
ਚੰਡੀਗੜ੍ਹ, 10 ਮਈ (ਸਾਰਾ ਯਹਾਂ/ ਮੁੱਖ ਸੰਪਾਦਕ ) : ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਦੁਹਰਾਇਆ ਕਿ ਪੰਜਾਬ, ਦੇਸ਼ ਦੀ ਏਕਤਾ ਅਤੇ ਅਖੰਡਤਾ ਦੇ ਖ਼ਿਲਾਫ਼ ਹੋਣ ਵਾਲੀਆਂ ਦੁਸ਼ਮਣ ਤਾਕਤਾਂ ਤੋਂ ਲਗਾਤਾਰ ਖ਼ਤਰੇ ਵਿੱਚ ਹੈ ਅਤੇ ਇਸ ਖਤਰੇ ਨੂੰ ਨੱਥ ਪਾਉਣ ਲਈ ਇਕਜੁੱਟਤਾ, ਤਾਲਮੇਲ ਅਤੇ ਮਜ਼ਬੂਤ ਯਤਨ ਕਰਨ ਦੀ ਲੋੜ ਹੈ।
ਸੋਮਵਾਰ ਸ਼ਾਮ ਨੂੰ ਮੋਹਾਲੀ ਵਿੱਚ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਹੈੱਡਕੁਆਰਟਰ ‘ਤੇ ਹੋਏ ਅੱਤਵਾਦੀ ਹਮਲੇ ‘ਤੇ ਪ੍ਰਤੀਕਿਰਿਆ ਦਿੰਦੇ ਹੋਏ, ਉਨ੍ਹਾਂ ਨੇ ਕਿਹਾ, ਇਹ ਪਿਛਲੇ ਕੁਝ ਦਿਨਾਂ ਦੌਰਾਨ ਆਰਡੀਐਕਸ ਜ਼ਬਤ ਹੋਣ, ਡਰੋਨ ਰਾਹੀਂ ਭੇਜੇ ਗਏ ਨਸ਼ੀਲੇ ਪਦਾਰਥਾਂ ਜ਼ਬਤ ਹੋਣ ਅਤੇ ਕੁਝ ਸ਼ੱਕੀਆਂ ਦੀ ਗ੍ਰਿਫਤਾਰੀ ਵਰਗੀਆਂ ਤਾਜ਼ਾ ਘਟਨਾਵਾਂ ਦੀ ਲੜੀ ਦਾ ਹੀ ਹਿੱਸਾ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਪਾਕਿਸਤਾਨ ਦੀ ਆਈਐਸਆਈ ਦੇ ਮਨਸੂਬਿਆਂ ਵਿਰੁੱਧ ਚੇਤਾਵਨੀ ਦਿੰਦਿਆਂ ਕਿਹਾ ਕਿ ਪਾਕਿਸਤਾਨ ਨੇ ਪੰਜਾਬ ਬਾਰੇ ਆਪਣੇ ਇਰਾਦਿਆਂ ਨੂੰ ਕਦੇ ਨਹੀਂ ਛੱਡਿਆ ਅਤੇ ਜੋ ਵੀ ਮੌਕਾ ਮਿਲੇਗਾ ਉਸ ਦਾ ਉਹ ਹਮੇਸ਼ਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰੇਗਾ। ਉਨ੍ਹਾਂ ਨੇ ਆਈਐਸਆਈ ਦੁਆਰਾ ਵਿਨਾਸ਼ਕਾਰੀ ਗਤੀਵਿਧੀਆਂ ਲਈ ਅਪਰਾਧੀਆਂ ਅਤੇ ਗੈਂਗਸਟਰਾਂ ਨੂੰ ਆਪਣੇ ਜਾਲ ਵਿੱਚ ਫਸਾਉਣ ਦੇ ਪ੍ਰਬੰਧਾ ‘ਤੇ ਵੀ ਚਿੰਤਾ ਜ਼ਾਹਰ ਕੀਤੀ। ਉਨ੍ਹਾਂ ਨੇ ਦੱਸਿਆ ਕਿ ਇੱਥੇ ਹੋਰ ਹਥਿਆਰ ਆਉਣ ਅਤੇ ਹੋਰ ਲੋਕਾਂ ਦੇ ਇਸ ਪੰਜਾਬ ਵਿਰੋਧੀ ਜਾਲ ਵਿੱਚ ਸ਼ਾਮਲ ਹੋਣ ਦੀ ਸੰਭਾਵਨਾ ਹੈ, ਜਿਨ੍ਹਾਂ ਦੀ ਪਛਾਣ ਕਰਨ ਦੀ ਲੋੜ ਹੈ।
ਸਾਬਕਾ ਮੁੱਖ ਮੰਤਰੀ ਨੇ ਪੰਜਾਬ ਦੀ ਨਵੀਂ ਸਰਕਾਰ ਦੀ ‘ਅਣਤਜਰਬੇਕਾਰਤਾ’ ਵਿਰੁੱਧ ਵੀ ਸੁਚੇਤ ਕੀਤਾ ਅਤੇ ਇਸ ਨੂੰ ਕੇਂਦਰ ਸਰਕਾਰ ਅਤੇ ਵੱਖ-ਵੱਖ ਸੁਰੱਖਿਆ ਏਜੰਸੀਆਂ ਨਾਲ ਤਾਲਮੇਲ ਕਰਨ ਦੀ ਅਪੀਲ ਕੀਤੀ। “ਸੂਬਾ ਸਰਕਾਰ ਨੂੰ ਹਰ ਸੰਭਵ ਕਦਮ ਚੁੱਕਣਾ ਚਾਹੀਦਾ ਹੈ ਅਤੇ ਪੰਜਾਬ ਨੂੰ ਬਚਾਉਣ ਲਈ ਹਰ ਕਿਸੇ ਦਾ ਸਹਿਯੋਗ ਲੈਣਾ ਚਾਹੀਦਾ ਹੈ”, ਉਨ੍ਹਾਂ ਕਿਹਾ, “ਪੰਜਾਬ ਪਹਿਲਾਂ ਹੀ ਭਾਰੀ ਕੀਮਤ ਚੁਕਾਉਣ ਤੋਂ ਬਾਅਦ ਹੁਣ ਗੜਬੜ ਦੇ ਇੱਕ ਹੋਰ ਪੜਾਅ ਨੂੰ ਬਰਦਾਸ਼ਤ ਨਹੀਂ ਕਰ ਸਕਦਾ”।
ਕੈਪਟਨ ਅਮਰਿੰਦਰ ਨੇ ਅਫਸੋਸ ਜ਼ਾਹਰ ਕੀਤਾ ਕਿ ਜਦੋਂ ਪਿਛਲੇ ਸਮੇਂ ਵਿੱਚ ਉਹ ਸਰਹੱਦ ਪਾਰ ਤੋਂ ਆਤੰਕਵਾਦੀ ਸਮੂਹਾਂ ਦੇ ਖਤਰਿਆਂ ਵਿਰੁੱਧ ਲਗਾਤਾਰ ਚੇਤਾਵਨੀ ਦਿੰਦੇ ਰਹੇ ਸਨ, ਤਾਂ ਕਾਂਗਰਸ ਪਾਰਟੀ ਦੇ ਕੁਝ ਆਗੂ ਇਸ ਨੂੰ ਗੈਰ-ਜ਼ਿੰਮੇਵਾਰਾਨਾ ਢੰਗ ਨਾਲ ਖਾਰਜ ਕਰ ਰਹੇ ਸਨ। “ਉਮੀਦ ਕਰਦੇ ਹਾਂ ਕਿ ਮੁੱਖ ਮੰਤਰੀ ਭਗਵੰਤ ਮਾਨ ਇਸ ਧਮਕੀ ਨੂੰ ਗੰਭੀਰਤਾ ਨਾਲ ਲੈਣਗੇ ਅਤੇ ਇਹ ਯਕੀਨੀ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕਰਨਗੇ ਕਿ ਕੋਈ ਵੀ ਸਾਡੇ ਵੱਲ ਬੁਰੀ ਨਜ਼ਰ ਰੱਖਣ ਦੀ ਹਿੰਮਤ ਨਾ ਕਰੇ”, ਉਨ੍ਹਾਂ ਨੇ ਅੱਤਵਾਦ ਨਾਲ ਨਜਿੱਠਣ ਲਈ ਸਰਕਾਰ ਨੂੰ ਹਰ ਸੰਭਵ ਸਹਾਇਤਾ ਅਤੇ ਸਹਿਯੋਗ ਦਾ ਭਰੋਸਾ ਦਿੰਦੇ ਹੋਏ ਕਿਹਾ।
