ਮਾਨਸਾ, 24 ਅਕਤੂਬਰ (ਸਾਰਾ ਯਹਾਂ/ਚਾਨਣਦੀਪ ਔਲਖ) ਅੱਜ ਸਿਹਤ ਵਿਭਾਗ ਮਾਨਸਾ ਵੱਲੋਂ ਡਾਕਟਰ ਅਸ਼ਵਨੀ ਕੁਮਾਰ ਸਿਵਲ ਸਰਜਨ ਮਾਨਸਾ ਦੀ ਅਗਵਾਈ ਹੇਠ ਡਾਕਟਰ ਨਿਸ਼ਾਂਤ ਗੁਪਤਾ ਜ਼ਿਲ੍ਹਾ ਲੈਪਰੋਸੀ ਅਫਸਰ ਮਾਨਸਾ ਦੀ ਦੇਖ ਰੇਖ ਵਿੱਚ ਕੁਸ਼ਟ ਆਸ਼ਰਮ ਮਾਨਸਾ ਵਿਖੇ ਲੋੜਵੰਦ ਮਰੀਜ਼ਾਂ ਨੂੰ ਲੋੜੀਂਦਾ ਸਮਾਨ ਵੰਡਿਆ ਗਿਆ। ਚਮੜੀ ਰੋਗਾਂ ਦੇ ਮਾਹਿਰ ਡਾਕਟਰ ਨਿਸ਼ਾਂਤ ਗੁਪਤਾ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕੁਸ਼ਟ (ਕੋਹੜ) ਕੋਈ ਲਾਇਲਾਜ ਰੋਗ ਨਹੀਂ ਹੈ, ਜੇਕਰ ਸਮੇਂ ਸਿਰ ਇਸ ਦਾ ਪਤਾ ਲੱਗ ਜਾਵੇ ਤਾਂ ਇਸ ਦਾ ਇਲਾਜ ਸੰਭਵ ਹੈ। ਉਨ੍ਹਾਂ ਕਿਹਾ ਕਿ ਕੁਸ਼ਟ ਰੋਗੀਆਂ ਨਾਲ ਹਮੇਸ਼ਾ ਹਮਦਰਦੀ ਅਤੇ ਪਿਆਰ ਨਾਲ ਪੇਸ਼ ਆਉਣਾ ਚਾਹੀਦਾ ਹੈ। ਉਨ੍ਹਾਂ ਨੂੰ ਕਦੇ ਵੀ ਨਫ਼ਰਤ ਨਾਲ ਨਹੀਂ ਦੇਖਿਆ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਸਾਨੂੰ ਉਨ੍ਹਾਂ ਨਾਲ ਆਮ ਲੋਕਾਂ ਵਾਂਗ ਵਿਵਹਾਰ ਕਰਨਾ ਚਾਹੀਦਾ ਹੈ ਅਤੇ ਕੁਸ਼ਟ ਰੋਗੀਆਂ ਦੀ ਵੱਧ ਤੋਂ ਵੱਧ ਸੇਵਾ ਕਰਨੀ ਚਾਹੀਦੀ ਹੈ, ਕਿਉਂਕਿ ਇਹ ਲੋਕ ਕੋਹੜ ਕਾਰਨ ਕੋਈ ਵੀ ਕੰਮ ਕਰਨ ਤੋਂ ਅਸਮਰੱਥ ਹਨ। ਉਨ੍ਹਾਂ ਕਿਹਾ ਕਿ ਕੁਸ਼ਟ ਰੋਗ ਬਹੁ-ਔਸ਼ਧੀ ਦਵਾਈਆਂ ਨਾਲ 100 ਪ੍ਰਤੀਸ਼ਤ ਇਲਾਜਯੋਗ ਹੈ। ਜੇਕਰ ਕਿਸੇ ਮਰੀਜ਼ ਦੀ ਚਮੜੀ ਤੇ ਹਲਕੇ ਤਾਂਬੇ ਰੰਗ ਦੇ ਧੱਬੇ ਸਮੇਤ ਚਮੜੀ ਦਾ ਸੁੰਨਾਪਨ, ਨਸਾਂ ਮੋਟੀਆਂ ਅਤੇ ਸਖ਼ਤ, ਅੰਗ ਮੁੜਨੇ, ਠੰਡੇ ਤੱਤੇ ਦਾ ਅਹਿਸਾਸ ਨਾ ਹੋਣਾ ਆਦਿ ਜਿਹੇ ਲੱਛਣ ਦਿਖਾਈ ਦੇਣ ਤਾਂ ਨੇੜੇ ਦੇ ਸਰਕਾਰੀ ਹਸਪਤਾਲ ਵਿੱਚ ਲਾਜ਼ਮੀ ਚੈਕਅੱਪ ਕਰਵਾਉਣਾ ਚਾਹੀਦਾ ਹੈ ਕਿਉਕਿ ਇਹ ਲੱਛਣ ਕੁਸ਼ਟ ਰੋਗ ਦੇ ਹੋ ਸਕਦੇ ਹਨ। ਉਹਨਾਂ ਕਿਹਾ ਕਿ ਸਾਰੇ ਜ਼ਿਲ੍ਹਾ ਹਸਪਤਾਲਾਂ ਵਿੱਚ ਕੁਸ਼ਟ ਰੋਗ ਦੀ ਦਵਾਈ ਬਿਲਕੁਲ ਮੁਫ਼ਤ ਦਿੱਤੀ ਜਾਂਦੀ ਹੈ। ਇਸ ਮੌਕੇ ਤੇ ਕੁਸ਼ਟ ਆਸ਼ਰਮ ਦੇ ਮਰੀਜਾਂ ਨੂੰ ਸਿਹਤ ਵਿਭਾਗ ਵੱਲੋਂ ਚਾਨਣ ਦੀਪ ਸਿੰਘ ਅਤੇ ਲਲਿਤ ਕੁਮਾਰ ਨੇ ਬਾਲਟੀਆਂ ਮੱਗ ਅਤੇ ਤੋਲੀਏ ਵੰਡੇ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਕੁਸ਼ਟ ਰੋਗ ਦੇ ਮਰੀਜਾਂ ਨੂੰ ਸਮੇਂ ਸਮੇਂ ਤੇ ਲੋੜੀਂਦੀਆਂ ਵਸਤਾਂ, ਦਵਾਈਆਂ, ਪੱਟੀਆਂ ਆਦਿ ਮੁਹਈਆ ਕਰਵਾਈਆਂ ਜਾਂਦੀਆਂ ਹਨ। ਇਸ ਮੌਕੇ ਕੁਸ਼ਟ ਆਸ਼ਰਮ ਵਿੱਚ ਰਹਿ ਰਹੇ ਮਰੀਜ਼ਾਂ ਨੇ ਆਪਣੀਆਂ ਹੋਰ ਜ਼ਰੂਰਤਾਂ ਬਾਰੇ ਵੀ ਸਿਹਤ ਕਰਮਚਾਰੀਆਂ ਨੂੰ ਜਾਣੂ ਕਰਵਾਇਆ।