*ਕੁੰਵਰ ਵਿਜੇ ਪ੍ਰਤਾਪ ਦਾ ਸ਼੍ਰੀ ਹਰਿਮੰਦਰ ਸਾਹਿਬ ਤੋਂ ਐਲਾਨ, ਅਸਲ ਜੰਗ ਹੁਣ ਸ਼ੁਰੂ ਹੋਈ…*

0
102

ਅੰਮ੍ਰਿਤਸਰ 30,ਅਪ੍ਰੈਲ (ਸਾਰਾ ਯਹਾਂ/ਬਿਊਰੋ ਰਿਪੋਰਟ): ਪੰਜਾਬ ਪੁਲਿਸ ਦੇ ਸਾਬਕਾ ਆਈਜੀ ਕੁੰਵਰ ਵਿਜੇ ਪ੍ਰਤਾਪ ਨੂੰ ਅੱਜ ਅੰਮ੍ਰਿਤਸਰ ‘ਚ ਦਰਬਾਰ ਸਾਹਿਬ ਕੰਪਲੈਕਸ ਦੇ ਬਾਹਰ ਸਮੂਹ ਸਿੱਖ ਜਥੇਬੰਦੀਆਂ ਵੱਲੋਂ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਅੱਜ ਸਮੂਹ ਸਿੱਖ ਜਥੇਬੰਦੀਆਂ ਤੋਂ ਇਲਾਵਾ ਹਿੰਦੂ ਤੇ ਮੁਸਲਿਮ ਜਥੇਬੰਦੀਆਂ ਵੱਲੋਂ ਕੁੰਵਰ ਵਿਜੈ ਪ੍ਰਤਾਪ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਸਿੱਖ ਪ੍ਰਚਾਰਕ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਕੁੰਵਰ ਵਿਜੇ ਪ੍ਰਤਾਪ ਨੇ ਬਹੁਤ ਮਿਹਨਤ ਕੀਤੀ ਪਰ ਜਦੋਂ ਮਿਹਨਤ ਨੂੰ ਫਲ ਮਿਲਣ ਲੱਗਣ ਲੱਗਾ ਤਾਂ ਉਨ੍ਹਾਂ ਦੀ ਰਿਪੋਰਟ ਰੱਦ ਕਰ ਦਿੱਤੀ ਗਈ।

ਇਸ ਮੌਕੇ ਕੁੰਵਰ ਵਿਜੈ ਪ੍ਰਤਾਪ ਨੇ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਮਗਰੋਂ ਕਿਹਾ ਕਿ ਨੌਕਰੀ ਗਈ ਤਾਂ ਕੋਈ ਅਫਸੋਸ ਨਹੀਂ। ਮੇਰੀ ਨੌਕਰੀ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਵਿੱਚ ਗਈ। ਜਦ ਮੈਂ ਜਾਂਚ ਸ਼ੁਰੂ ਕੀਤੀ ਸੀ ਤਾਂ ਮੈਨੂੰ ਪਤਾ ਸੀ ਕਿ ਮੇਰੀ ਨੌਕਰੀ ਜਾ ਸਕਦੀ ਹੈ। ਮੇਰੀ ਜਾਨ ਜਾ ਸਕਦੀ ਹੈ ਕਿਉਂਕਿ ਜਿਨ੍ਹਾਂ ਵਿਰੁੱਧ ਜਾਂਚ ਕਰ ਰਿਹਾ ਸੀ, ਉਹ ਬਹੁਤ ਤਾਕਤਵਾਰ ਸਨ।

ਉਨ੍ਹਾਂ ਕਿਹਾਕਿ ਜੋ ਲੋਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹੱਤਿਆ ਕਰ ਸਕਦੇ ਹਨ, ਉਨ੍ਹਾਂ ਨੇ ਲੋਕਤੰਤਰ ਦੀ ਵੀ ਹੱਤਿਆ ਕਰ ਦਿੱਤੀ ਹੈ। ਮੈਨੂੰ ਆਸ ਸੀ ਕਿ ਨਿਆਂ ਪਾਲਿਕਾ ਤੋਂ ਇਨਸਾਫ ਮਿਲੇਗਾ ਪਰ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਹਾਈਕੋਰਟ ਦੇ ਫੈਸਲੇ ‘ਤੇ ਕੋਈ ਬਿਆਨ ਨਹੀਂ ਦੇਣਾ ਚਾਹੁੰਦਾ ਪਰ ਮੇਰੇ ਵੱਲੋਂ ਕੀਤੀ ਜਾਂਚ ਦੀ ਇੱਕ ਇੱਕ ਲਾਈਨ ਸਬੂਤ ਹੈ।

ਉਨ੍ਹਾਂ ਕਿਹਾ ਕਿ ਜੇਕਰ ਫਰੀਦਕੋਟ ਜ਼ਿਲ੍ਹਾ ਅਦਾਲਤ ‘ਚ ਸਬੂਤ ਦੇਖ ਕੇ ਫੈਸਲਾ ਹੁੰਦਾ ਤਾਂ ਫਿਰ ਮੈਨੂੰ ਕੋਈ ਦੁੱਖ ਨਹੀਂ ਸੀ। ਕੋਈ ਵੀ ਕਾਨੂੰਨ ਦਾ ਜਾਣਕਾਰ ਹੈ, ਉਹ ਮੇਰੇ ਨਾਲ ਬਹਿਸ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜ ਚਲਾਨ ਰੱਦ ਹੋ ਗਏ ਤੇ ਚਾਰ ਹਾਲੇ ਵੀ ਅਦਾਲਤ ‘ਚ ਪਏ ਹਨ।

ਵਿਰੋਧ ਕਰਨ ਵਾਲਿਆਂ ਬਾਰੇ ਕੁੰਵਰ ਨੇ ਕਿਹਾ ਜੋ ਬੇਅਦਬੀ ਕਰਵਾ ਸਕਦੇ ਹਨ, ਉਹ ਕੁਝ ਵੀ ਕਰ ਸਕਦੇ ਹਨ। ਇਨਸਾਫ ਦੀ ਲੜਾਈ ਅੱਜ ਤੋਂ ਸ਼ੁਰੂ ਹੋ ਰਹੀ ਹੈ। ਗੁਰੂ ਸਾਹਿਬ ਦਾ ਅਦੇਸ਼ ਆਇਆ ਕਿ ਨੌਕਰੀ ‘ਚ ਰਹਿ ਕੇ ਕਮਜ਼ੋਰ ਹੋ ਗਿਆ ਸੀ ਤਾਂ ਇਸ ਨੌਕਰੀ ਨੂੰ ਛੱਡ ਦਿਓ ਤਾਂ ਛੱਡ ਦਿੱਤੀ। ਵਿਰੋਧ ਕਰਨ ਵਾਲੇ ਨਸ਼ਿਆਂ ਦੇ ਵਪਾਰੀ, ਕੇਬਲ ਨੈੱਟਵਰਕ ਤੇ ਕਬਜ਼ਾ ਕਰਨ ਵਾਲਿਆਂ ਦਾ ਖਾਤਮਾ ਹੋਵੇਗਾ। ਉਨ੍ਹਾਂ ਕਿਹਾ ਕਿ ਨਵਾਂ ਪੰਜਾਬ ਬਣੇਗਾ।

ਉਨ੍ਹਾਂ ਕਿਹਾ ਕਿ ਜੋ ਅੱਜ ਮੇਰੇ ‘ਤੇ ਦੋਸ਼ ਲਾ ਰਹੇ ਹਨ, ਉਨ੍ਹਾਂ ਨੂੰ ਆਪਣੇ ਆਪ ਜਵਾਬ ਮਿਲ ਜਾਵੇਗਾ। ਮੈਂ ਨੌਕਰੀ ਤੋਂ ਅਸਤੀਫਾ ਦਿੱਤਾ ਤਾਂ ਕੋਈ ਥੱਕ ਹਾਰ ਕੇ ਨਹੀਂ ਦਿੱਤਾ। ਜੰਗ ਦੀ ਸ਼ੁਰੂਆਤ ਕਰਨ ਲਈ ਅਸਤੀਫਾ ਦਿੱਤਾ ਹੈ। ਪੰਜਾਬ ਦੇ ਲੋਕਾਂ ਨੂੰ ਇਨਸਾਫ ਮਿਲੇਗਾ।

NO COMMENTS