
ਲੁਧਿਆਣਾ: ਲੁਧਿਆਣਾ (Ludhiana) ਦੀ ਸਬਜ਼ੀ ਮੰਡੀ ’ਚ ਕੋਵਿਡ-19 ਨਾਲ ਸਬੰਧਤ ਨਿਯਮਾਂ (guidelines related to Covid-19) ਤੇ ਹਦਾਇਤਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਏਐੱਨਆਈ ਦੀ ਰਿਪੋਰਟ ਅਨੁਸਾਰ ਅੱਜ ਸੋਮਵਾਰ ਦੀ ਸਵੇਰ ਨੂੰ ਇੱਥੋਂ ਦੀ ਸਬਜ਼ੀ ਮੰਡੀ ਵਿੱਚ ਵੱਡੀ ਭੀੜ ਵੇਖੀ ਗਈ। ਜ਼ਿਆਦਾਤਰ ਲੋਕ ਕੋਵਿਡ-19 ਨਾਲ ਸਬੰਧਤ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ (violating the guidelines) ਕਰਦੇ ਵੀ ਵਿਖਾਈ ਦਿੱਤੇ। ਬਹੁਤੇ ਲੋਕ ਬਿਨਾ ਮਾਸਕ (Without Mask) ਤੋਂ ਬਿਨਾ ਦੋ ਗਜ਼ ਦੀ ਦੂਰੀ ਦੇ ਵਿਖਾਈ ਦਿੱਤੇ।
ਮੰਡੀ ’ਚ ਇੱਕ ਸਬਜ਼ੀ ਵਿਕਰੇਤਾ ਸ਼ਿਵਮ ਨੇ ਦੱਸਿਆ ਕਿ ਉਹ ਪਿਛਲੇ 10-15 ਸਾਲਾਂ ਤੋਂ ਇੱਥੇ ਕੰਮ ਕਰ ਰਹੇ ਹਨ। ਅੱਜ ਸੋਮਵਾਰ ਨੂੰ ਵਧੇਰੇ ਭੀੜ ਇਸ ਲਈ ਹੁੰਦੀ ਹੈ ਕਿਉਂਕਿ ਸਨਿੱਚਰਵਾਰ ਤੇ ਐਤਵਾਰ ਨੂੰ ਪੰਜਾਬ ਦੇ ਸਾਰੇ ਸ਼ਹਿਰਾਂ ਵਾਂਗ ਲੁਧਿਆਣਾ ’ਚ ਵੀ ਲੌਕਡਾਊਨ ਲੱਗਾ ਹੁੰਦਾ ਹੈ ਤੇ ਸਭ ਕੁਝ ਬੰਦ ਹੁੰਦਾ ਹੈ। ਮੰਡੀ ’ਚ ਆਏ ਇੱਕ ਗਾਹਕ ਪੁਸ਼ਪਾ ਦੇਵੀ, ਜਿਨ੍ਹਾਂ ਨੇ ਮਾਸਕ ਨਹੀਂ ਪਹਿਨਿਆ ਸੀ, ਨੇ ਕਿਹਾ ਕਿ ਉਹ ਆਪਣਾ ਚਿਹਰਾ ਦੁਪੱਟੇ ਨਾਲ ਢਕ ਲੈਂਦੇ ਹਨ।
ਸਬਜ਼ੀ ਮੰਡੀ ਦੇ ਇੱਕ ਹੋਰ ਵਿਕਰੇਤਾ ਨੇ ਕਿਹਾ ਕਿ ਮੰਡੀ ’ਚ ਕਿਤੇ ਵੀ ਸੈਨੀਟਾਈਜ਼ਰਜ਼ ਜਾਂ ਮਾਸਕਾਂ ਦੀ ਕੋਈ ਵਿਵਸਥਾ ਨਹੀਂ ਹੈ ਤੇ ਪੁਲਿਸ ਵੀ ਇੱਥੇ ਆ ਕੇ ਬਿਨਾ ਵਜ੍ਹਾ ਪਰੇਸ਼ਾਨ ਕਰਦੀ ਹੈ। ਇੱਕ ਵਿਕਰੇਤਾ ਰਾਮ ਸ਼ੰਕਰ ਨੇ ਕਿਹਾ ਕਿ ਰਿਹਾਇਸ਼ੀ ਇਲਾਕਿਆਂ ’ਚ ਸਬਜ਼ੀਆਂ ਦੀਆਂ ਜ਼ਿਆਦਾਤਰ ਦੁਕਾਨਾਂ ਬੰਦ ਪਈਆਂ ਹਨ, ਇਸ ਲਈ ਵੀ ਮੰਡੀ ’ਚ ਭੀੜ ਕੁਝ ਵੱਧ ਹੋ ਜਾਂਦੀ ਹੈ। ‘ਡਰ ਤਾਂ ਸਾਨੂੰ ਵੀ ਲੱਗਦਾ ਹੈ ਪਰ ਅਸੀਂ ਕਰ ਕੁਝ ਨਹੀਂ ਸਕਦੇ। ਸਾਨੂੰ ਆਪਣੇ ਬੱਚੇ ਪਾਲਣ ਲਈ ਕੰਮ ਤਾਂ ਕਰਨਾ ਹੀ ਪੈਣਾ ਹੈ।’
ਦੱਸ ਦੇਈਏ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੰਘੀ 27 ਮਈ ਨੂੰ ਕੋਵਿਡ-19 ਦੀਆਂ ਪਾਬੰਦੀਆਂ 10 ਜੂਨ ਤੱਕ ਵਧਾਉਣ ਦਾ ਐਲਾਨ ਕੀਤਾ ਸੀ। ਇਸ ਦੌਰਾਨ ਐਤਵਾਰ ਨੂੰ ਪੰਜਾਬ ਵਿੱਚ ਕੋਵਿਡ-19 ਦੇ 2,627 ਨਵੇਂ ਕੇਸ ਸਾਹਮਣੇ ਆਏ ਤੇ 127 ਮੌਤਾਂ ਹੋਈਆਂ। ਉਂਝ 5,371 ਵਿਅਕਤੀ ਕੋਵਿਡ ਤੋਂ ਠੀਕ ਵੀ ਹੋਏ।
