*ਕੈਪਟਨ ਅਮਰਿੰਦਰ ਦੀ ‘ਫੌਜ’ ਨੂੰ ਨਵੇਂ ਕਪਤਾਨ ਚਰਨਜੀਤ ਚੰਨੀ ਦਾ ਵੱਡਾ ਝਟਕਾ*

0
223

ਚੰਡੀਗੜ੍ਹ: (ਸਾਰਾ ਯਹਾਂ) ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਚੰਨੀ ਦਾ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹਿਤੈਸ਼ੀਆਂ ਖਿਲਾਫ ਐਕਸ਼ਨ ਜਾਰੀ ਹੈ। ਹੁਣ ਝਟਕਾ ਕੈਪਟਨ ਦੇ ਸਲਾਹਕਾਰਾਂ ਤੇ ਵਿਸ਼ੇਸ਼ ਕਾਰਜ ਸਾਧਕ ਅਫ਼ਸਰਾਂ (ਓਐਸਡੀਜ਼) ਨੂੰ ਦਿੱਤਾ ਗਿਆ ਹੈ। ਪੰਜਾਬ ਪੁਲਿਸ ਨੇ ਉਨ੍ਹਾਂ ਨਾਲ ਤਾਇਨਾਤ ਸੁਰੱਖਿਆ ਕਰਮਚਾਰੀਆਂ ਨੂੰ ਤੁਰੰਤ ਵਾਪਸ ਬੁਲਾਉਣ ਦੇ ਹੁਕਮ ਦਿੱਤੇ ਹਨ।

ਦੱਸ ਦਈਏ ਕਿ ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਦੇ ਖਾਸ ਰਹੇ ਕਈ ਸਿਆਸਤਦਾਨਾਂ ਤੇ ਅਫਸਰਾਂ ਨੂੰ ਕੁਰਸੀ ਗਵਾਉਣੀ ਪਈ ਹੈ। ਇਹ ਸਿਲਸਿਲਾ ਲਗਾਤਾਰ ਜਾਰੀ ਹੈ। ਸੂਤਰਾਂ ਮੁਤਾਬਕ ਦੋ ਦਿਨ ਪਹਿਲਾਂ ਮੰਤਰੀ ਮੰਡਲ ਦੀ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਚਰਨਜੀਤ ਚੰਨੀ ਤੇ ਹੋਰਨਾਂ ਮੰਤਰੀਆਂ ਨੇ ਸੂਬੇ ਦੇ ਡੀਜੀਪੀ ਇਕਬਾਲਪ੍ਰੀਤ ਸਿੰਘ ਸਹੋਤਾ ਨੂੰ ਮੀਟਿੰਗ ’ਚ ਬੁਲਾ ਕੇ ਸਾਬਕਾ ਮੁੱਖ ਮੰਤਰੀ ਤੇ ਹੋਰਨਾਂ ਵਿਅਕਤੀਆਂ ਨਾਲ ਤਾਇਨਾਤ ਸੁਰੱਖਿਆ ਕਰਮਚਾਰੀ ਵਾਪਸ ਬੁਲਾਉਣ ਲਈ ਕਿਹਾ ਸੀ।

ਮੁੱਖ ਮੰਤਰੀ ਚੰਨੀ ਨੇ ਆਪਣੀ ਖੁਦ ਦੀ ਸੁਰੱਖਿਆ ਵਿੱਚ ਤਾਇਨਾਤ ਕਰਮਚਾਰੀਆਂ ਦੀ ਗਿਣਤੀ ਘਟਾਉਣ ਲਈ ਵੀ ਡੀਜੀਪੀ ਨੂੰ ਪੱਤਰ ਲਿਖਿਆ ਸੀ। ਪੁਲਿਸ ਸੂਤਰਾਂ ਮੁਤਾਬਕ ਸਾਬਕਾ ਮੁੱਖ ਮੰਤਰੀ ਦੇ ਸਲਾਹਕਾਰਾਂ ਤੇ ਓਐਸਡੀਜ਼ ਨਾਲ 500 ਤੋਂ ਵੱਧ ਪੁਲਿਸ ਕਰਮਚਾਰੀ ਤਾਇਨਾਤ ਸਨ। ਸਾਬਕਾ ਮੁੱਖ ਮੰਤਰੀ ਦੇ ਕਰੀਬੀਆਂ ਨੂੰ ਸਰਕਾਰੀ ਗੱਡੀਆਂ ਤੇ ਤੇਲ ਦੀ ਮੁਫ਼ਤ ਸਹੂਲਤ ਵੀ ਦਿੱਤੀ ਗਈ ਸੀ ਤੇ ਸਰਕਾਰ ਨੇ ਸੁਰੱਖਿਆ ਵਾਹਨ ਵੀ ਵਾਪਸ ਮੰਗਵਾਉਣ ਦੇ ਹੁਕਮ ਦਿੱਤੇ ਸਨ।

ਵਧੀਕ ਡੀਜੀਪੀ (ਸੁਰੱਖਿਆ) ਵੱਲੋਂ ਇਹ ਪੱਤਰ ਡੀਜੀਪੀ ਹੋਮ ਗਾਰਡ, ਪੁਲਿਸ ਕਮਿਸ਼ਨਰਾਂ, ਸਾਰੇ ਜ਼ਿਲ੍ਹਾ ਪੁਲਿਸ ਮੁਖੀਆਂ ਤੇ ਹੋਰਨਾਂ ਸਬੰਧਤ ਅਧਿਕਾਰੀਆਂ ਨੂੰ ਲਿਖਿਆ ਗਿਆ ਹੈ। ਵਧੀਕ ਡੀਜੀਪੀ (ਸੁਰੱਖਿਆ) ਵੱਲੋਂ ਜਿਹੜਾ ਪੱਤਰ ਜਾਰੀ ਕੀਤਾ ਗਿਆ ਹੈ ਉਸ ਵਿੱਚ ਸਾਬਕਾ ਮੁੱਖ ਮੰਤਰੀ ਦੇ ਸੀਨੀਅਰ ਸਲਾਹਕਾਰ ਤੇ ਸਾਬਕਾ ਫੌਜੀ ਅਫ਼ਸਰ ਲੈਫਟੀਨੈਂਟ ਜਨਰਲ (ਸੇਵਾ ਮੁਕਤ) ਟੀਐਸ ਸ਼ੇਰਗਿੱਲ, ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਮੇਜਰ ਅਮਰਦੀਪ ਸਿੰਘ, ਸਾਬਕਾ ਐਡਵੋਕੇਟ ਜਨਰਲ ਅਤੁਲ ਨੰਦਾ ਸਣੇ ਕਈ ਲੋਕਾਂ ਦੇ ਨਾਂ ਹਨ।

NO COMMENTS