ਮਾਨਸਾ, 8 ਨਵੰਬਰ (ਸਾਰਾ ਯਹਾਂ/ਮੁੱਖ ਸੰਪਾਦਕ ): ਸਿਹਤ ਵਿਭਾਗ ਮਾਨਸਾ ਵੱਲੋਂ ਸਿਵਲ ਸਰਜਨ ਡਾ. ਹਿਤਿੰਦਰ ਕੌਰ ਦੇ ਦਿਸ਼ਾ—ਨਿਰਦੇਸਾਂ ਤਹਿਤ ਕੌਮੀ ਕੈਂਸਰ ਜਾਗਰੂਕਤਾ ਦਿਵਸ ਮੌਕੇ ਡਾ. ਬਲਜੀਤ ਕੌਰ ਕਾਰਜਕਾਰੀ ਸਿਵਲ ਸਰਜਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੈਂਸਰ ਇੱਕ ਖਤਰਨਾਕ ਬਿਮਾਰੀ ਹੈ, ਇਸਦਾ ਸਮੇਂ ਸਿਰ ਇਲਾਜ ਹੋਣਾ ਜ਼ਰੂਰੀ ਹੈ।ਉਨ੍ਹਾਂ ਦੱਸਿਆ ਕਿ ਇਸ ਬਿਮਾਰੀ ਪ੍ਰਤੀ ਸਾਨੂੰ ਜਾਗਰੂਕ ਰਹਿਣਾ ਚਾਹੀਦਾ ਹੈ, ਤਾਂ ਕਿ ਭਵਿੱਖ ਵਿੱਚ ਅਜਿਹੀ ਭਿਆਨਕ ਬਿਮਾਰੀ ਤੋਂ ਨਿਜਾਤ ਪਾਈ ਜਾ ਸਕੇ। ਕਾਰਜਕਾਰੀ ਜਿ਼ਲ੍ਹਾ ਟੀਕਾਕਰਨ ਅਫ਼ਸਰ ਡਾ. ਰਣਜੀਤ ਸਿੰਘ ਰਾਏ ਨੇ ਕਿਹਾ ਕਿ ਕੈਂਸਰ ਦਿਵਸ ਮਨਾਉਣ ਦਾ ਮਕਸਦ ਲੋਕਾਂ ਨੂੰ ਕੈਂਸਰ ਦੇ ਕਾਰਣਾਂ, ਲੱਛਣਾਂ ਤੇ ਇਲਾਜ ਬਾਰੇ ਜਾਗਰੂਕ ਕਰਨਾ ਹੈ।ਉਨ੍ਹਾਂ ਕਿਹਾ ਕਿ ਸੰਤੁਲਤ ਖੁਰਾਕ ਲੈਣ, ਆਪਣੀ ਰੋਜ਼ਮਰਾ ਦੀ ਜਿੰਦਗੀ ਵਿੱਚ ਸੁਧਾਰ ਕਰਨ, ਸਰਾਬ, ਸਿਗਰਟ ਅਤੇ ਸਿਗਰਟਨੋਸ਼ੀ ਤੰਬਾਕੂ ਸਮੇਤ ਤੰਬਾਕੂ ਦੀ ਵਰਤੋਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਹਰ ਇੱਕ ਵਿਅਕਤੀ ਨੂੰ ਸਮੇਂ—ਸਮੇਂ ਸਿਰ ਆਪਣੀ ਸਿਹਤ ਜਾਂਚ ਕਰਵਾਉਂਦੇ ਰਹਿਣਾ ਚਾਹੀਦਾ ਹੈ, ਤਾਂ ਜੋ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਤੋਂ ਪਹਿਲਾਂ ਹੀ ਬਚਿਆ ਜਾ ਸਕੇ।ਉਨ੍ਹਾਂ ਅਪੀਲ ਕੀਤੀ ਕਿ ਸਰੀਰ ਵਿੱਚ ਕਿਸੇ ਵੀ ਤਰ੍ਹਾਂ ਦਾ ਬਦਲਾਅ ਜਾਂ ਲੱਛਣ ਦਿੱਖਣ ਤਾਂ ਤੁਰੰਤ ਨੇੜੇ ਦੀ ਸਰਕਾਰੀ ਸਿਹਤ ਸੰਸਥਾ ਵਿੱਚ ਜਾਂਚ ਕਰਵਾਈ ਜਾਵੇ। ਜਿ਼ਲ੍ਹਾ ਮਾਸ ਮੀਡੀਆ ਅਫ਼ਸਰ ਸ੍ਰੀ ਵਿਜੈ ਕੁਮਾਰ ਨੇ ਕੈਂਸਰ ਦੀਆਂ ਵੱਖ—ਵੱਖ ਕਿਸਮਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਮੂੰਹ ਦਾ ਕੈਂਸਰ, ਬੱਚੇਦਾਨੀ ਦਾ ਕੈਂਸਰ,ਫੇਫੜਿਆਂ ਦਾ ਕੈਂਸਰ, ਛਾਤੀ ਅਤੇ ਪੇਟ ਦਾ ਕੈਂਸਰ, ਬਲੱਡ ਕੈਂਸਰ ਆਦਿ ਹੋ ਸਕਦੇ ਹਨ।ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਅਤਕੀ ਨੂੰ ਲਗਾਤਾਰ ਖੰਘ, ਆਵਾਜ਼ ਵਿੱਚ ਭਾਰੀਪਨ, ਖੰਘਣ ਸਮੇਂ ਖੂਨ ਆਉਣਾ, ਸਰੀਰ ਦਾ ਘਟਣਾ, ਮੂੰਹ, ਮਸੂੜੇ, ਤਾਲੂਏ ਜਾਂ ਜੀਭ *ਤੇ ਨਾ ਠੀਕ ਹੋਣ ਵਾਲਾ ਜ਼ਖਮ ਹੋਣਾ, ਛਾਤੀ ਵਿੱਚ ਗੰਢ ਦਾ ਹੋਣਾ ਆਦਿ ਹੋਣ ਤੇ ਤੁਰੰਤ ਨੇੜੇ ਦੇ ਸਰਕਾਰੀ ਹਸਪਤਾਲ ਵਿੱਚ ਚੈਕਅੱਪ ਕਰਾਉਣਾ ਚਾਹੀਦਾ ਹੈ।ਉਨ੍ਹਾਂ ਦੱਸਿਆ ਕਿ ਕੈਂਸਰ ਰਾਹਤ ਕੋਸ਼ ਫੰਡ ਤਹਿਤ ਸਰਕਾਰ ਵੱਲੋਂ 1.50 ਲੱਖ ਰੁਪਏ ਦੀ ਰਾਸ਼ੀ ਰਹਿਤ ਮੁਫ਼ਤ ਇਲਾਜ਼ ਦੀ ਸਹੂਲਤ ਦਿੱਤੀ ਜਾ ਰਹੀ ਹੈ। ਇਸ ਮੌਕੇ ਜਿ਼ਲ੍ਹਾ ਪ੍ਰੋਗਰਾਮ ਅਫ਼ਸਰ ਸ਼੍ਰੀ ਅਵਤਾਰ ਸਿੰਘ, ਡਿਪਟੀ ਮਾਸ ਮੀਡੀਆ ਅਫ਼ਸਰ ਸ਼੍ਰੀ ਦਰਸ਼ਨ ਸਿੰਘ, ਜਿ਼ਲ੍ਹਾ ਐਪੀਡੀਮਾਲੋਜਿਸਟ ਸ਼੍ਰੀ ਸੰਤੋਸ ਭਾਰਤੀ ਅਤੇ ਸਮੂਹ ਸਟਾਫ਼ ਮੌਜੂਦ ਸਨ।