
ਚੰਡੀਗੜ, 11 ਅਪ੍ਰੈਲ (ਸਾਰਾ ਯਹਾਂ/ਮੁੱਖ ਸੰਪਾਦਕ) : ਪਰਵਾਸੀ ਕਾਮਿਆਂ ਦੇ ਮਸੀਹਾ ਸੋਨੂ ਸੂਦ, ਜੋ ਭਾਵੇਂ ਖੁਦ ਨੂੰ ਅਜਿਹਾ ਅਖਵਾਉਣ ਤੋਂ ਇਨਕਾਰ ਕਰਦੇ ਹਨ, ਨੇ ਆਪਣੇ ਮੋਢਿਆਂ ਉਤੇ ਨਵੀਂ ਜਿੰਮੇਵਾਰੀ ਚੁੱਕੀ ਹੈ। ਅੱਜ ਤੋਂ ਉਹ ਕੋਵਿਡ ਟੀਕਾਕਰਨ ਮੁਹਿੰਮ ਲਈ ਪੰਜਾਬ ਸਰਕਾਰ ਦੇ ਬਰਾਂਡ ਐਬੰਸਡਰ ਬਣ ਗਏ ਹਨ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸੋਨੂ ਸੂਦ ਨਾਲ ਮੀਟਿੰਗ ਤੋਂ ਬਾਅਦ ਇਹ ਐਲਾਨ ਕੀਤਾ। ਸੋਨੂ ਸੂਦ ਨੇ ਮੁੱਖ ਮੰਤਰੀ ਨਾਲ ਉਨਾਂ ਦੀ ਰਿਹਾਇਸ਼ ਉਤੇ ਮੁਲਾਕਾਤ ਕੀਤੀ।
ਮੁੱਖ ਮੰਤਰੀ ਨੇ ਕਿਹਾ,”ਲੋਕਾਂ ਨੂੰ ਕੋਵਿਡ ਵੈਕਸੀਨ ਲੈਣ ਲਈ ਪ੍ਰੇਰਿਤ ਅਤੇ ਪ੍ਰਭਾਵਿਤ ਕਰਨ ਲਈ ਆਦਰਸ਼ਿਕ ਤੌਰ ਉਤੇ ਕੋਈ ਹੋਰ ਸ਼ਖਸੀਅਤ ਨਹੀਂ ਹੋ ਸਕਦੀ। ਪੰਜਾਬ ਵਿਚ ਵੈਕਸੀਨ ਪ੍ਰਤੀ ਲੋਕਾਂ ਦਰਮਿਆਨ ਬਹੁਤ ਹਿਚਕਚਾਹਟ ਹੈ। ਸੋਨੂ ਦੀ ਲੋਕਾਂ ਦਰਿਮਆਨ ਮਕਬੂਲੀਅਤ ਅਤੇ ਬੀਤੇ ਸਾਲ ਮਹਾਂਮਾਰੀ ਫੈਲਣ ਦੇ ਵੇਲੇ ਤੋਂ ਲੈ ਕੇ ਹਜਾਰਾਂ ਪਰਵਾਸੀ ਕਾਮਿਆਂ ਨੂੰ ਸੁਰੱਖਿਅਤ ਘਰ ਪਹੁੰਚਾਉਣ ਵਿਚ ਮਦਦ ਕਰਕੇ ਪਾਏ ਗਏ ਮਿਸਾਲੀ ਯੋਗਦਾਨ ਸਦਕਾ ਉਹ ਲੋਕਾਂ ਦੇ ਵੈਕਸੀਨ ਪ੍ਰਤੀ ਸ਼ੰਕੇ ਦੂਰ ਕਰਨਗੇ।“
ਉਨਾਂ ਕਿਹਾ,”ਜਦੋਂ ਲੋਕ ਵੈਕਸੀਨ ਦੇ ਫਾਇਦੇ ਬਾਰੇ ਪੰਜਾਬ ਦੇ ਪੁੱਤਰ ਤੋਂ ਇਹ ਸੁਣਨਗੇ ਕਿ ਵੈਕਸੀਨ ਕਿੰਨੀ ਸੁਰੱਖਿਅਤ ਅਤੇ ਜਰੂਰੀ ਹੈ ਤਾਂ ਉਹ ਵਿਸ਼ਵਾਸ ਕਰਨਗੇ ਕਿਉਂਕਿ ਲੋਕ ਉਨਾਂ ਉਪਰ ਭਰੋਸਾ ਕਰਦੇ ਹਨ।“

ਸੋਨੂ ਸੂਦ ਨੇ ਕਿਹਾ ਕਿ ਜੀਵਨ ਬਚਾਉਣ ਵਾਲੀ ਇਸ ਵੈਕਸੀਨ ਲਈ ਬਰਾਂਡ ਐਬੰਸਡਰ ਨਿਯੁਕਤ ਹੋਣ ਉਤੇ ਉਹ ਖੁਸ਼ੀ ਅਤੇ ਮਾਣ ਮਹਿਸੂਸ ਕਰਦੇ ਹਨ। ਉਨਾਂ ਕਿਹਾ,”ਮੇਰੇ ਗ੍ਰਹਿ ਸੂਬੇ ਦੇ ਲੋਕਾਂ ਦੀਆਂ ਜਿੰਦਗੀਆਂ ਦੀ ਸੁਰੱਖਿਆ ਲਈ ਪੰਜਾਬ ਸਰਕਾਰ ਦੀ ਇਸ ਵਿਆਪਕ ਮੁਹਿੰਮ ਦਾ ਹਿੱਸਾ ਬਣਨ ਉਤੇ ਆਪਣੇ ਆਪ ਨੂੰ ਭਾਗਾਂ ਵਾਲਾ ਸਮਝਦੇ ਹਨ।“
ਇਸ ਮੌਕੇ ਸੋਨੂ ਸੂਦ ਨੇ ਮੁੱਖ ਮੰਤਰੀ ਨੂੰ ਆਪਣੀ ਕਿਤਾਬ ‘ਆਈ ਐਮ ਨੋ ਮਸੀਹਾ’ ਵੀ ਭੇਟ ਕੀਤੀ ਜਿਸ ਬਾਰੇ ਉਨਾਂ ਦੱਸਿਆ ਕਿ ਇਸ ਵਿਚ ਮੋਗਾ ਤੋਂ ਮੁੰਬਈ ਤੱਕ ਦੇ ਤਜਰਬਿਆਂ ਨੂੰ ਕਲਮਬੰਦ ਕੀਤਾ ਗਿਆ ਹੈ। ਉਨਾਂ ਕਿਹਾ,”ਮੈਂ ਸੱਚਮੁੱਚ ਕਹਿੰਦਾ ਹਾਂ ਕਿ ਮੈਂ ਕੋਈ ਰੱਖਿਅਕ ਨਹੀਂ ਹਾਂ। ਮੈਂ ਇਕ ਸਧਾਰਨ ਇਨਸਾਨ ਹਾਂ ਜੋ ਪਰਮਾਤਮਾ ਦੀਆਂ ਵੱਡੀਆਂ ਯੋਜਨਾਵਾਂ ਵਿਚ ਆਪਣੀ ਤਰਫੋਂ ਨਿਗੂਣਾ ਜਿਹਾ ਯੋਗਦਾਨ ਪਾ ਰਿਹਾ ਹੈ। ਇਸ ਦੌਰਾਨ ਜੇਕਰ ਮੈਂ ਕਿਸੇ ਵੀ ਢੰਗ ਨਾਲ ਕਿਸੇ ਇਨਸਾਨ ਦੇ ਜੀਵਨ ਨੂੰ ਬਿਹਤਰ ਬਣਾ ਸਕਿਆ ਤਾਂ ਇਸ ਲਈ ਮੈਂ ਇਹੀ ਕਹਿ ਸਕਦਾਂ ਹਾਂ ਕਿ ਮੇਰੇ ਉਤੇ ਅਕਾਲ ਪੁਰਖ ਦੀ ਮਿਹਰ ਹੈ ਜੋ ਮੈਨੂੰ ਆਪਣੀ ਡਿਊਟੀ ਨਿਭਾਉਣ ਵਿਚ ਮੇਰਾ ਮਾਰਗ ਦਰਸ਼ਨ ਕਰ ਰਹੇ ਹਨ।“
