
ਮਾਨਸਾ, 09 ਜੂਨ- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) : ਕਾਂਗਰਸ ਕਮੇਟੀ ਦੇ ਕਾਰਜਕਾਰੀ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਗੁਰਪ੍ਰੀਤ ਸਿੰਘ ਵਿੱਕੀ ਨੇ ਇਕ ਪ੍ਰੈਸ ਬਿਆਨ ਰਾਹੀਂ ਕੇਦਰ ਦੀ ਮੋਦੀ ਸਰਕਾਰ ਤੇ ਨਿਸ਼ਾਨਾ ਸਾਧਦੇ ਕਿਹਾ ਕਿ ਕੇਂਦਰ ਸਰਕਾਰ ਵੱਲੋ ਸਾਉਣੀ ਦੀਆਂ ਫ਼ਸਲਾਂ ਤੇ ਅੱਜ ਘੱਟੋ ਘੱਟ ਸਮਰੱਥਨ ਮੁੱਲ ਦਾ ਐਲਾਨ ਕੀਤਾ ਗਿਆ ਜਿਸ ਵਿਚ ਕੇਂਦਰ ਦੀ ਬੀ ਜੇ ਪੀ ਸਰਕਾਰ ਨੇ ਫ਼ਸਲਾਂ ਦੇ ਮੁੱਲ ਵਿਚ ਮਾਮੂਲੀ ਵਾਧਾ ਕਰਕੇ ਸਾਡੇ ਕਿਸਾਨਾਂ ਨਾਲ ਕੋਝਾ ਮਜ਼ਾਕ ਕੀਤਾ ਹੈ। ਜਿਥੇ ਸਰਕਾਰਾਂ ਨੇ ਆਮ ਲੋਕਾਂ ਦੇ ਰੋਜ਼ਾਨਾ ਜੀਵਨ ਵਿੱਚ ਵਰਤਣ ਵਾਲੀਆਂ ਵਸਤੂਆਂ ਦੇ ਰੇਟ ਅਸਮਾਨੀ ਚਾੜ੍ਹੇ ਹੋਏ ਹਨ ਪਰ ਦੂਜੇ ਕਿਸਾਨਾਂ ਨੂੰ ਉਹਨਾਂ ਦੀ ਮਿਹਨਤ ਦਾ ਪੂਰਾ ਮੁੱਲ ਨਹੀਂ ਦਿੱਤਾ ਜਾ ਰਿਹਾ। ਵਿੱਕੀ ਨੇ ਅੱਗੇ ਬੋਲਦੇ ਕਿਹਾ ਕਿ ਇਕ ਪਾਸੇ ਕੇਂਦਰ ਸਰਕਾਰ ਕਿਸਾਨ ਹਿਤੈਸ਼ੀ ਅਖਵਾਉਂਦੀ ਹੈ ਪ੍ਰੰਤੂ ਅੱਜ ਕੀਤੇ ਐਲਾਨ ਤੋਂ ਪਤਾ ਚਲਦਾ ਹੈ ਕਿ ਮੋਦੀ ਸਰਕਾਰ ਹਮੇਸ਼ਾ ਕਿਸਾਨਾਂ ਦਾ ਸ਼ੋਸ਼ਣ ਕਰਕੇ ਆਪਣੇ ਪੂੰਜੀਪਤੀ ਦੋਸਤਾਂ ਨੂੰ ਇਸਦਾ ਫਾਇਦਾ ਦਿੰਦੀ ਹੈ। ਵਿੱਕੀ ਨੇ ਕਿਹਾ ਕਿ ਅਸੀਂ ਸਾਰੇ ਇਸ ਮਾਮੂਲੀ ਵਾਧੇ ਨੂੰ ਨਕਾਰਦੇ ਹਾਂ ਤੇ ਕੇਂਦਰ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਅੱਜ ਦੇ ਮਹਿੰਗਾਈ ਦੇ ਦੌਰ ਅਨੁਸਾਰ ਹੀ ਕਿਸਾਨ ਨੂੰ ਉਸਦੀ ਫ਼ਸਲ ਦਾ ਢੁਕਵਾਂ ਰੇਟ ਦਿੱਤਾ ਜਾਵੇ ਤਾਂ ਜੋ ਉਹ ਇਸ ਮਹਿੰਗਾਈ ਦੇ ਯੁਗ ਵਿਚ ਇਕ ਚੰਗੀ ਜ਼ਿੰਦਗੀ ਵਸਰ ਕਰ ਸਕੇ।
