
ਨਵੀਂ ਦਿੱਲੀ 3,ਦਸੰਬਰ (ਸਾਰਾ ਯਹਾ /ਬਿਓਰੋ ਰਿਪੋਰਟ): ਕਿਸਾਨਾਂ ਨਾਲ ਕੇਂਦਰ ਸਰਕਾਰ (Central Government) ਦੀ ਹੋਣ ਜਾ ਰਹੀ ਅਹਿਮ ਮੀਟਿੰਗ ਤੋਂ ਪਹਿਲਾਂ ਦਿੱਲੀ ਪੁਲਿਸ (Delhi Police on alert) ਚੌਕਸ ਹੋ ਗਈ ਹੈ। ਗੱਲਬਾਤ ਤੋਂ ਕਈ ਘੰਟੇ ਪਹਿਲਾਂ ਹੀ ਦਿੱਲੀ ਪੁਲਿਸ ਨੇ ਰਾਸ਼ਟਰੀ ਰਾਜ ਮਾਰਗ ਨੰਬਰ 9 ਤੇ ਗ਼ਾਜ਼ੀਆਬਾਦ ਤੋਂ ਦਿੱਲੀ ਦੇ ਰਾਸ਼ਟਰੀ ਰਾਜ ਮਾਰਗ-24 ਉੱਤੇ ਆਵਾਜਾਈ ਬੰਦ (Traffic Closed) ਕਰ ਦਿੱਤੀ। ਮੰਨਿਆ ਜਾ ਰਿਹਾ ਹੈ ਕਿ ਅਜਿਹਾ ਅਹਿਤਿਆਤ ਵਜੋਂ ਇਸ ਲਈ ਕੀਤਾ ਗਿਆ ਹੈ ਕਿ ਹੋਰ ਕਿਸਾਨ ਕਿਤੇ ਪ੍ਰਦਰਸ਼ਨਕਾਰੀ ਕਿਸਾਨਾਂ (Farmers Protest) ਨਾਲ ਆ ਕੇ ਸ਼ਾਮਲ ਨਾ ਹੋ ਜਾਣ ਜਾਂ ਕਿਤੇ ਰਾਜਧਾਨੀ ਦਿੱਲੀ ’ਚ ਦਾਖ਼ਲ ਨਾ ਹੋ ਜਾਣ।
ਦਿੱਲੀ ਤੋਂ ਨੌਇਡਾ ਜਾਣ ਲਈ ਚਿੱਲਾ ਬਾਰਡਰ ਕੱਲ੍ਹ ਖੋਲ੍ਹਿਆ ਗਿਆ ਸੀ ਪਰ ਨੌਇਡਾ ਤੋਂ ਦਿੱਲੀ ਜਾਣ ਵਾਲਾ ਰਾਹ ਬੰਦ ਹੀ ਰੱਖਿਆ ਗਿਆ ਸੀ। ਦਿੱਲੀ ਤੇ ਹਰਿਆਣਾ ਨੂੰ ਜੋੜਨ ਵਾਲੇ ਔਚੰਦੀ ਤੇ ਲਾਮਪੁਰ ਜਿਹੇ ਛੋਟੇ ਬਾਰਡਰ ਵੀ ਬੰਦ (Boarder Sealed) ਕਰ ਦਿੱਤੇ ਗਏ ਹਨ ਜਿਸ ਕਾਰਣ ਆਮ ਲੋਕਾਂ ਨੂੰ ਹੋਰ ਰੂਟਾਂ ਰਾਹੀਂ ਜਾਣਾ ਪੈ ਰਿਹਾ ਹੈ। ਸਿੰਘੂ ਬਾਰਡਰ ਦੋਵੇਂ ਪਾਸਿਓਂ ਬੰਦ ਹੈ। ਦਿੱਲੀ ਟ੍ਰੈਫ਼ਿਕ ਪੁਲਿਸ ਨੇ ਸਿਗਨੇਚਰ ਬ੍ਰਿਜ ਤੋਂ ਰੋਹਿਣੀ, ਜੀਟੀਕੇ ਰੋਡ, ਰਾਸ਼ਟਰੀ ਰਾਜਮਾਰਗ–44 ਆਉਣ-ਜਾਣ ਲਈ ਆਊਟਰ ਰਿੰਗ ਰੋਡ ਉੱਤੇ ਵੀ ਨਾ ਜਾਣ ਦੀ ਸਲਾਹ ਦਿੱਤੀ ਹੈ।
ਇਸ ਤੋਂ ਇਲਾਵਾ ਟੀਕਰੀ ਬਾਰਡਰ, ਝਰੋੜਾ ਬਾਰਡਰ, ਝਟਿਕਰਾ ਬਾਰਡਰ ਵੀ ਆਵਾਜਾਈ ਬੰਦ ਹੈ। ਬਦੂਸਰਾਏ ਬਾਰਡਰ ਨੂੰ ਸਿਰਫ਼ ਦੋ-ਪਹੀਆ ਵਾਹਨਾਂ ਲਈ ਖੁੱਲ੍ਹਾ ਰੱਖਿਆ ਗਿਆ ਹੈ। ਹਰਿਆਣਾ ਲਈ ਢਾਂਸਾ, ਦੌਰਾਲਾ, ਕਾਪਾਸ਼ੇੜਾ, ਰਾਜੋਕਰੀ ਰਾਸ਼ਟਰੀ ਰਾਜਮਾਰਗ-8, ਬਿਜਵਸਾਨ/ਬਜਘੇੜਾ, ਪਾਲਮ ਵਿਹਾਰ ਤੇ ਦੁੰਦਾਹੇੜਾ ਬਾਰਡਰ ਖੁੱਲ੍ਹੇ ਰੱਖੇ ਗਏ ਹਨ।
ਸਵਰੂਪ ਨਗਰ ’ਚ ਜੀਟੀ ਰੋਡ ਦੋਵੇਂ ਪਾਸੇ ਬੰਦ ਹੈ। ਰਾਸ਼ਟਰੀ ਰਾਜਮਾਰਗ-1 ਵੀ ਕਿਸਾਨਾਂ ਨੂੰ ਰੋਕਣ ਲਈ ਦੋਵੇਂ ਪਾਸਿਓਂ ਬੰਦ ਰੱਖਿਆ ਗਿਆ ਹੈ। ਉਂਝ ਦਿੱਲੀ ਤੇ ਨੌਇਡਾ ਨੂੰ ਜੋੜਨ ਵਾਲੀ ਕਾਲਿੰਦੀ ਕੁੰਜ ਰੋਡ ਤੇ ਡੀਐਨਡੀ ਨੂੰ ਬੰਦ ਰੱਖਿਆ ਗਿਆ ਹੈ। ਕਿਸਾਨ ਅੰਦੋਲਨ 8ਵੇਂ ਦਿਨ ’ਚ ਦਾਖ਼ਲ ਹੋ ਗਿਆ ਹੈ ਤੇ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਦਿੱਲੀ ਵੱਲ ਚਾਲੇ ਪਾਣ ਦੀ ਸੰਭਾਵਨਾ ਵੀ ਬਣੀ ਹੋਈ ਹੈ।
