ਕਿਸਾਨ ਸੰਘਰਸ਼ ਨੂੰ ਭਟਕਾਉਣ ਦੇ ਕੌਣ ਕਰ ਰਿਹਾ ਯਤਨ? ਕਿਸਾਨ ਲੀਡਰਾਂ ਨੇ ਜਤਾਇਆ ਖਦਸ਼ਾ, ਲੋਕਾਂ ਨੂੰ ਅਪੀਲ

0
41

ਚੰਡੀਗੜ੍ਹ 13 ਅਕਤੂਬਰ (ਸਾਰਾ ਯਹਾ/ਬਿਓਰੋ ਰਿਪੋਰਟ): ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਪੰਜਾਬ ‘ਚ ਕਿਸਾਨ ਅੰਦੋਲਨ ਪੂਰੇ ਸਿਖਰਾਂ ‘ਤੇ ਹੈ। ਇਸ ਦਾ ਸੇਕ ਕੇਂਦਰ ਤਕ ਵੀ ਪਹੁੰਚ ਰਿਹਾ ਹੈ, ਨਤੀਜਾ ਕੇਂਦਰ ਵੱਲੋਂ ਦੋ ਵਾਰ ਕਿਸਾਨਾਂ ਨੂੰ ਗੱਲਬਾਤ ਲਈ ਸੱਦਾ ਦੇਣਾ ਤੇ ਕੇਂਦਰੀ ਮੰਤਰੀਆਂ ਦੀ ਟੀਮ ਬਣਾਉਣਾ। ਅਜਿਹੇ ‘ਚ ਕਿਸਾਨ ਲੀਡਰਾਂ ਨੇ ਖਦਸ਼ਾ ਜਤਾਇਆ ਕਿ ਸਿਖਰ ‘ਤੇ ਪਹੁੰਚ ਚੁੱਕੇ ਕਿਸਾਨ ਸੰਘਰਸ਼ ਦਾ ਰਾਹ ਭਟਕਾਉਣ ਦੀਆਂ ਕੋਸ਼ਿਸ਼ਾਂ ਵੀ ਅੰਦਰਖਾਤੇ ਤੇਜ਼ ਹੋ ਗਈਆਂ ਹਨ।

ਕਿਸਾਨ ਲੀਡਰ ਸਰਵਣ ਸਿੰਘ ਪੰਧੇਰ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਰੀਆਂ ਸਿਆਸੀ ਧਿਰਾਂ ‘ਇਕੋ ਥਾਲੀ ਦੇ ਵੱਟੇ’ ਹਨ। ਅਜਿਹੇ ‘ਚ ਇਨ੍ਹਾਂ ਤੋਂ ਬਚ ਕੇ ਰਿਹਾ ਜਾਵੇ। ਉਨ੍ਹਾਂ ਕਿਹਾ ਬੀਜੇਪੀ ਲੀਡਰਸ਼ਿਪ ਦਾ ਇਸ ਵੇਲੇ ਪੂਰਾ ਜ਼ੋਰ ਲੱਗਾ ਹੈ ਕਿ ਕਿਸਾਨ ਅੰਦੋਲਨ ‘ਚ ਫੁੱਟ ਕਿਵੇਂ ਪਾਈ ਜਾਵੇ। ਉਨ੍ਹਾਂ ਕਿਹਾ ਹਿੰਦੂ ਸਿਖਾਂ ‘ਚ ਫੁੱਟ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਸਕਦੀਆਂ ਤਾਂ ਜੋ ਇਹ ਕੂੜ ਪ੍ਰਚਾਰ ਕਰਕੇ ਕਿਸਾਨ ਅੰਦੋਲਨ ਫਿੱਕਾ ਪਾ ਸਕਣ।

ਉਨ੍ਹਾਂ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਸਾਡੀ ਲੜਾਈ ਜਾਤੀ ਨਾ ਹੋ ਕੇ ਜਮਾਤੀ ਹੈ ਯਾਨੀ ਕਿ ਸਰਕਾਰ ਦੇ ਫੈਸਲਿਆਂ ਖਿਲਾਫ। ਉਨ੍ਹਾਂ ਕਿਹਾ ਸਾਨੂੰ ਕਿਸਾਨ ਘੋਲਾਂ ਦੀ ਰਾਖੀ ਕਰਨੀ ਪਵੇਗੀ ਕਿ ਕੋਈ ਸ਼ਰਾਰਤੀ ਅਨਸਰ ਦਾਖਲ ਨਾ ਹੋ ਸਕਣ। ਉਨ੍ਹਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਬਿਆਨ ਦਾ ਹਵਾਲਾ ਦਿੰਦਿਆਂ ਕਿਹਾ ਕਿ ਪਹਿਲਾਂ ਵੀ ਕਿਸਾਨ ਅੰਦੋਲਨ ਚੱਲ ਰਿਹਾ ਸੀ ਉਦੋਂ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਾਮਲਾ ਆਇਆ ਤੇ ਹੁਣ ਫਿਰ ਉਵੇਂ ਹੀ ਹੋਇਆ ਹੈ।

ਪੰਧੇਰ ਨੇ ਕਿਹਾ ਸਰਕਾਰਾਂ ਜ਼ੋਰ ਲਾਉਣਗੀਆਂ ਕਿ ਧਾਰਮਿਕ ਭਾਵਨਾਵਾਂ ਭੜਕਾਈਆਂ ਜਾਣ। ਜਾਤੀ ਆਧਾਰਤ ਫੁੱਟ ਪਾਈ ਜਾਵੇ ਤੇ ਧਿਆਨ ਭਟਕਾਇਆ ਜਾਵੇ। ਉਨ੍ਹਾਂ ਜਾਗਰੂਕ ਕੀਤਾ ਕਿ ਸਾਨੂੰ ਕਿਸਾਨ ਸੰਘਰਸ਼ ਕਾਮਯਾਬ ਬਣਾਉਣ ਲਈ ਜਾਗਦੇ ਰਹਿਣ ਦੀ ਲੋੜ ਹੈ। ਉਨ੍ਹਾਂ ਮੀਡੀਆ ‘ਤੇ ਵੀ ਤੰਜ ਕੱਸਦਿਆਂ ਕਿਹਾ ਮੀਡੀਆ ਕਾਰਪੋਰੇਟ ਘਰਾਣਿਆਂ ਦਾ ਹੈ। ਕਿਸਾਨ ਸੰਘਰਸ਼ ਤੋਂ ਧਿਆਨ ਭਟਕਾਉਣ ਲਈ ਕੋਈ ਵੀ ਪ੍ਰਚਾਰ ਕੀਤਾ ਜਾ ਸਕਦਾ ਹੈ।

ਉਨ੍ਹਾਂ ਹਰ ਉਹ ਪਹਿਲੂ ਦੱਸਿਆ ਕਿ ਕਿਸਾਨ ਸੰਘਰਸ਼ ਲਹਿਰ ਕਮਜ਼ੋਰ ਕਰਨ ਲਈ ਹਾਕਮ ਧਿਰ ਕਿਵੇਂ ਹਰ ਚਾਰਾਜ਼ੋਈ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜਿਵੇਂ ਪੰਜਾਬ ‘ਚ ਬਲੈਕਆਊਟ ਦੀ ਗੱਲ ਕੀਤੀ ਜਾ ਰਹੀ ਹੈ, ਚੀਜ਼ਾਂ ਵਸਤਾਂ ਘਟ ਰਹੀਆਂ ਹਨ। ਉਨ੍ਹਾਂ ਸਪਸ਼ਟ ਕੀਤਾ ਤਿ ਮੁਹਾਲੀ ਤਕ ਰੇਲ ਆ ਰਹੀ ਹੈ। ਸੋ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ ਤੇ ਉੱਥੋਂ ਸਮਾਨ ਢੋਇਆ ਜਾ ਸਕਦਾ ਹੈ।

ਪੰਧੇਰ ਨੇ ਕਿਹਾ ਕਿਸਾਨ ਸੰਘਰਸ਼ ਦੀ ਸ਼ਾਂਤਮਈ ਲਹਿਰ ਹੈ ਤੇ ਜਿੱਤ ਵੱਲ ਜਾਵੇਗੀ। ਉਨ੍ਹਾਂ ਸਮਝਾਉਣ ਦੇ ਲਹਿਜ਼ੇ ‘ਚ ਕਿਹਾ ਕਿਸੇ ਦੇ ਬਹਿਕਾਵੇ ‘ਚ ਨਾ ਆਇਓ। ਲਹਿਰ ਨੂੰ ਨੁਕਸਾਨ ਨਹੀਂ ਹੋਣ ਦੇਣਾ ਤੇ ਲੋਕਤੰਤਰਿਕ ਕਦਰਾਂ ਕੀਮਤਾਂ ਦੇ ਨਾਲ ਚੱਲਦਿਆਂ ਅੰਦੋਲਨ ਹੋਰ ਤੇਜ਼ ਕਰਨਾ ਹੈ ਤੇ ਆਸ ਹੈ ਜਿੱਤ ਸਾਡੀ ਜ਼ਰੂਰ ਹੋਵੇਗੀ।

LEAVE A REPLY

Please enter your comment!
Please enter your name here