*ਕਿਸਾਨ ਸਿਖਲਾਈ ਕੈਂਪਾਂ ਦੌਰਾਨ ਪਰਾਲੀ ਦੇ ਸੁਚੱਜੇ ਪ੍ਰਬੰਧਨ ਤੋਂ ਕਿਸਾਨਾਂ ਨੂੰ ਕਰਵਾਇਆ ਜਾਣੂ*

0
18

ਮਾਨਸਾ, 25 ਸਤੰਬਰ :(ਸਾਰਾ ਯਹਾਂ/ਮੁੱਖ ਸੰਪਾਦਕ ):
ਮੁੱਖ ਖੇਤੀਬਾੜੀ ਅਫਸਰ  ਡਾ. ਦਿਲਬਾਗ ਸਿੰਘ ਦੇ ਦਿਸ਼ਾ—ਨਿਰਦੇਸ਼ਾਂ ਤਹਿਤ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਲਗਾਏ ਜਾ ਰਹੇ ਕਿਸਾਨ ਸਿਖਲਾਈ ਕੈਂਪਾਂ ਦੀ ਲੜੀ ਨੂੰ ਜਾਰੀ ਰੱਖਦਿਆਂ ਬਲਾਕ ਬੁਢਲਾਡਾ ਦੇ ਪਿੰਡ ਗੁਰਨੇ ਕਲਾਂ, ਬੀਰੋਕੇ ਕਲਾਂ ਵਿਖੇ ਖੇਤੀਬਾੜੀ ਵਿਕਾਸ ਅਫ਼ਸਰ ਡਾ. ਜਸਲੀਨ ਕੌਰ ਧਾਲੀਵਾਲ ਵੱਲੋਂ ਅਤੇ ਪਿੰਡ ਕਿਸ਼ਨਗੜ੍ਹ ਅਤੇ ਫੁਲੂਵਾਲਾ ਡੋਡ ਵਿਖੇ ਖੇਤੀਬਾੜੀ ਵਿਕਾਸ ਅਫ਼ਸਰ ਡਾ. ਗੁਰਵੀਰ ਸਿੰਘ ਵੱਲੋਂ ਕਿਸਾਨ ਸਿਖਲਾਈ ਕੈਂਪ ਲਗਾਏ ਗਏ, ਜ਼ਿਨ੍ਹਾਂ ਵਿੱਚ 100 ਤੋਂ ਵਧੇਰੇ ਕਿਸਾਨਾਂ ਨੇ ਭਾਗ ਲਿਆ।


ਕੈਂਪ ਦੌਰਾਨ ਡਾ. ਜਸਲੀਨ ਕੌਰ ਧਾਲੀਵਾਲ ਵੱਲੋਂ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਲਗਾਉਣ ਕਾਰਨ ਹੋਣ ਵਾਲੇ ਨੁਕਸਾਨ ਅਤੇ ਬਿਨ੍ਹਾਂ ਅੱਗ ਲਗਾਏ ਕਣਕ ਦੀ ਬਿਜਾਈ ਕਰਨ ਨਾਲ ਹੋਣ ਵਾਲੇ ਫਾਇਦਿਆਂ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਕਿਸਾਨਾਂ ਨੂੰ ਪਰਾਲੀ ਦੀ ਇੰਨਸੀਟੂ ਅਤੇ ਐਕਸਸੀਟੂ ਤਰੀਕੇ ਨਾਲ ਪ੍ਰਬੰਧਨ ਕਰਨ ਬਾਰੇ ਵੀ ਦੱਸਿਆ। ਡਾ. ਗੁਰਵੀਰ ਸਿੰਘ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਗ ਲਗਾਉਣ ਨਾਲ ਜਿੱਥੇ ਵਾਤਾਵਰਣ ਪ੍ਰਦੂਸ਼ਤ ਹੁੰਦਾ ਹੈ, ਉਥੇ ਧਰਤੀ ਅੰਦਰ ਮੌਜੂਦ ਲਾਭਦਾਇਕ ਜੀਵਾਣੂਆਂ ਦਾ ਵੀ ਨੁਕਸਾਨ ਹੁੰਦਾ ਹੈ। ਉਨ੍ਹਾਂ ਕਿਹਾ ਕਿ ਬਿਨ੍ਹਾਂ ਅੱਗ ਲਗਾਏ ਕਣਕ ਦੀ ਬਿਜਾਈ ਕਰਨ ਲਈ ਖਾਦਾਂ ਦੀ ਘੱਟ ਜਰੂਰਤ ਹੁੰਦੀ ਹੈ।
ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਝੋਨੇ ਦੀ ਕਟਾਈ ਸੁਪਰ ਐਸ.ਐਮ.ਐਸ ਲਗਾਕੇ ਹੀ ਕੀਤੀ ਜਾਵੇ, ਤਾਂ ਜੋ ਪਰਾਲੀ ਦਾ ਖੇਤ ਵਿੱਚ ਹੀ ਸੌਖਾ ਪ੍ਰਬੰਧਨ ਕੀਤਾ ਜਾ ਸਕੇ। ਕਿਸਾਨ ਸਿਖਲਾਈ ਕੈਂਪਾਂ ਦੌਰਾਨ ਕਿਸਾਨਾਂ ਵੱਲੋਂ ਭਰੋਸਾ ਦਿਵਾਇਆ ਗਿਆ ਕਿ ਉਹ ਝੋਨੇ ਦੀ ਪਰਾਲੀ ਨੂੰ ਅੱਗ ਨਹੀ ਲਗਾਉਣਗੇ ਅਤੇ ਪਰਾਲੀ ਦਾ ਸੁਚੱਜਾ ਪ੍ਰਬੰਧਨ ਕਰਨਗੇ।


ਇਸੇ ਤਰ੍ਹਾਂ ਬਲਾਕ ਅਫਸਰ ਸਰਦੂਲਗੜ੍ਹ ਵਿਖੇ ਸ੍ਰੀ ਮਨੋਜ ਕੁਮਾਰ ਵੱਲੋਂ ਪਿੰਡ ਭੱਲਣਵਾੜਾ, ਖੈਰਾ ਖੁਰਦ ਅਤੇ ਕਰੀਪੁਰ ਡੁੰਮ ਵਿਖੇ ਕਿਸਾਨ ਸਿਖਲਾਈ ਕੈਂਪ ਲਗਾਏ ਗਏ। ਸ੍ਰੀ ਗੁਰਿੰਦਰਜੀਤ ਸਿੰਘ, ਖੇਤੀਬਾੜੀ ਵਿਕਾਸ ਅਫਸਰ, ਸ੍ਰੀ ਸੁਲੇਖ ਅਮਨ ਕੁਮਾਰ ਮਹਿਲਾ, ਖੇਤੀਬਾੜੀ ਵਿਕਾਸ ਅਫਸਰ ਅਤੇ ਬਲਾਕ ਤਕਨੀਕੀ ਮੈਨੇਜਰ ਸ੍ਰੀ ਅਮਰਿੰਦਰ ਸਿੰਘ ਦੁਆਰਾ ਕਿਸਾਨਾਂ ਨੂੰ ਪਰਾਲੀ ਦੇ ਯੋਗ ਪ੍ਰਬੰਧਨ ਦੇ ਤਰੀਕਿਆ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਆਪਣੇ ਖੇਤਾਂ ਵਿੱਚ ਘੱਟ ਸਮਾਂ ਲੈਣ ਵਾਲੀਆਂ ਝੋਨੇ ਦੀਆਂ ਕਿਸਮਾਂ ਜਿਵੇ ਕਿ ਪੀ.ਆਰ 126 ਅਤੇ ਬਾਸਮਤੀ ਆਦਿ ਦਾ ਖੇਤ ਵਿੱਚ ਹੈਪੀ ਸੀਡਰ, ਸੁਪਰ ਸੀਡਰ ਸਮਾਰਟ ਸੀਡਰ, ਮਲਚਰ ਜਾਂ ਸਰਫੇਸ ਸੀਡਰ ਦੀ ਵਰਤੋਂ ਕਰਕੇ ਪਰਾਲੀ ਦਾ ਸੁੱਚਜਾ ਹੱਲ ਕਰਨ ਦੀ ਸਲਾਹ ਦਿੱਤੀ ਗਈ ਅਤੇ ਲੰਬਾ ਸਮਾਂ ਲੈਣ ਵਾਲੀਆਂ ਕਿਸਮਾਂ ਲਈ ਬੇਲਰ ਵਰਤ ਕੇ ਪਰਾਲੀ ਨੂੰ ਖੇਤ ਵਿੱਚੋ ਬਾਹਰ ਕੱਢ ਕੇ ਜੀਰੋ ਡਰਿੱਲ ਨਾਲ ਵੀ ਕਣਕ ਦੀ ਬਿਜਾਈ ਕੀਤੀ ਜਾ ਸਕਦੀ ਹੈ। ਪਰਾਲੀ ਸੀਜਨ ਲਈ ਨਿਯੁਕਤ ਕੀਤੇ ਕਲਸਟਰ ਅਫਸਰ ਸ੍ਰੀ ਗਗਨਦੀਪ ਸਿੰਘ, ਭੂਮੀ ਰੱਖਿਆ ਅਫਸਰ ਵੱਲੋਂ ਕਿਸਾਨਾਂ ਨੂੰ ਦੱਸਿਆ ਗਿਆ ਕਿ ਪਰਾਲੀ ਨੂੰ ਅੱਗ ਲਗਾਉਣ ਨਾਲ ਜਿੱਥੇ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਹੈ ਤੇ ਸਾਂਹ ਰੋਗ ਬਿਮਾਰੀਆਂ ਵਿੱਚ ਵਾਧਾ ਹੁੰਦਾ ਹੈ ਉੱਥੇ ਹੀ ਮਿੱਟੀ ਦੇ ਜਰੂਰੀ ਤੱਤ ਖਤਮ ਹੋ ਜਾਂਦੇ ਹਨ ਜੋ ਤੱਤ ਅਗਲੀ ਫਸਲ ਦੀ ਬਿਜਾਈ ਸਮੇਂ ਵਰਤੋ ਵਿੱਚ ਆਉਣੇ ਹੁੰਦੇ ਹਨ। ਇੰਨ੍ਹਾਂ ਕੈਂਪਾਂ ਦੌਰਾਨ ਫੀਲਡ ਸੁਪਰਵਾਈਜਰ ,ਕਿਸਾਨ ਮਿੱਤਰ ਅਤੇ ਹੋਰ ਮੋਹਤਬਰ ਵਿਅਕਤੀ ਹਾਜਰ ਸਨ।

LEAVE A REPLY

Please enter your comment!
Please enter your name here