ਬਰੈਂਪਟਨ (ਸਾਰਾ ਯਹਾਂ): ਕੈਨੇਡਾ ‘ਚ ਸੰਸਦ ਮੈਂਬਰਾਂ ਦੀਆਂ ਮੱਧਕਾਲੀ ਚੋਣਾਂ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਮੁੜ ਵੱਡੀ ਪਾਰਟੀ ਵਜੋਂ ਜੇਤੂ ਬਣ ਕੇ ਉੱਭਰੀ ਹੈ। ਉਂਝ ਉਹ 338 ਸੀਟਾਂ ਵਾਲੇ ਸਦਨ ਵਿੱਚ ਲੋੜੀਂਦੀਆਂ 170 ਸੀਟਾਂ ਦੀ ਬਹੁਮਤ ਹਾਸਲ ਨਹੀਂ ਕਰ ਸਕੇ। ਅਹਿਮ ਗੱਲ ਹੈ ਕਿ ਕੈਨੇਡਾ ਦੀ ਇਸ 44ਵੀਂ ਪਾਰਲੀਮੈਂਟ ਚੋਣ ਵਿੱਚ 17 ਪਰਵਾਸੀ ਪੰਜਾਬੀ ਚੁਣੇ ਗਏ ਹਨ। ਪੰਜਾਬੀਆਂ ਦੇ ਗੜ੍ਹ ਵਾਲ਼ੇ ਬਰੈਂਪਟਨ ਇਲਾਕੇ ਵਿੱਚ ਲਿਬਰਲ ਉਮੀਦਵਾਰਾਂ ਨੇ ਹੂੰਝਾਫੇਰ ਜਿੱਤ ਹਾਸਲ ਕੀਤੀ ਹੈ।
ਬਰੈਂਪਟਨ ਦੀਆਂ ਲਗਪਗ ਸਾਰੀਆਂ ਸੀਟਾਂ ਉਤੇ ਹੀ ਪ੍ਰਮੁੱਖ ਰਾਜਸੀ ਪਾਰਟੀਆਂ ਵੱਲੋਂ ਪੰਜਾਬੀ ਆਗੂ ਹੀ ਮੈਦਾਨ ਵਿੱਚ ਸੀ। ਇਨ੍ਹਾਂ ਵਿੱਚੋਂ ਲਿਬਰਲ ਪਾਰਟੀ ਵੱਲੋਂ ਬਰੈਂਪਟਨ ਪੂਰਬੀ ਤੋਂ ਮਨਿੰਦਰ ਸਿੱਧੂ, ਬਰੈਂਪਟਨ ਉਤਰੀ ਤੋਂ ਰੂਬੀ ਸਹੋਤਾ, ਬਰੈਂਪਟਨ ਦੱਖਣੀ ਤੋਂ ਸੋਨੀਆ ਸਿੱਧੂ, ਬਰੈਂਪਟਨ ਕੇਂਦਰੀ ਤੋਂ ਅਲੀ ਸ਼ਫਕਤ, ਬਰੈਂਪਟਨ ਪੱਛਮੀ ਹਲਕੇ ਤੋਂ ਕਮਲ ਖਹਿਰਾ ਚੋਣ ਜਿੱਤ ਗਏ ਹਨ। ਇਹ ਸਾਰੇ ਹੀ ਪੰਜਾਬੀ ਹਨ।
ਮਨਿੰਦਰ ਸਿੱਧੂ ਜਲੰਧਰ ਜ਼ਿਲ੍ਹੇ ਦੇ ਕਸਬੇ ਮਲਸੀਆਂ ਨਾਲ ਸਬੰਧਤ ਹੈ। ਕੈਲਗਰੀ ਫੋਰੈਸਟ ਲਾਊਨ ਤੋਂ ਕੰਜ਼ਰਵੇਟਿਵ ਜਸਰਾਜ ਸਿੰਘ ਹੱਲਣ ਨੇ ਜਿੱਤ ਪ੍ਰਾਪਤ ਕੀਤੀ ਹੈ। ਜਿੱਤ ਦਰਜ ਕਰਨ ਵਾਲੇ 17 ਇੰਡੋ-ਕੈਨੇਡੀਅਨ ਆਗੂਆਂ ਵਿੱਚ ਸਾਬਕਾ ਮੰਤਰੀ ਟਿਮ ਉੱਪਲ ਤੇ ਤਿੰਨ ਮੌਜੂਦਾ ਕੈਬਨਿਟ ਮੰਤਰੀ ਹਰਜੀਤ ਸਿੰਘ ਸੱਜਣ, ਬਰਦੀਸ਼ ਚੱਗਰ ਤੇ ਅਨੀਤਾ ਆਨੰਦ ਵੀ ਸ਼ਾਮਲ ਹਨ।
ਬ੍ਰਿਟਿਸ਼ ਕੋਲੰਬੀਆ ਵਿੱਚ ਤਿੰਨ ਵਾਰ ਲਿਬਰਲ ਪਾਰਟੀ ਦੇ ਐਮਪੀ ਰਹੇ ਸੁੱਖ ਧਾਲੀਵਾਲ ਨੇ ਐਨਡੀਪੀ ਦੇ ਅਵਨੀਤ ਜੌਹਲ ਨੂੰ ਹਰਾ ਕੇ ਆਪਣੀ ਸਰੀ-ਨਿਊਟਨ ਸੀਟ ਬਰਕਰਾਰ ਰੱਖੀ ਹੈ। ਲਿਬਰਲ ਪਾਰਟੀ ਦੇ ਸੰਸਦ ਮੈਂਬਰ ਰਣਦੀਪ ਸਿੰਘ ਸਰਾਏ ਨੇ ਵੀ ਸਰੀ ਸੈਂਟਰ ਸੀਟ ਜਿੱਤ ਲਈ ਹੈ। ਕਿਊਬੈਕ ਵਿੱਚ ਇੰਡੋ-ਕੈਨੇਡੀਅਨ ਅੰਜੂ ਢਿੱਲੋਂ ਨੇ ਸੀਟ ਬਰਕਰਾਰ ਰੱਖੀ ਹੈ। ਚੰਦਰ ਆਰੀਆ ਨੇ ਵੀ ਓਂਟਾਰੀਓ ਵਿੱਚ ਨੇਪੀਅਨ ਸੀਟ ਬਰਕਰਾਰ ਰੱਖੀ ਹੈ। ਲਿਬਰਲ ਪਾਰਟੀ ਲਈ ਮਿਸੀਸਾਗਾ-ਮਾਲਟਨ ਸੀਟ ਜਿੱਤਣ ਵਾਲੇ ਵਕੀਲ ਇਕਵਿੰਦਰ ਗਹੀਰ ਸੰਸਦ ਵਿੱਚ ਪੁੱਜਣ ਵਾਲੇ ਸਭ ਤੋਂ ਘੱਟ ਉਮਰ ਦੇ ਸੰਸਦ ਮੈਂਬਰਾਂ ਵਿੱਚੋਂ ਹੋਣਗੇ।