੀ, ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਚੰਨੀ ਨੇ ਸਹੁੰ ਚੁੱਕਣ ਤੋਂ ਬਾਅਦ ਉਹਨਾਂ ਨੂੰ ਫ਼ੋਨ ਕੀਤਾ ਸੀ ਤੇ ਉਹਨਾਂ ਨੇ ਮੈਨੂੰ ਮਿਲਣ ਆਉਣਾ ਸੀ ਪਰ ਉਹ ਕਿਸੇ ਕਾਰਣ ਕਰਕੇ ਨਹੀਂ ਆ ਸਕੇ।
ਰਾਵਤ ਦੀਆਂ ਕਾਲਾਂ ਨਾ ਲੈਣ ਬਾਰੇ, ਕੈਪਟਨ ਅਮਰਿੰਦਰ ਨੇ ਕਿਹਾ ਕਿ ਇਹ ਸਭ ਇੱਕ ਹੰਗਾਮਾ ਸੀ। “ਅਸੀਂ ਸੀਐਲਪੀ ਦੀ ਮੀਟਿੰਗ ਬੁਲਾਏ ਜਾਣ ਤੋਂ ਇੱਕ ਦਿਨ ਪਹਿਲਾਂ ਹੀ ਗੱਲ ਕੀਤੀ ਸੀ। ਰਾਵਤ ਨੇ ਇੱਥੋਂ ਤੱਕ ਦਾਅਵਾ ਕੀਤਾ ਕਿ ਉਨ੍ਹਾਂ ਨੇ 43 ਵਿਧਾਇਕਾਂ ਦੁਆਰਾ ਭੇਜਿਆ ਕੋਈ ਵੀ ਪੱਤਰ ਨਹੀਂ ਵੇਖਿਆ। ਸਾਬਕਾ ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਉਹਨਾਂ ਨੂੰ ਬਹੁਤ ਹੈਰਾਨੀ ਹੈ ਕਿ ਰਾਵਤ ਹੁਣ ਝੂਠ ਕਿਉਂ ਬੋਲ ਰਹੇ ਹਨ?
ਕੈਪਟਨ ਅਮਰਿੰਦਰ ਨੇ ਕਿਹਾ ਕਿ ਦੋ ਵਾਰ ਮੁੱਖ ਮੰਤਰੀ ਅਤੇ ਤਿੰਨ ਵਾਰ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਵਜੋਂ ਉਨ੍ਹਾਂ ਨੇ ਪ੍ਰਣਬ ਮੁਖਰਜੀ, ਮੋਤੀ ਲਾਲ ਵੋਹਰਾ, ਮੋਹਸੀਨਾ ਕਿਦਵਾਲੀ, ਮੀਰਾ ਕੁਮਾਰ ਅਤੇ ਸ਼ਕੀਲ ਅਹਿਮਦ ਵਰਗੇ ਪੰਜਾਬ ਦੇ ਕਾਂਗਰਸ ਇੰਚਾਰਜਾਂ ਨਾਲ ਕੰਮ ਕੀਤਾ ਹੈ। “ਮੈਨੂੰ ਉਨ੍ਹਾਂ ਵਿੱਚੋਂ ਕਿਸੇ ਨਾਲ ਕਦੇ ਇੱਕ ਵੀ ਸਮੱਸਿਆ ਨਹੀਂ ਹੋਈ, ਮੈਂ ਰਾਵਤ ਦੇ ਵਿਵਹਾਰ ਅਤੇ ਕਾਰਜਾਂ ਨੂੰ ਸਮਝਣ ਵਿੱਚ ਅਸਫਲ ਰਿਹਾ ਹਾਂ।
ਕੈਪਟਨ ਅਮਰਿੰਦਰ ਨੇ ਰਾਵਤ ਦੀ ਉਨ੍ਹਾਂ ਟਿੱਪਣੀਆਂ ਨੂੰ ਖਾਰਜ ਕਰ ਦਿੱਤਾ ਕਿ ਉਹ ਅਮਿਤ ਸ਼ਾਹ ਨਾਲ ਮੁਲਾਕਾਤ ਤੋਂ ਬਾਅਦ ਕਾਂਗਰਸ ਦੇ ਅਪਮਾਨ ਦੇ ਸਿਧਾਂਤ ਦਾ ਪ੍ਰਚਾਰ ਕਰ ਰਹੇ ਸਨ ਅਤੇ ਕਿਹਾ ਕਿ ਉਨ੍ਹਾਂ ਨੇ ਅਸਤੀਫ਼ੇ ਦੇ ਦਿਨ (ਕੇਂਦਰੀ ਗ੍ਰਹਿ ਮੰਤਰੀ ਨਾਲ ਮੁਲਾਕਾਤ ਤੋਂ ਬਹੁਤ ਪਹਿਲਾਂ) ਸਪੱਸ਼ਟ ਤੌਰ ‘ਤੇ ਕਹਿ ਦਿੱਤਾ ਸੀ ਕਿ ਉਹ ਕਾਂਗਰਸ ਪਾਰਟੀ ਦੁਆਰਾ ਤਿੰਨ ਵਾਰ ਅਪਮਾਨਿਤ ਕੀਤੇ ਗਏ ਸਨ ਜਿਸਨੇ ਉਸਨੂੰ ਦਿੱਲੀ ਵਿੱਚ ਦੋ ਵਾਰ ਅਤੇ ਪਿਛਲੀ ਵਾਰ ਚੰਡੀਗੜ੍ਹ ਵਿੱਚ ਸੀਐਲਪੀ ਦੀਆਂ ਮੀਟਿੰਗਾਂ ਬੁਲਾਉਣ ਤੋਂ ਪਾਸੇ ਕਰ ਦਿੱਤਾ ਸੀ, ਹਾਲਾਂਕਿ ਉਹ ਉਸ ਸਮੇਂ ਸੀਐਲਪੀ ਦੇ ਨੇਤਾ ਸਨ।