ਬੁਢਲਾਡਾ 14 ਸਤੰਬਰ (ਸਾਰਾ ਯਹਾਂ/ਮੁੱਖ ਸੰਪਾਦਕ) ਅੱਜ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਜਿਸਦੀ ਅਗਵਾਈ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਕਰ ਰਹੇ ਹਨ, ਵੱਲੋਂ ਬੁਢਲਾਡਾ ਬਲਾਕ ਦੇ ਪਿੰਡਾਂ ਵਿੱਚ ਨੁੱਕੜ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ । ਬੀਤੇ ਦਿਨੀਂ ਜਥੇਬੰਦੀ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਕੁਲਰੀਆਂ ਵਿੱਚ ਆਬਾਦਕਾਰ ਕਿਸਾਨਾਂ ਦੇ ਚੱਲ ਰਹੇ ਜ਼ਮੀਨੀ ਘੋਲ ਨੂੰ 20 ਸਤੰਬਰ ਤੋਂ 5 ਅਕਤੂਬਰ ਤੱਕ ਪੜਾਵਾਰ ਕਾਫਲਿਆਂ ਦੇ ਰੂਪ ਵਿੱਚ ਤਿੱਖਾ ਕੀਤਾ ਜਾਵੇਗਾ । ਜਿਸਦੀ ਤਿਆਰੀ ਵਜੋਂ ਅੱਜ ਪਿੰਡ ਕੁੱਲਰੀਆਂ ਵਿੱਚ ਵਿਸ਼ਾਲ ਰੈਲੀ ਕੀਤੀ ਗਈ ।
ਇਸ ਮੌਕੇ ਸੰਬੋਧਨ ਕਰਦਿਆਂ ਸੂਬਾ ਕਮੇਟੀ ਮੈਂਬਰ ਮੱਖਣ ਸਿੰਘ ਭੈਣੀ ਬਾਘਾ, ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਅਕਲੀਆ ਅਤੇ ਜਿਲ੍ਹਾ ਜਨਰਲ ਸਕੱਤਰ ਤਾਰਾ ਚੰਦ ਬਰੇਟਾ ਵੱਲੋਂ ਕਿਹਾ ਗਿਆ ਕਿ ਪਿੰਡ ਕੁੱਲਰੀਆਂ ਦੇ ਆਬਾਦਕਾਰ ਕਿਸਾਨਾਂ ਨੂੰ ਮਾਲਕੀ ਹੱਕਾਂ ਦਵਾਉਣ ਤੱਕ ਇਹ ਸੰਘਰਸ਼ ਮੱਘਦਾ ਰੱਖਿਆ ਜਾਵੇਗਾ । ਉਨ੍ਹਾਂ ਸੱਤਾਧਾਰੀ ਸਰਕਾਰ ਉੱਤੇ ਦੋਸ਼ ਲਾਉਂਦਿਆਂ ਕਿਹਾ ਕਿ ਭਗਵੰਤ ਮਾਨ ਅਤੇ ਕਾਰਜਕਾਰੀ ਪ੍ਰਧਾਨ ਬੁੱਧਰਾਮ ਵੱਲੋਂ ਲੋਕਾਂ ਤੋਂ ਭੂੰ-ਮਾਫ਼ੀਏ ਦੀ ਮੱਦਦ ਨਾਲ ਧੱਕੇ ਨਾਲ ਜਮੀਨਾਂ ਖੋਹੀਆਂ ਜਾ ਰਹੀਆਂ ਹਨ । ਉਨ੍ਹਾਂ ਮਾਮਲੇ ਉੱਤੇ ਰੌਸ਼ਨੀ ਪਾਉਂਦਿਆਂ ਕਿਹਾ ਕਿ ਪਿੰਡ ਦੇ ਆਬਾਦਕਾਰ ਕਿਸਾਨਾਂ ਨੂੰ ਜੁਮਲਾ ਮਸਤਰਕਾ ਖਾਤੇ ਦੀ ਜ਼ਮੀਨ ਜੋ ਮੁਰੱਬਾਬੰਦੀ ਵਿਭਾਗ ਵੱਲੋਂ ਅਲਾਟ ਕੀਤੀ ਗਈ ਸੀ ਪਰ ਸਰਕਾਰ ਵੱਲੋਂ ਪ੍ਰਸ਼ਾਸਨ ਦੀ ਮਦਦ ਨਾਲ ਕਿਸਾਨਾਂ ਨੂੰ ਉਹਨਾਂ ਦੀ ਜ਼ਮੀਨ ਉੱਤੇ ਕਾਸ਼ਤ ਕਰਨ ਤੋਂ ਵਾਂਝੇ ਕੀਤਾ ਹੋਇਆ ਹੈ ਅਤੇ ਜ਼ਮੀਨ ਨੂੰ ਜਬਰੀ ਹਥਿਆਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ । ਅੱਜ ਜਥੇਬੰਦੀ ਵੱਲੋਂ ਬੁਢਲਾਡਾ ਬਲਾਕ ਦੇ ਪਿੰਡਾਂ ਕੁਲਰੀਆਂ, ਰੰਘੜਿਆਲ, ਮੰਡੇਰ ਅਤੇ ਬਰੇਟਾ ਵਿੱਚ ਭਰਵੇਂ ਇਕੱਠ ਕੀਤੇ ਗਏ । ਜਿਸ ਵਿੱਚ 20 ਤਰੀਕ ਦੀ ਜਿਲੇ ਦੇ ਪਹਿਲੇ ਕਾਫ਼ਲੇ ਵਿੱਚ ਵੱਡੀ ਗਿਣਤੀ ਵਿੱਚ ਕਿਸਾਨਾਂ ਨੂੰ ਸ਼ਾਮਿਲ ਹੋਣ ਦੀ ਅਪੀਲ ਕੀਤੀ ਗਈ ਅਤੇ ਇਹਨਾਂ ਮੀਟਿੰਗਾਂ ਦੌਰਾਨ ਸਰਕਾਰ ਵੱਲੋਂ ਸੀਜਨ ਆਉਣ ਤੋਂ ਪਹਿਲਾਂ ਡੀਏਪੀ ਦਾ ਪ੍ਰਬੰਧ ਨਾ ਕਰਨ ਦੀ ਨਿਖੇਧੀ ਕਰਦਿਆਂ ਮੰਗ ਕੀਤੀ ਗਈ ਕਿ ਖਾਦ ਸਮੇਂ ਸਿਰ ਉਪਲਬਧ ਕਰਾਈ ਜਾਵੇ ਅਤੇ ਸੈਲਰ ਮਾਲਕਾਂ ਦੀਆਂ ਸਮੱਸਿਆਵਾਂ ਦਾ ਜਲਦ ਹੀ ਨਿਪਟਾਰਾ ਕਰਕੇ ਹੜਤਾਲ ਖਤਮ ਕਰਾਕੇ ਜੀਰੀ ਦੀ ਖਰੀਦ ਲਈ ਰਾਹ ਪੱਧਰਾ ਕੀਤਾ ਜਾਵੇ, ਮਜਬੂਰੀ ਬੱਸ ਪਰਾਲੀ ਨੂੰ ਅੱਗ ਲਾਉਣ ਵਾਲੇ ਕਿਸਾਨਾਂ ਦੀਆਂ ਪਿਛਲੇ ਸਮੇਂ ਦੀਆਂ ਫਰਦਾਂ ਉੱਤੇ ਕੀਤੀਆਂ ਰੈੱਡ ਐਂਟਰੀਆਂ ਖਤਮ ਕੀਤੀਆਂ ਜਾਣ । ਇਸ ਤੋਂ ਇਲਾਵਾ ਜ਼ਮੀਨਾਂ ਦੇ ਮਾਲਕੀ ਹੱਕ ਬਹਾਲ ਕੀਤੇ ਜਾਣ, ਕਿਸਾਨਾਂ ਨੂੰ ਜਮੀਨ ਤੋਂ ਬੇ-ਦਖਲ ਕਰਨ ਕਰਨਾ ਬੰਦ ਕੀਤਾ ਜਾਵੇ, ਕਿਸਾਨਾਂ ਦੇ ਉੱਤੇ ਹਮਲਾ ਕਰਨ ਵਾਲੇ ਭੂ-ਮਾਫੀਆ ਨੂੰ ਸਖਤ ਸਜਾਵਾਂ ਦੇਣ ਅਤੇ ਗ੍ਰਿਫਤਾਰ ਕੀਤਾ ਜਾਵੇ, ਕਿਸਾਨਾਂ ਅਤੇ ਕਿਸਾਨ ਆਗੂਆਂ ਤੇ ਬਣਾਏ ਝੂਠੇ ਪਰਚੇ ਰੱਦ ਕੀਤੇ ਜਾਣ ਆਦਿ ਮੰਗਾਂ ਦੇ ਨਿਪਟਾਰੇ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ ।
ਇਸ ਸਮੇਂ ਸੰਬੋਧਨ ਕਰਨ ਵਾਲੇ ਆਗੂਆਂ ਵਿੱਚ ਜਿਲਾ ਆਗੂ ਜਗਦੇਵ ਸਿੰਘ ਕੋਟਲੀ, ਬਲਾਕ ਬਲਾਡਾ ਦੇ ਪ੍ਰਧਾਨ ਬਲਦੇਵ ਸਿੰਘ ਪਿੱਪਲੀਆਂ, ਤੇਜ ਰਾਮ ਅਹਿਮਦਪੁਰ, ਬਸਾਵਾ ਸਿੰਘ ਧਰਮਪੁਰਾ, ਜਗਜੀਵਨ ਸਿੰਘ ਅਤੇ ਗੁਰਪ੍ਰੀਤ ਸਿੰਘ ਕੁੱਲਰੀਆਂ ਆਦਿ ਸ਼ਾਮਿਲ ਰਹੇ ।