
ਪਟਿਆਲਾ, 31 ਜਨਵਰੀ (ਸਾਰਾ ਯਹਾਂ/ ਮੁੱਖ ਸੰਪਾਦਕ ) : ਪੰਜਾਬ ਲੋਕ ਕਾਂਗਰਸ (ਪੀ.ਐਲ.ਸੀ.) ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਆਪਣੇ ਪਾਰਟੀ ਵਰਕਰਾਂ ਨੂੰ ਕਮਰ ਕੱਸਣ ਦਾ ਸੱਦਾ ਦਿੰਦਿਆਂ ਪੰਜਾਬ ਦੇ ਭਵਿੱਖ ਨੂੰ ਨਾਪਾਕ ਸਵਾਰਥਾਂ ਤੋਂ ਬਚਾਉਣ ਲਈ ਆਪਣੀ ਪਾਰਟੀ ਦਾ ਚੋਣ ਬਿਗਲ ਵਜਾਇਆ। ਉਨ੍ਹਾਂ ਕਾਂਗਰਸ ‘ਤੇ ਨਿਸ਼ਾਨਾ ਸੇਧਦਿਆਂ ਦੋਸ਼ ਲਗਾਇਆ ਕਿ ਕਾਂਗਰਸ ਓਹਨਾਂ
ਦੀ ਸਰਕਾਰ ਦੀਆਂ ਸਾਢੇ ਚਾਰ ਸਾਲਾਂ ਦੀਆਂ ਪ੍ਰਾਪਤੀਆਂ ‘ਤੇ ਵਿਧਾਨ ਸਭਾ ਚੋਣਾਂ ਲੜ ਰਹੀ ਹੈ।
ਪਟਿਆਲਾ ਸ਼ਹਿਰੀ ਤੋਂ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਬਾਅਦ ਪੀਐੱਲਸੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਸਾਬਕਾ ਮੁੱਖ ਮੰਤਰੀ ਨੇ ਚਰਨਜੀਤ ਚੰਨੀ ਵੱਲੋਂ ਕਾਂਗਰਸ ਦੇ ਵਾਅਦਿਆਂ ਨੂੰ 111 ਦਿਨਾਂ ਵਿੱਚ ਪੂਰਾ ਕਰਨ ਦੀ ਨਿੱਜੀ ਪ੍ਰਾਪਤੀ ਦੇ ਵੱਡੇ ਦਾਅਵਿਆਂ ਨੂੰ ਰੱਦ ਕਰਦਿਆਂ ਕਿਹਾ ਕਿ ਚਾਹੇ ਓਹ ਨੌਕਰੀਆਂ ਦੀ ਭਰਤੀ ਹੋਵੇ, ਜਾਂ ਸਮਾਜਿਕ ਭਲਾਈ ਸਕੀਮਾਂ, ਔਰਤਾਂ ਲਈ ਮੁਫਤ ਬੱਸ ਯਾਤਰਾ ਅਤੇ ਕਿਸਾਨਾਂ ਦੀ ਕਰਜ਼ਾ ਮੁਆਫੀ ਸਮੇਤ ਜੋ ਵੀ ਦਾਅਵਾ ਚੰਨੀ ਨੇ ਕੀਤਾ ਉਹ ਸਭ ਕੈਪਟਨ ਸਰਕਾਰ ਨੇ ਪੂਰਾ ਕੀਤਾ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਉਨ੍ਹਾਂ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਉਣ ਦੇ ਬਹਾਨੇ ਵਜੋਂ ਜੋ ਬੇਅਦਬੀ ਅਤੇ ਨਸ਼ਿਆਂ ਦੇ ਮਾਮਲਿਆਂ ਵਿੱਚ ਅਸਫਲ ਰਹਿਣ ਦੇ ਦੋਸ਼ ਲੱਗੇ ਸਨ, ਇਹ ਉਨ੍ਹਾਂ ਦੀ ਸਰਕਾਰ ਹੀ ਸੀ ਜਿਸ ਨੇ ਇਹਨਾਂ ਮਸਲਿਆਂ ਨੂੰ ਪੂਰੇ ਚੜ੍ਹਾਉਣ ਲਈ ਕਰੜੇ ਕਦਮ ਚੁੱਕੇ ਸਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਸਰਕਾਰ ਨੇ ਸੀਬੀਆਈ ਤੋਂ ਬੇਅਦਬੀ ਦੇ ਮਾਮਲਿਆਂ ਨੂੰ ਵਾਪਸ ਲੈਣ ਲਈ ਸੁਪਰੀਮ ਕੋਰਟ ਤੱਕ ਸਖ਼ਤ ਲੜਾਈ ਲੜੀ ਸੀ, ਜਿਸ ਕਾਰਨ ਸਾਬਕਾ ਡੀਜੀਪੀ ਸੁਮੇਧ ਸੈਣੀ ਸਮੇਤ 19 ਅਧਿਕਾਰੀਆਂ ਖ਼ਿਲਾਫ਼ ਕੇਸ ਦਰਜ ਕੀਤੇ ਗਏ ਸਨ।
ਪੀਐਲਸੀ ਨੇਤਾ ਨੇ ਜ਼ਾਹਿਰ ਕੀਤਾ ਕਿ ਜਿਥੋਂ ਤੱਕ ਨਸ਼ਿਆਂ ਦਾ ਸਵਾਲ ਹੈ ਇਹ ਉਨ੍ਹਾਂ ਦੀ ਸਰਕਾਰ ਹੀ ਸੀ ਜਿਸ ਨੇ ਡਰੱਗ ਮਾਫੀਆ ਦੀ ਰੀੜ੍ਹ ਦੀ ਹੱਡੀ ਤੋੜੀ ਦਿੱਤੀ ਸੀ, ਜਿਸ ਤਹਿਤ ਵੱਡੇ ਚਿਹਰੇ ਬੇਨਕਾਬ ਹੋਏ ਸਨ ਅਤੇ 40,000 ਤੋਂ ਵੱਧ ਗ੍ਰਿਫਤਾਰੀਆਂ ਕੀਤੀਆਂ ਗਈਆਂ ਸਨ। ਓਹਨਾਂ ਕਿਹਾ ਕਿ ਇਹ ਜ਼ਰੂਰ ਮੰਨਣਾ ਭੋਲਾਪਣ ਹੋਵੇਗਾ ਕਿ ਸੰਸਾਰ ਵਿੱਚ ਕਿਤੇ ਵੀ ਨਸ਼ਿਆਂ ਦਾ ਪੂਰੀ ਤਰਾਂ ਸਫਾਇਆ ਕੀਤਾ ਜਾ ਸਕਦਾ ਹੈ, ਅਤੇ ਉਹ ਵੀ ਪੰਜਾਬ ਵਰਗੇ ਸਰਹੱਦੀ ਰਾਜ ਵਿੱਚ ਜਿੱਥੇ ਪਾਕਿਸਤਾਨ ਲਗਭਗ ਹਰ ਰੋਜ਼ ਨਸ਼ੇ ਤਸਕਰ ਕਰ ਰਿਹਾ ਹੈ।
ਉਨ੍ਹਾਂ ਨੇ ਕਿਸਾਨੀ ਅੰਦੋਲਨ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਕਿਸਾਨਾਂ ਨੂੰ ਓਹਨਾ ਨੇ ਸਪੱਸ਼ਟ ਸਮਰਥਨ ਦਿੱਤਾ ਸੀ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਰਾਜ ਭਰ ਵਿੱਚ 137 ਥਾਵਾਂ ‘ਤੇ ਨਾਕਾਬੰਦੀ ਦੇ ਬਾਵਜੂਦ ਉਨ੍ਹਾਂ ਦੀ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ ਕਿਉਂਕਿ ਉਹ ਕਿਸਾਨਾਂ ਦੀਆਂ ਚਿੰਤਾਵਾਂ ਤੋਂ ਜਾਣੂ ਸਨ। ਖੇਤੀ ਕਾਨੂੰਨਾਂ ਦੇ ਅੰਤਮ ਤੌਰ ‘ਤੇ ਰੱਦ ਕੀਤੇ ਜਾਣ ਦੀ ਸ਼ਲਾਘਾ ਕਰਦੇ ਹੋਏ, ਓਹਨਾਂ ਕਿਹਾ ਕਿ ਅਜਿਹਾ ਪਹਿਲਾਂ ਕਦੇ ਨਹੀਂ ਹੋਇਆ ਕਿ ਕਿਸੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕਿਸੇ ਨੀਤੀਗਤ ਫੈਸਲੇ ਲਈ ਮੁਆਫੀ ਮੰਗੀ ਹੋਵੇ ਜਿਵੇਂ ਕਿ ਪ੍ਰਧਾਨ ਮੰਤਰੀ ਮੋਦੀ ਦੁਆਰਾ ਕਾਨੂੰਨਾਂ ਨੂੰ ਵਾਪਸ ਲੈਣ ਵੇਲੇ ਕੀਤਾ ਗਿਆ ਸੀ।
ਸਾਬਕਾ ਮੁੱਖ ਮੰਤਰੀ ਨੇ ਵਾਅਦਾ ਕਰਦਿਆਂ ਕਿਹਾ ਕਿ ਪੀ.ਐੱਲ.ਸੀ ਸਹਿਯੋਗੀ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ ਸਮਰਥਨ ਨਾਲ ਓਹ ਪੰਜਾਬ ਦਾ ਚਿਹਰਾ ਬਦਲ ਦੇਣਗੇ। ਓਹਨਾਂ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਘੱਟੋ-ਘੱਟ ਇੱਕ ਹੋਰ ਕਾਰਜਕਾਲ ਲਈ ਕੇਂਦਰ ਵਿੱਚ ਬਣੇ ਰਹਿਣ ਦੇ ਸਮਰੱਥ ਹੈ ਅਤੇ ਅਗਲੇ ਸੱਤ ਸਾਲਾਂ ਵਿੱਚ, ਪੀ.ਐਲ.ਸੀ ਦੇ ਸੱਤਾ ਵਿੱਚ ਆਉਣ ‘ਤੇ ਭਾਜਪਾ ਦਾ ਸਮਰਥਨ ਪੰਜਾਬ ਨੂੰ ਇੱਕ ਚੰਗੀ ਦਿਸ਼ਾ ਵੱਲ ਬਦਲ ਸਕਦਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਦੀ ਆਰਥਿਕਤਾ ਬਹੁਤ ਬੁਰੀ ਹਾਲਤ ਵਿੱਚ ਹੈ, ਪੰਜਾਬ ਬਹੁਤ ਭਾਰੀ ਕਰਜ਼ੇ ਹੇਠ ਦੱਬਿਆ ਹੋਇਆ ਹੈ, ਅਤੇ ਸੂਬੇ ਨੂੰ ਕੇਂਦਰ ਤੋਂ ਵਿੱਤੀ ਸਹਾਇਤਾ ਦੀ ਸਖ਼ਤ ਲੋੜ ਹੈ। ਓਹਨਾਂ ਕਿਹਾ ਕਿ ਸੂਬੇ ਦੇ ਵਿਦਿਆਰਥੀਆਂ, ਨੌਜਵਾਨਾਂ, ਕਿਸਾਨਾਂ ਅਤੇ ਹੋਰਾਂ ਦਾ ਭਵਿੱਖ ਦਾਅ ‘ਤੇ ਹੈ ਅਤੇ ਸੂਬੇ ਨੂੰ ਕੇਂਦਰ ਨਾਲ ਨਜ਼ਦੀਕੀ ਤਾਲਮੇਲ ਦੀ ਲੋੜ ਹੈ।
ਕੈਪਟਨ ਨੇ ਕਿਹਾ ਕਿ ਓਹਨਾਂ ਦੀ ਸਰਕਾਰ ਨੇ 22 ਲੱਖ ਨੌਕਰੀਆਂ ਦਿੱਤੀਆਂ, ਸਿੱਖਿਆ ਦਾ ਮਿਆਰ ਉੱਚਾ ਚੁੱਕਿਆ ਅਤੇ ਸਾਢੇ 4 ਸਾਲਾਂ ਵਿੱਚ ਸੂਬੇ ਨੂੰ 1 ਲੱਖ ਕਰੋੜ ਰੁਪਏ ਦਾ ਨਵਾਂ ਉਦਯੋਗਿਕ ਨਿਵੇਸ਼ ਮਿਲਿਆ, ਪਰ ਓਹਨਾਂ ਨਾਲ ਹੀ ਕਿਹਾ ਕਿ ਪੰਜਾਬ ਨੂੰ ਦੇਸ਼ ਵਿੱਚ ਪਹਿਲੇ ਨੰਬਰ ‘ਤੇ ਲਿਆਉਣ ਲਈ ਹੋਰ ਵੀ ਬਹੁਤ ਕੁਝ ਕਰਨ ਦੀ ਲੋੜ ਹੈ।
ਪਟਿਆਲਾ ਵਿੱਚ ਆਪਣੇ ਪਾਰਟੀ ਦਫ਼ਤਰ ਦਾ ਉਦਘਾਟਨ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪਹਿਲਾਂ ਵਾਂਗ ਹੀ ਉਹ ਇਸ ਸੀਟ ਦੀ ਲੜਾਈ ਇੱਥੋਂ ਦੇ ਵਰਕਰਾਂ ਉੱਤੇ ਹੀ ਛੱਡ ਰਹੇ ਹਨ ਤਾਂ ਜੋ ਉਹ ਸੂਬੇ ਦੇ ਹੋਰਨਾਂ ਹਿੱਸਿਆਂ ਵਿੱਚ ਪੀਐੱਲਸੀ ਅਤੇ ਸਹਿਯੋਗੀਆਂ ਲਈ ਲੜਾਈ ਲੜ ਸਕਣ।
ਇਸ ਤੋਂ ਪਹਿਲਾਂ, ਕੇਂਦਰੀ ਮੰਤਰੀ ਅਤੇ ਪੰਜਾਬ ਲਈ ਭਾਜਪਾ ਦੇ ਚੋਣ ਇੰਚਾਰਜ ਗਜੇਂਦਰ ਸਿੰਘ ਸ਼ੇਖਾਵਤ, ਜੋ ਕਿ ਨਾਮਜ਼ਦਗੀ ਪੱਤਰ ਦਾਖਲ ਕਰਨ ਸਮੇਂ ਕੈਪਟਨ ਅਮਰਿੰਦਰ ਦੇ ਨਾਲ ਸਨ, ਨੇ ਜ਼ੋਰ ਦੇ ਕੇ ਕਿਹਾ ਕਿ ਭਾਜਪਾ-ਪੀਐਲਸੀ ਗਠਜੋੜ ਪਟਿਆਲਾ ਸਮੇਤ ਸਾਰੀਆਂ 117 ਸੀਟਾਂ ‘ਤੇ ਇਤਿਹਾਸ ਰਚੇਗਾ ਕਿਉਂਕਿ ਪੰਜਾਬ ਦੇ ਲੋਕਾਂ ਲਈ ਰਾਜ ਦੀ ਅਤੇ ਦੇਸ਼ ਦੀ ਸੁੱਰਖਿਆ ਸਭ ਤੋਂ ਉੱਪਰ ਹੈ।
—————–
