
ਖੰਨਾ 27 ਸਤੰਬਰ (ਸਾਰਾ ਯਹਾ/ਬਿਓਰੋ ਰਿਪੋਰਟ): ਏਸ਼ੀਆ ਦੀ ਸਭ ਤੋਂ ਵੱਡੀ ਦਾਣਾ ਮੰਡੀ ਖੰਨਾ ‘ਚ ਅੱਜ ਜੀਰੀ ਦੀ ਸਰਕਾਰੀ ਖਰੀਦ ਸ਼ੁਰੂ ਹੋ ਗਈ ਹੈ ਪਰ ਇਸ ਸ਼ੁਰੂਆਤ ‘ਤੇ ਵੀ ਹੜਤਾਲ ਦਾ ਖ਼ਤਰਾ ਮੰਡਰਾ ਰਿਹਾ ਹੈ। ਜੀਰੀ ਦੀ ਫ਼ਸਲ ਦੀ ਖਰੀਦ ਅੱਜ ਮਾਰਕੀਟ ਕਮੇਟੀ ਚੇਅਰਮੈਨ ਵਲੋਂ ਸ਼ੁਰੂ ਕਰਵਾਈ ਗਈ। ਜੀਰੀ ਦਾ ਸਰਕਾਰੀ ਰੇਟ 1888 ਰੁਪਏ ਲੱਗਿਆ। ਦੂਜੇ ਪਾਸੇ ਇਸ ਸਮੇਂ ਆੜਤੀਆਂ ਵਲੋਂ ਕਿਹਾ ਗਿਆ ਕਿ ਉਨ੍ਹਾਂ ਦੀ ਪਿਛਲੇ ਸੀਜ਼ਨ ਦੀ ਪੇਮੈਂਟ 131 ਕਰੋੜ ਰੁਪਏ ਦੀ ਸਰਕਾਰ ਵੱਲੋ ਨਹੀਂ ਦਿੱਤੀ ਗਈ। ਜੇ ਸਰਕਾਰ ਵੱਲੋਂ 1 ਅਕਤੂਬਰ ਤੱਕ ਉਨ੍ਹਾਂ ਦੀ ਬਕਾਇਆ ਰਕਮ ਨਹੀਂ ਦਿੱਤੀ ਗਈ ਤਾਂ 2 ਤਰੀਕ ਤੋਂ ਆੜਤੀਆਂ ਵਲੋਂ ਦਾਣਾ ਮੰਡੀ ਬੰਦ ਕਰ ਖਰੀਦ ਨਹੀਂ ਕੀਤੀ ਜਾਵੇਗੀ ਤੇ ਉਹ ਹੜਤਾਲ ‘ਤੇ ਚਲੇ ਜਾਣਗੇ।
ਮਾਰਕੀਟ ਕਮੇਟੀ ਖੰਨਾ ਦੇ ਚੇਅਰਮੈਨ ਗੁਰਦੀਪ ਸਿੰਘ ਨੇ ਬੋਲਦੇ ਕਿਹਾ ਕਿ ਸਰਕਾਰ ਨੇ ਜੋ 1 ਤਰੀਕ ਦੀ ਖਰੀਦ ਸ਼ੁਰੂ ਕਰਨੀ ਸੀ ਉਹ ਸੈਂਟਰ ਸਰਕਾਰ ਨੇ ਅੱਜ ਤੋਂ ਹੀ ਸ਼ੁਰੂ ਕਰਵਾਉਣ ਲਈ ਕਹਿ ਦਿੱਤਾ। ਮੋਦੀ ਸਰਕਾਰ ਵੱਲੋ 1 ਤਰੀਕ ਦੀ ਵਜਾਏ ਅੱਜ ਤੋਂ ਅਜਿਹਾ ਸ਼ੁਰੂ ਕਰਵਾ ਕਿਸਾਨਾਂ ਆੜਤੀਆਂ ਦਾ ਧਿਆਨ ਭਟਕਾਉਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ ਤਾਂ ਜੋ ਕਿਸਾਨਾਂ ਅਤੇ ਆੜਤੀਆਂ ਮਜਦੂਰਾਂ ਵਲੋਂ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਕਿਸਾਨ ਵਰੋਧੀ ਬਿੱਲਾਂ ਖ਼ਿਲਾਫ਼ ਧਰਨੇ ਪ੍ਰਦਸ਼ਨ ਬੰਦ ਹੋ ਜਾਣ। ਪਰ ਕਿਸਾਨ ਆੜਤੀਆਂ ਇਨ੍ਹਾਂ ਦੀਆਂ ਕੋਜੀਆਂ ਚਾਲਾਂ ‘ਚ ਨਹੀਂ ਫਸਣਗੇ। ਸਰਕਾਰ ਖਿਲਾਫ ਪ੍ਰਦਸ਼ਨ ਕਰਦੇ ਰਹਿਣਗੇ। ਉਨ੍ਹਾਂ ਦੱਸਿਆ ਕਿ ਜੀਰੀ ਦਾ ਸਰਕਾਰੀ ਰੇਟ 1888 ਰੁਪਏ ਦੇ ਹਿਸਾਬ ਨਾਲ ਖਰੀਦ ਸ਼ੁਰੂ ਕਰਵਾ ਦਿੱਤੀ ਹੈ ਤੇ ਪ੍ਰਬੰਧ ਪੂਰੇ ਮੁਕੰਮਲ ਹਨ। ਕਿਸਾਨਾਂ ਨੂੰ ਮੰਡੀ ‘ਚ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ।
ਖ਼ਰੀਦ ਪ੍ਰਬੰਧਾਂ ਬਾਰੇ ਬੋਲਦੇ ਖੰਨਾ ਮਾਰਕੀਟ ਕਮੇਟੀ ਦੇ ਸਕੱਤਰ ਦਲਵਿੰਦਰ ਸਿੰਘ ਦਾ ਕਹਿਣਾ ਸੀ ਕਿ ਖਰੀਦ ਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਇਸ ਬਾਰ ਫ਼ਸਲ ਵਧੀਆ ਆਉਣ ਦੀ ਉਮੀਦ ਹੈ ਅਤੇ ਖ਼ਰੀਦ ਏਜੇਂਸੀਆਂ ਵਲੋਂ ਵੀ ਖ਼ਰੀਦ ਦੀ ਤਿਆਰੀ ਹੈ। ਉਥੇ ਹੀ ਕਿਸਾਨਾਂ ਦਾ ਕਹਿਣਾ ਹੈ ਕਿ ਜਿੱਥੇ ਕਿਸਾਨਾਂ ‘ਚ ਫ਼ਸਲ ਦੇ ਪੱਕਣ ਦੀ ਖੁਸ਼ੀ ਹੁੰਦੀ ਹੈ, ਪਰ ਉਥੇ ਹੀ ਕਿਸਾਨ ਸੜਕਾਂ ‘ਤੇ ਹਨ। ਆਉਣ ਵਾਲੇ ਦਿਨਾਂ ਵਿੱਚ ਆੜਤੀਆਂ ਵਲੋਂ ਵੀ ਬਕਾਏ ਨੂੰ ਲੈ ਕੇ ਹੜਤਾਲ ‘ਤੇ ਜਾਣ ਦਾ ਖਦਸ਼ਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਕਿਸਾਨਾਂ ਦੇ ਹਿੱਤ ਨੂੰ ਵੇਖ ਇਨ੍ਹਾਂ ਦਾ ਹੱਲ ਕਰਨਾ ਚਾਹੀਦਾ ਹੈ।
