*ਕੀ ਕਰੋਨਾ ਦੀ ਦੂਜੀ ਲਹਿਰ 5ਜੀ ਟੈਸਟਿੰਗ ਨਾਲ ਫੈਲ ਰਹੀ ਹੈ?*

0
66

  2019-2020 ਵਿੱਚ ਕਰੋਨਾ ਮਹਾਂਮਾਰੀ ਨੇ ਪੂਰੀ ਦੁਨੀਆਂ ਨੂੰ ਆਪਣੇ ਪ੍ਰਭਾਵ ਵਿੱਚ ਲਿਆ। ਭਾਰਤ ਵਿੱਚ ਪਿਛਲੇ ਸਾਲ ਕਰੋਨਾ ਮਹਾਂਮਾਰੀ ਨਾਲ ਭਾਵੇਂ ਵਧੇਰੇ ਜਾਨੀ ਨੁਕਸਾਨ ਨਹੀਂ ਹੋਇਆ ਪਰ ਇਸ ਸਾਲ ਕਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਬੜੀ ਤੇਜ਼ੀ ਨਾਲ ਫੈਲ ਰਹੀ ਹੈ ਅਤੇ ਵਧੇਰੇ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਹਨ। ਲੋਕਾਂ ਵਿੱਚ ਕਰੋਨਾ ਮਹਾਂਮਾਰੀ ਸਬੰਧੀ ਸਮੇਂ ਸਮੇਂ ਤੇ ਬਹੁਤ ਸਾਰੀਆਂ ਗੱਲਾਂ ਪ੍ਰਚਿਲਤ ਹੋ ਰਹੀਆਂ ਹਨ। ਕਰੋਨਾ ਦੀ ਪਹਿਲੀ ਲਹਿਰ ਤੋਂ ਬਾਅਦ ਆਮ ਸੁਣਨ ਨੂੰ ਮਿਲਿਆ ਕਿ ਕਰੋਨਾ ਕੋਈ ਮਹਾਂਮਾਰੀ ਨਹੀਂ ਬਲਕਿ ਸਰਕਾਰਾਂ ਦੀ ਗਿਣੀਮਿਥੀ ਸਾਜਿਸ਼ ਹੈ। ਕੁਝ ਲੋਕ  ਇਸ ਨੂੰ 5ਜੀ ਇੰਟਰਨੈੱਟ ਦੀ ਟੈਸਟਿੰਗ ਨਾਲ ਜੋੜ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕਰੋਨਾ ਦਾ ਤਾਂ ਨਾਮ ਲੱਗ ਰਿਹਾ ਇਹ 5ਜੀ ਟੈਸਟਿੰਗ ਦੇ ਮਾੜੇ ਪ੍ਰਭਾਵ ਕਾਰਨ ਮੌਤਾਂ ਹੋ ਰਹੀਆਂ ਹਨ।
 
    ਆਓ ਪਹਿਲਾਂ ਜਾਣਦੇ ਹਾਂ ਕਿ 5ਜੀ ਹੈ ਕੀ ? ਜਦੋਂ ਤੋਂ ਮੋਬਾਈਲ ਫੋਨ ਨੈਟਵਰਕ ਦੀ ਵਰਤੋਂ ਸ਼ੁਰੂ ਹੋਈ ਹੈ ਟਾਇਮ ਨਾਲ ਇਸ ਵਿੱਚ ਜੋ ਸੁਧਾਰ ਕੀਤੇ ਗਏ ਉਨ੍ਹਾਂ ਨੂੰ ਜਨਰੇਸਨ (ਪੀੜ੍ਹੀ) ਦਾ ਨਾਮ ਦਿੱਤਾ ਜਾਂਦਾ ਹੈ। ਸ਼ੁਰੂ ਵਿੱਚ 1ਜੀ (ਪਹਿਲੀ ਜਨਰੇਸਨ) ਮੋਬਾਈਲ ਫੋਨ ਨੈਟਵਰਕ ਸਿਰਫ ਗੱਲਬਾਤ ਕਰਨ ਦੀ ਸਹੂਲਤ ਦਿੰਦਾ ਸੀ। ਫਿਰ 2ਜੀ ਨੈਟਵਰਕ ਨਾਲ ਐਸ ਐਮ ਐਸ ਭੇਜਣ ਦੀ ਸੁਵਿਧਾ ਮਿਲੀ। ਫਿਰ 3ਜੀ ਨੈਟਵਰਕ ਨਾਲ ਇੰਟਰਨੈੱਟ ਵੀ ਵਰਤਿਆ ਜਾਣ ਲੱਗਾ ਪਰ ਇਸ ਦੀ ਸਪੀਡ ਜ਼ਿਆਦਾ ਨਹੀਂ ਸੀ। 4ਜੀ ਦੇ ਆਗਮਨ ਨਾਲ ਹਾਈ ਸਪੀਡ ਇੰਟਰਨੈੱਟ ਦੀ ਮਦਦ ਨਾਲ ਵੀਡੀਓ ਕਾਲਿੰਗ, ਵੀਡੀਓ ਸਟਰਿਮਿੰਗ ਵਰਗੀਆਂ ਸਹੂਲਤਾਂ ਮਿਲੀਆਂ। ਹੁਣ ਨੈਟਵਰਕ ਵਿੱਚ ਹੋਰ ਸੁਧਾਰ ਕਰਨ ਲਈ 5ਜੀ ਨੈਟਵਰਕ ਪੇਸ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਹਨ।  ਜੋ ਕਿ ਸੂਪਰ ਹਾਈ ਸਪੀਡ ਇੰਟਰਨੈੱਟ ਨਾਲ ਸਮਾਰਟ ਹੋਮ ਵਰਗੀਆਂ ਸੁਵਿਧਾਵਾਂ ਪ੍ਰਦਾਨ ਕਰੇਗਾ।
   
    ਦਸੰਬਰ 2018 ਵਿੱਚ ਨੀਦਰਲੈਂਡ ਵਿੱਚ ਕਿਸੇ ਕਾਰਨ ਲੱਗਭੱਗ 300  ਪੰਛੀ ਮਰ ਗਏ। ਨੀਦਰਲੈਂਡ ਦੇ ਅਖ਼ਬਾਰਾਂ ਨੇ ਇਨ੍ਹਾਂ ਪੰਛੀਆਂ ਦੇ ਮਰਨ ਪਿੱਛੇ 5ਜੀ ਟੈਸਟਿੰਗ ਦੇ ਜ਼ਿਮੇਵਾਰ ਹੋਣ ਦਾ ਖਦਸ਼ਾ ਪ੍ਰਗਟਾਇਆ ਪਰ ਉਨ੍ਹਾਂ ਨੇ ਇਹ ਕਿਧਰੇ ਨਹੀਂ ਕਿਹਾ ਕਿ ਪੰਛੀਆਂ ਦੀ ਮੌਤ 5ਜੀ ਟੈਸਟਿੰਗ ਨਾਲ ਹੀ ਹੋਈ ਹੈ। ਪਰ ਸਾਡੇ ਭਾਰਤੀ ਮੀਡੀਆ ਨੇ ਉਨ੍ਹਾਂ ਦੇ ਸਿਰਫ ਸ਼ੰਕੇ ਨੂੰ ਸੱਚ ਬਣਾ ਕੇ ਪੇਸ਼ ਕਰ ਦਿੱਤਾ। ਹੋਰ ਤਾਂ ਹੋਰ ਭਾਰਤ ਵਿੱਚ ਇਸ ਉਪਰ ਇੱਕ ਫਿਲਮ ਵੀ ਬਣ ਗਈ। ਜਿਸ ਨੇ ਲੋਕਾਂ ਦੇ ਮਨ ਵਿੱਚ ਇਸ ਗੱਲ ਨੂੰ ਪੱਕਾ ਕਰ ਦਿੱਤਾ। ਜਦੋਂ ਦਸੰਬਰ 2019 ਵਿੱਚ ਕਰੋਨਾ ਦੀ ਸ਼ੁਰੂਆਤ ਹੋਈ  ਤਾਂ ਇਸ ਮਨਘੜਤ ਖਬਰ ਨੂੰ ਕਰੋਨਾ ਨਾਲ ਜੋੜ ਦਿੱਤਾ ਗਿਆ। ਯੁਟਿਉਬ ਅਤੇ ਫੇਸਬੁਕ ਤੇ ਇਸ ਤਰ੍ਹਾਂ ਦੀਆਂ ਮਨਘੜਤ ਖਬਰਾਂ ਅਕਸਰ ਫੈਲਾਈਆਂ ਜਾਂਦੀਆਂ ਹਨ ਜਿਨ੍ਹਾਂ ਪਿਛੇ ਕੋਈ ਤਰਕ ਨਹੀਂ ਹੁੰਦਾ।
  
    ਜੇਕਰ ਮੰਨ ਲਈਏ ਕਰੋਨਾ 5ਜੀ ਦੀ ਟੈਸਟਿੰਗ ਨਾਲ ਫੈਲਿਆ ਹੈ ਤਾਂ ਅਫਰੀਕਾ ਦੇ ਕੁਝ ਦੇਸ਼ ਜਿਥੇ 3ਜੀ ਨੈਟਵਰਕ ਵੀ ਨਹੀਂ ਪਹੁੰਚਿਆ ਹੈ ਉਥੇ ਕਰੋਨਾ ਦੇ ਮਰੀਜ਼ਾਂ ਦੀ ਭਰਮਾਰ ਕਿਉਂ ਹੈ? ਦੂਜਾ  ਇਸ ਨੈਟਵਰਕ ਵਿੱਚ ਇਲੈਕਟ੍ਰੋਮੈਗਨੈਟਿਕ ਰੈਡੀਏਸਨ ਤੇ  ਮੋਡੁਲੇਸਨ ਦੇ ਮਾਧਿਅਮ ਨਾਲ ਕੇਵਲ ਸੂਚਨਾਵਾਂ ਭੇਜੀਆਂ ਜਾ ਸਕਦੀਆਂ ਹਨ ਵਾਇਰਸ ਨਹੀਂ। ਇਹ ਸਭ ਫਰਜ਼ੀ ਖਬਰਾਂ ਹਨ। ਵਿਸ਼ਵ ਸਿਹਤ ਸੰਗਠਨ ਅਤੇ ਯੂਨੀਸੈਫ ਵੀ ਇਸ ਦੀ ਪੁਸ਼ਟੀ ਕਰ ਚੁੱਕੇ ਹਨ ਕਿ ਕਰੋਨਾ ਵਾਇਰਸ ਇਸ ਤਰ੍ਹਾਂ ਨਹੀਂ ਫੈਲਦਾ।
  
         ਸਾਡੇ ਭਾਰਤੀ ਸਮਾਜ ਵਿੱਚ ਇਸ ਤਰ੍ਹਾਂ ਦੀਆਂ ਅਫਵਾਹਾਂ ਅਕਸਰ ਫੈਲਦੀਆਂ ਰਹਿੰਦੀਆਂ ਹਨ ਅਤੇ ਲੋਕ ਵੀ ਬੜੀ ਛੇਤੀ ਇਨਾਂ ਉਤੇ ਵਿਸ਼ਵਾਸ ਕਰ ਲੈਂਦੇ ਹਨ ਅਤੇ ਬਿਨਾਂ ਸੋਚੇ ਸਮਝੇ ਅੱਗੇ ਸ਼ੇਅਰ ਕਰ ਦਿੰਦੇ ਹਨ। ਇਸ ਤਰ੍ਹਾਂ ਦੀਆਂ ਅਫਵਾਹਾਂ ਤੇ ਵਿਸ਼ਵਾਸ ਕਰਨ ਦੀ ਥਾਂ ਸਾਨੂੰ ਇਸ ਮਹਾਂਮਾਰੀ ਤੋਂ ਬਚਾਅ ਲਈ ਸਮਾਜਿਕ ਦੂਰੀ, ਨਿਯਮਤ ਹੱਥ ਧੋਣੇ, ਮਾਸਕ ਪਹਿਨਣਾ ਆਦਿ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਜੇਕਰ ਕੋਈ ਲੱਛਣ ਦਿਖਾਈ ਦੇਵੇ ਤਾਂ ਤੁਰੰਤ ਟੈਸਟ ਕਰਵਾਉਣਾ ਚਾਹੀਦਾ ਹੈ ਅਤੇ ਕਰੋਨਾ ਮਹਾਂਮਾਰੀ ਤੋਂ ਬਚਣ ਲਈ ਐਂਟੀ ਕੋਵਿਡ ਵੈਕਸੀਨ ਜ਼ਰੂਰ ਲਗਵਾ ਲੈਣੀ ਚਾਹੀਦੀ ਹੈ।

ਚਾਨਣ ਦੀਪ ਸਿੰਘ ਔਲਖ

ਚਾਨਣ ਦੀਪ ਸਿੰਘ ਔਲਖ, ਪਿੰਡ ਗੁਰਨੇ ਖੁਰਦ (ਮਾਨਸਾ) ਸਪੰਰਕ 9876888177

LEAVE A REPLY

Please enter your comment!
Please enter your name here