
ਮੋਰਿੰਡਾ, 3 ਅਕਤੂਬਰ (ਸਾਰਾ ਯਹਾਂ/ਮੁੱਖ ਸੰਪਾਦਕ) : ਪੰਜਾਬ ਦੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਨਵੇਂ ਡੀ.ਜੀ.ਪੀ. ਦੀ ਨਿਯੁਕਤੀ ਕਾਨੂੰਨ ਅਨੁਸਾਰ ਕੀਤੀ ਜਾਵੇਗੀ। ਸੂਬਾ ਸਰਕਾਰ ਨੇ 30 ਸਾਲ ਤੋਂ ਵੱਧ ਸਰਵਿਸ ਵਾਲੇ ਸਾਰੇ ਅਫਸਰਾਂ ਦਾ ਨਾਮ ਕੇਂਦਰ ਨੂੰ ਭੇਜ ਦਿੱਤਾ ਹੈ।
ਮੋਰਿੰਡਾ ਵਿਖੇ ਇਕ ਸਮਾਗਮ ਦੌਰਾਨ ਕਰਜ਼ਾ ਮੁਆਫ਼ੀ ਤੇ ਲਾਲ ਲਕੀਰ ਸਕੀਮ ਤਹਿਤ ਡਰੋਨ ਮੈਪਿੰਗ ਦੀ ਸ਼ੁਰੂਆਤ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮੁੱਖ ਮੰਤਰੀ ਨੇ ਕਿਹਾ ਸੂਬਾ ਸਰਕਾਰ ਹੁਣ ਡੀ.ਜੀ.ਪੀ. ਨਿਯੁਕਤ ਕਰਨ ਲਈ ਕੇੰਦਰ ਵੱਲੋਂ ਭੇਜੇ ਜਾਣ ਵਾਲੇ ਤਿੰਨ ਅਫਸਰਾਂ ਦੇ ਪੈਨਲ ਦੀ ਉਡੀਕ ਕਰ ਰਹੀ ਹੈ।
ਸ. ਚੰਨੀ ਨੇ ਅੱਗੇ ਕਿਹਾ ਕਿ ਇਸ ਤੋਂ ਬਾਅਦ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ, ਸਾਰੇ ਮੰਤਰੀਆਂ ਤੇ ਵਿਧਾਇਕਾਂ ਨਾਲ ਰਾਏ ਕਰਕੇ ਡੀ.ਜੀ.ਪੀ. ਦਾ ਨਾਮ ਤੈਅ ਕੀਤਾ ਜਾਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਆਪਣਾ ਕੰਮ ਨੇਕ ਨੀਤੀ, ਸਮਰਪਣ ਭਾਵਨਾ ਤੇ ਇਮਾਨਦਾਰੀ ਨਾਲ ਕਰ ਰਹੀ ਹੈ ਅਤੇ ਸਰਕਾਰੀ ਕੰਮ-ਕਾਜ ਵਿੱਚ ਪਾਰਦਰਸ਼ਤਾ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਪਾਰਟੀ ਦਾ ਕੰਮ ਪ੍ਰਦੇਸ਼ ਕਾਂਗਰਸ ਪ੍ਰਧਾਨ ਦੇਖ ਰਹੇ ਹਨ ਅਤੇ ਪਾਰਟੀ ਤੇ ਸਰਕਾਰ ਵਿਚਾਲੇ ਬਿਹਤਰ ਤਾਲਮੇਲ ਲਈ ਕਮੇਟੀ ਬਣਾਈ ਗਈ ਹੈ।
58 ਸਾਲ ਤੋਂ ਵੱਧ ਉਮਰ ਦੇ ਸਰਕਾਰੀ ਕਰਮਚਾਰੀਆਂ ਨੂੰ ਸੇਵਾ ਮੁਕਤ ਕਰਨ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਸ. ਚੰਨੀ ਨੇ ਕਿਹਾ ਕਿ ਕੋਈ ਵੀ 58 ਸਾਲ ਤੋਂ ਵੱਧ ਉਮਰ ਦਾ ਕਰਮਚਾਰੀ ਸੇਵਾ ਵਿੱਚ ਨਹੀਂ ਰਹੇਗਾ ਅਤੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਕੇ ਉਸ ਦੀ ਜਗ੍ਹਾਂ ਮੌਕਾ ਦਿੱਤਾ ਜਾਵੇਗਾ।
