ਚੰਡੀਗੜ੍ਹ 25 ਅਕਤੂਬਰ (ਸਾਰਾ ਯਹਾ/ਬਿਓਰੋ ਰਿਪੋਰਟ): ਪੰਜਾਬੀਆਂ ਨੇ ਦੇਸ਼ ਹੀ ਨਹੀਂ ਦੁਨੀਆ ਭਰ ‘ਚ ਮੱਲਾਂ ਮਾਰੀਆਂ ਹਨ। ਐਤਵਾਰ ਨੂੰ ਆਏ ਕਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੀਆਂ ਸੂਬਾਈ ਚੋਣਾਂ ਦੇ ਨਤੀਜੇ ‘ਚ ਪੰਜਾਬੀ ਮੂਲ ਦੇ ਲੋਕਾਂ ਨੇ ਅੱਠ ਥਾਵਾਂ ਤੇ ਮਹੱਤਵਪੂਰਨ ਜਿੱਤ ਹਾਸਲ ਕੀਤੀ ਹੈ। ਇਨ੍ਹਾਂ ਵਿੱਚੋਂ ਬਹੁਤੇ ਪ੍ਰਵਾਸੀ ਪੰਜਾਬੀ ਸਰੀ ਦੀ ਨਿਊ ਡੈਮੋਕਰੈਟਿਕ ਪਾਰਟੀ (NDP) ਦੀ ਟਿਕਟ ਤੋਂ ਜਿੱਤੇ ਹਨ।
ਜ਼ਿਕਰਯੋਗ ਹੈ ਕਿ ਚੋਣਾਂ ਤੋਂ ਇੱਕ ਦਿਨ ਪਹਿਲਾਂ ਕਰਵਾਏ ਸਰਵੇਖਣ ਮੁਤਾਬਕ 51 ਫੀਸਦੀ ਵੋਟਰ ਐਨਡੀਪੀ ਨੂੰ, 34 ਫੀਸਦੀ ਵੋਟਰ ਬੀਸੀ ਲਿਬਰਲ ਨੂੰ ਤੇ 12 ਫੀਸਦੀ ਵੋਟਰ ਗਰੀਨ ਪਾਰਟੀ ਨੂੰ ਵੋਟ ਪਾਉਣ ਦਾ ਮਨ ਬਣਾ ਚੁੱਕੇ ਸੀ। ਬ੍ਰਿਟਿਸ਼ ਕੋਲੰਬੀਆ ਦੀਆਂ 87 ਸੀਟਾਂ ਵਿੱਚੋਂ 22 ਸੀਟਾਂ ਦੇ ਲਈ ਪੰਜਾਬ ਮੂਲ ਦੇ ਲੋਕਾਂ ਨੇ ਫਾਰਮ ਭਰੇ ਸੀ। ਦੱਸ ਦੇਈਏ ਕਿ 2017 ਵਾਰ ਇਹਨਾਂ ਚੋਣਾਂ ‘ਚ ਜਿੱਤ ਹਾਸਲ ਕਰਨ ਵਾਲੇ ਪੰਜਾਬੀਆਂ ਦੀ ਗਿਣਤੀ 7 ਸੀ।
ਰਾਜ ਚੌਹਾਨ, ਲਗਾਤਾਰ 5ਵੀਂ ਵਾਰ ਬਰਨਬੀ ਐਡਮੰਡਜ਼ ਤੋਂ ਐਨਡੀਪੀ ਉਮੀਦਵਾਰ ਵਜੋਂ ਜੇਤੂ ਰਹੇ। ਚੌਹਾਨ ਕੈਨੇਡੀਅਨ ਫਾਰਮ ਵਰਕਰ ਯੂਨੀਅਨ ਦੇ ਪ੍ਰਧਾਨ ਰਹਿ ਚੁੱਕੇ ਹਨ। ਉਨ੍ਹਾਂ ਲਿਬਰਲ ਪਾਰਟੀ ਦੇ ਤ੍ਰਿਪਤ ਅਟਵਾਲ ਨੂੰ ਹਰਿਆ ਹੈ। ਤ੍ਰਿਪਤ ਲੋਕ ਸਭਾ ਦੇ ਸਾਬਕਾ ਸਪੀਕਰ ਤੇ ਅਕਾਲੀ ਦਲ ਦੇ ਸੀਨੀਅਰ ਨੇਤਾ ਚਰਨਜੀਤ ਸਿੰਘ ਅਟਵਾਲ ਦੀ ਧੀ ਹੈ।
ਪੰਜਾਬੀ ਉਮੀਦਵਾਰ ਜਿਹੜੇ ਚੋਣ ਜਿੱਤੇ ਉਹਨਾਂ ‘ਚ ਜਗਰੂਪ ਬਰਾੜ, ਜਿੰਨੀ ਸਿਮਜ਼, ਰਚਨਾ ਸਿੰਘ, ਹੈਰੀ ਬੈਂਸ, ਰਾਜ ਚੌਹਾਨ, ਰਵੀ ਕਾਹਲੋਂ ਤੇ ਨਿੱਕੀ ਸ਼ਰਮਾ ਸ਼ਾਮਲ ਹਨ। ਜਗਰੂਪ ਸਿੰਘ ਬਰਾੜ ਸਾਬਕਾ ਬਾਸਕਿਟ ਬਾਰ ਖਿਡਾਰੀ ਹੈ ਉਸ ਨੇ ਲਿਬਰਲ ਪਾਰਟੀ ਦੇ ਗੈਰੀ ਥਿੰਦ ਨੂੰ ਹਰਾਇਆ ਹੈ। ਬਰਾੜ ਦਿਓਂ ਪਿੰਡ ਬਠਿੰਡਾ ਦਾ ਰਹਿਣ ਵਾਲਾ ਹੈ। ਕੈਨੇਡਾ ਜਾਣ ਤੋਂ ਪਹਿਲਾਂ ਉਹ ਭਾਰਤ ‘ਚ ਨੈਸ਼ਨਲ ਲੈਵਲ ਦਾ ਬਾਸਕਿਟ ਬਾਲ ਖਿਡਾਰੀ ਸੀ।
ਰਵੀ ਕਾਹਲੋਂ ਡੈਲਟਾ ਨਾਰਥ ਤੋਂ ਦੁਬਾਰਾ ਚੁਣਿਆ ਗਿਆ ਹੈ।ਕਾਹਲੋਂ ਕੈਨੇਡਾ ਦੇ ਹਾਕੀ ਟੀਮ ਦੀ ਓਲਮਪਿਕ ‘ਚ ਦੋ ਵਾਰ ਅਗਵਾਈ ਕਰ ਚੁੱਕਾ ਹੈ।ਇਸ ਤੋਂ ਇਲਾਵਾ ਰਚਨਾ ਸਿੰਘ, ਜੋ ਪੰਜਾਬੀ ਲੇਖਕ ਡਾ ਰਘਬੀਰ ਸਿੰਘ ਦੀ ਧੀ ਹੈ ਸਰੀ ਗਰੀਨ ਟਿਮਬਰਲੈਂਡ ਤੋਂ ਦੂਜੀ ਵਾਰ ਜਿੱਤੀ ਹੈ। ਰਚਨਾ NDP ਦੀ ਟਿੱਕਟ ਤੋਂ ਲੜ੍ਹੀ ਸੀ ਤੇ ਉਸ ਨੇ ਲਿਬਰਲ ਪਾਰਟੀ ਦੇ ਦਿਲਰਾਜ ਅਟਵਾਲ ਨੂੰ ਹਰਾਇਆ ਹੈ।
ਹੈਰੀ ਬੈਂਸ ਪੰਜਵੀਂ ਵਾਰ ਸਰੀ ਨਿਊਟਨ ਸੈਗਮੈਂਟ ਤੋਂ ਚੁਣਿਆ ਗਿਆ ਹੈ।ਉਸਨੇ ਵੀ ਲਿਬਰਲ ਪਾਰਟੀ ਦੇ ਪੌਲ ਬੌਪਾਰਾਏ ਨੂੰ ਮਾਤ ਦਿੱਤੀ ਹੈ। ਬੈਂਸ ਬੀਸੀ ਅਸੈਂਬਲੀ ਦਾ 2005 ਤੋਂ ਮੈਂਬਰ ਹੈ। ਇਸ ਦੇ ਨਾਲ ਹੀ ਅਮਨ ਸਿੰਘ ਨੇ ਜੱਸ ਜੌਹਲ ਤੇ ਜਿੰਨੀ ਸਿਮਜ਼ ਨੇ ਗੁਲਜ਼ਾਰ ਚੀਮਾ ਨੂੰ ਹਰਾਇਆ ਹੈ। ਨਿੱਕੀ ਸ਼ਰਮਾ ਵੈਨਕੁਵਰ ਹੱਸਟਿੰਗਸ ਤੋਂ ਜਿੱਤੀ ਹੈ।
ਬਰਾੜ, ਬੈਂਸ ਤੇ ਚੌਹਾਨ ਪੰਜਵੀਂ ਵਾਰ ਬੀਸੀ ਅਸੈਂਬਲੀ ਦੇ ਐਮਐਲਏ ਚੁਣੇ ਗਏ ਹਨ।ਸਾਲ 2016 ਦੀ ਮਰਦਮਸ਼ੁਮਾਰੀ ਦੇ ਅਨੁਸਾਰ, ਕੈਨੇਡਾ ਵਿੱਚ 4.68 ਲੱਖ ਤੋਂ ਵੱਧ ਸਿੱਖ ਹਨ ਜਿਨ੍ਹਾਂ ਵਿਚੋਂ ਬ੍ਰਿਟਿਸ਼ ਕੋਲੰਬੀਆ ਵਿੱਚ 2.01 ਲੱਖ ਰਹਿੰਦੇ ਹਨ।