ਮਾਨਸਾ, 14 ਅਗਸਤ (ਸਾਰਾ ਯਹਾ, ਬਲਜੀਤ ਸ਼ਰਮਾ) : ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਪਰਸਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼੍ਰੀਮਤੀ ਮਨਦੀਪ ਪੰਨੂ ਨੇ ਅੱਜ ਜ਼ਿਲ੍ਹਾ ਜੇਲ੍ਹ ਤਾਮਕੋਟ ਦੇ ਦੌਰੇ ਦੌਰਾਨ ਜੇਲ੍ਹ ਸੁਪਰਡੈਂਟ ਸਤਨਾਮ ਸਿੰਘ ਅਤੇ ਜੇਲ੍ਹ ਡਾਕਟਰ ਹਰਮੀਤ ਸਿੰਘ ਨੂੰ ਹਦਾਇਤ ਕੀਤੀ ਕਿ ਭਾਵੇਂ ਜੇਲ੍ਹ ਵਿੱਚ ਬੰਦ ਹਵਾਲਾਤੀਆਂ ਅਤੇ ਕੈਦੀਆਂ ਦਾ ਦੋ ਵਾਰ ਕੋਰੋਨਾ ਟੈਸਟ ਹੋ ਚੁੱਕਿਆ ਹੈ ਪਰ ਕੋਵਿਡ-19 ਦੀ ਗੰਭੀਰਤਾ ਦੇ ਮੱਦੇਨਜ਼ਰ 10 ਦਿਨਾਂ ਦੇ ਅੰਦਰ-ਅੰਦਰ ਇੱਕ ਵਾਰ ਹੋਰ ਕੈਦੀਆਂ ਦਾ ਟੈਸਟ ਕੀਤਾ ਜਾਵੇ।
ਇਸ ਮੌਕੇ ਉਨ੍ਹਾਂ ਕਿਹਾ ਕਿ ਭਾਵੇਂ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਭੁਗਤ ਰਹੇ ਬਹੁਤ ਸਾਰੇ ਹਵਾਲਾਤੀਆਂ ਨੂੰ ਪਹਿਲਾਂ ਹੀ ਅੰਤਰਿਕ ਜਮਾਨਤ ਉੱਪਰ ਰਿਹਾਅ ਕੀਤਾ ਜਾ ਚੁੱਕਿਆ ਹੈ ਪਰ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਤਾਜਾ ਆਦੇਸ਼ਾਂ ਮੁਤਾਬਕ ਭਾਰਤੀ ਦੰਡਾਵਲੀ ਦੀ ਧਾਰਾ 304 ਅਤੇ 307 ਅਧੀਨ ਕੇਸ ਭੁਗਤ ਰਹੇ ਹਵਾਲਾਤੀਆਂ ਨੂੰ ਅੰਤਰਿਮ ਜਮਾਨਤ ਉੱਪਰ ਰਿਹਾਅ ਕਰਨ ਲਈ ਯੋਗ ਕਾਰਵਾਈ ਕੀਤੀ ਜਾ ਰਹੀ ਹੈ।
ਉਨ੍ਹਾਂ ਜੇਲ੍ਹ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕੋਵਿਡ-19 ਸਬੰਧੀ ਸਮਾਜਿਕ ਦੂਰੀ, ਸਾਫ ਸਫਾਈ, ਮਾਸਕ ਆਦਿ ਲਈ ਜਾਰੀ ਹਦਾਇਤਾਂ ਦਾ ਸਖਤੀ ਨਾਲ ਪਾਲਣ ਕੀਤਾ ਜਾਵੇ। ਇਸ ਦੌਰਾਨ ਉਨ੍ਹਾਂ ਜੇਲ੍ਹ ਵਿੱਚ ਬੰਦ ਕੈਦੀਆਂ ਅਤੇ ਹਵਾਲਾਤੀਆਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਹਨਾ ਦੇ ਹੱਲ ਲਈ ਜਰੂਰੀ ਆਦੇਸ਼ ਜਾਰੀ ਕੀਤੇ।
ਇਸ ਮੋਕੇ ਚੀਫ ਜੂਡੀਸ਼ੀਅਲ ਮੈਜਿਸਟ੍ਰੇਟ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਮਾਨਸਾ ਸ. ਅਮਨਦੀਪ ਸਿੰਘ, ਡਿਪਟੀ ਜੇਲ੍ਹ ਸੁਪਰਡੈਂਟ ਜਗਤਾਰ ਸਿੰਘ, ਸ੍ਰੀ ਸੰਜੀਵ ਕੁਮਾਰ ਅਤੇ ਹੋਰ ਜੇਲ੍ਹ ਅਧਿਕਾਰੀ ਹਾਜ਼ਰ ਸਨ।