ਕਿਸਾਨ ਵਿਕਾਸ ਚੈਂਬਰ ਵਿਖੇ ਮਨਾਇਆ ਰਾਸ਼ਟਰੀ ਸਵੈ-ਇੱਛਕ ਖੂਨਦਾਨ ਦਿਵਸ

0
12

ਚੰਡੀਗੜ੍ਹ/(ਮੋਹਾਲੀ), 9 ਨਵੰਬਰ (ਸਾਰਾ ਯਹਾ / ਮੁੱਖ ਸੰਪਾਦਕ): ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਤੇ ਪੰਜਾਬ ਸਟੇਟ ਬਲੱਡ ਟਰਾਂਸਫਿਊਜ਼ਨ ਕੌਂਸਲ ਵੱਲੋਂ ਅੱਜ ਰਾਸ਼ਟਰੀ ਸਵੈ-ਇੱਛਕ ਖੂਨਦਾਨ ਦਿਵਸ ਸੰਬੰਧੀ ਰਾਜ ਪੱਧਰੀ ਸਮਾਰੋਹ ਕਿਸਾਨ ਵਿਕਾਸ ਚੈਂਬਰ ਵਿੱਚ ਕਰਵਾਇਆ ਗਿਆ। ਇਸ ਦੌਰਾਨ ਸਿਹਤ ਤੇ ਪਰਿਵਾਰ ਭਲਾਈ ਮੰਤਰੀ, ਪੰਜਾਬ ਸ. ਬਲਬੀਰ ਸਿੰਘ ਸਿੱਧੂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਦੌਰਾਨ ਸਵੈ-ਇੱਛਾ ਨਾਲ ਖੂਨਦਾਨ ਕਰਨ ਵਾਲੀਆਂ 14 ਸੰਸਥਾਵਾਂ ਨੂੰ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਨੇ ਪਿੱਛਲੇ ਸਾਲ 2000 ਤੋਂ ਵੱਧ ਬਲੱਡ ਯੂਨਿਟਾਂ ਦਾ ਪ੍ਰਬੰਧ ਕਰਕੇ ਬਲੱਡ ਬੈਂਕਾਂ ਨੂੰ ਉਪਲਬੱਧ ਕਰਵਾਇਆ। ਇਸੇ ਤਰ੍ਹਾਂ 100 ਤੋਂ ਵੱਧ ਵਾਰ ਖੂਨ ਦਾਨ ਕਰਨ ਵਾਲੇ 17 ਪੁਰਸ਼ ਖੁਨਦਾਨੀਆਂ, 10 ਤੋਂ ਵੱਧ ਵਾਰ ਖੂਨਦਾਨ ਕਰਨ ਵਾਲੀਆਂ 24 ਮਹਿਲਾ ਖੂਨਦਾਨੀਆ, 6 ਬਲੱਡ ਬੈਂਕਾਂ, 1 ਮੈਡੀਕਲ ਕਾਲਜ ਤੇ 6 ਬਲੱਡ ਕੰਪੋਨੈਂਟ ਸੈਪਰੇਸ਼ਨ ਯੂਨਿਟਾਂ ਨੂੰ ਸਨਮਾਨਿਤ ਕੀਤਾ ਗਿਆ।

         ਇਸ ਮੌਕੇ ਤੇ ਸ. ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਰਾਸ਼ਟਰੀ ਸਵੈ-ਇੱਛਾ ਖੂਨਦਾਨ ਦਿਵਸ ਤੇ ਆਮ ਲੋਕਾਂ ਦੇ ਨਾਲ ਨਾਲ ਖੂਨਦਾਨੀਆਂ ਨੂੰ ਸਵੈ-ਇੱਛਾ ਨਾਲ ਖੂਨਦਾਨ ਸੰਬੰਧੀ ਪ੍ਰੇਰਿਤ ਕੀਤਾ ਜਾਂਦਾ ਹੈ। ਇਹ ਦਿਵਸ ਡਾ. ਜੈ ਗੋਪਾਲ ਜੋਲੀ ਦੇ ਜਨਮਦਿਨ ਤੇ ਮਨਾਇਆ ਜਾਂਦਾ ਹੈ। ਡਾ. ਜੈ ਗੋਪਾਲ ਜੋਲੀ ਚੰਡੀਗੜ੍ਹ ਵਿੱਚ ਹੀ ਪੀਜੀਆਈ ਅਤੇ ਸਰਕਾਰੀ ਹਸਪਤਾਲ, ਸੈਕਟਰ-16 ਵਿੱਚ ਆਪਣੀਆਂ ਸੇਵਾਵਾਂ ਦਿੰਦੇ ਰਹੇ ਹਨ। ਉਨ੍ਹਾਂ ਨੇ ਦੇਸ਼ ਵਿੱਚ ਖੂਨਦਾਨ ਕਰਨ ਲਈ ਵਿਸ਼ੇਸ਼ ਯੋਗਦਾਨ ਪਾਇਆ ਸੀ ਅਤੇ ਉਨ੍ਹਾਂ ਭਾਰਤ ਵਿੱਚ ਬਲੱਡ ਬੈਂਕ ਦਾ ਲੀਡਰ ਮੰਨਿਆ ਜਾਂਦਾ ਸੀ। ਇਸ ਸਾਲ 2020 ਵਿੱਚ ਭਾਰਤ ਸਰਕਾਰ ਵੱਲੋਂ “ਆਓ ਖੂਨਦਾਨ ਕਰੀਏ ਅਤੇ ਕੋਰੋਨਾ ਖਿਲਾਫ ਜੰਗ ਵਿੱਚ ਯੋਗਦਾਨ ਪਾਈਏ “ ਵਿਸ਼ੇ ਹੇਠ ਮਨਾਇਆ ਜਾ ਰਿਹਾ ਹੈ। ਕੋਰੋਨਾ ਮਹਾਂਮਾਰੀ ਦੀ ਮੁਸ਼ਕਿਲ ਘੜੀ ਵਿੱਚ ਵੀ ਖੂਨਦਾਨੀਆਂ ਨੇ ਖੂਨ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਅਤੇ ਲੋਕਡਾਉਨ ਦੌਰਾਨ ਵੀ ਸਰਕਾਰ ਵੱਲੋਂ ਜਾਰੀ ਪਾਸ ਨਾਲ ਜ਼ਰੂਰਤਮੰਦਾਂ ਲਈ ਖੂਨਦਾਨ ਕਰਦੇ ਰਹੇ ਹਨ।

         ਸਿਹਤ ਤੇ ਪਰਿਵਾਰ ਭਲਾਈ ਮੰਤਰੀ, ਪੰਜਾਬ ਨੇ ਕਿਹਾ ਕਿ ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮਰੀਜਾਂ ਨੂੰ ਖੂਨ ਦੀ ਮੁਫ਼ਤ ਸੁਵਿਧਾ ਉਪਲਬੱਧ ਕਰਵਾਈ ਗਈ ਹੈ। ਲੋਕਾਂ ਦੀ ਸੁਵਿਧਾ ਲਈ ਪੰਜਾਬ ਵਿੱਚ 132 ਲਾਈਸੈਂਸਡ ਬਲੱਡ ਬੈਂਕ ਹਨ, ਜਿਨ੍ਹਾਂ ਵਿਚੋਂ 46 ਸਰਕਾਰੀ, 6 ਮਿਲਟਰੀ ਅਤੇ 80 ਪ੍ਰਾਈਵੇਟ ਹਸਪਤਾਲਾਂ ਅਤੇ ਸੰਸਥਾਂਵਾਂ ਦੁਆਰਾ ਚਲਾਏ ਜਾ ਰਹੇ ਹਨ। ਇਨ੍ਹਾਂ ਦੇ ਨਾਲ ਨਾਲ 90 ਬਲੱਡ ਬੈਂਕਾਂ ਵਿੱਚ ਬਲੱਡ ਕੰਪੋਨੈਂਟ ਸੈਪਰੈਸ਼ਨ ਦੀ ਸਹੂਲਤ ਪ੍ਰਦਾਨ ਕੀਤੀ ਗਈ ਹੈ । ਇਸ ਸਹੂਲਤ ਨਾਲ ਦਾਨ ਕੀਤੇ ਹੋਏ ਇਕ ਯੂਨਿਟ ਖੂਨ ਨਾਲ ਚਾਰ ਬਹੁਮੁੱਲੀਆਂ ਜਾਨਾਂ ਬਚਾਈਆਂ ਜਾ ਸਕਦੀਆਂ ਹਨ।

         ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਦੇ ਪ੍ਰੋਜੈਕਟ ਡਾਇਰੈਕਟਰ ਸ਼੍ਰੀ ਅਮਿਤ ਕੁਮਾਰ ਨੇ ਦੱਸਿਆ ਕਿ ਪੰਜਾਬ ਵਿੱਚ ਭਾਰਤ ਸਰਕਾਰ ਦੁਆਰਾ ਦਿੱਤੇ ਗਏ ਟੀਚੇ ਤੋਂ ਵੀ ਵੱਧ ਬਲੱਡ ਯੂਨਿਟ ਖੂਨ ਇਕੱਠਾ ਕੀਤਾ ਜਾਂਦਾ ਹੈ। ਸਾਲ 2019-20 ਵਿੱਚ ਖੂਨਦਾਨੀਆਂ, ਸਮਾਜ ਸੇਵੀ ਸੰਸਥਾਵਾਂ ਅਤੇ ਬਲੱਡ ਬੈਂਕਾਂ ਦੇ ਸਹਿਯੋਗ ਨਾਲ 4,34,795 ਬਲੱਡ ਯੂਨਿਟ ਇਕੱਠੀ ਕੀਤੇ ਗਏ। ਹਾਲਾਂਕਿ ਸਰਕਾਰੀ ਬਲੱਡ ਬੈਂਕਾਂ ਦਾ 1,80,000 ਬਲੱਡ ਯੂਨਿਟ ਖੂਨ ਇਕੱਠਾ ਕਰਨ ਦਾ ਟੀਚਾ ਸੀ। ਜਦੋਂ ਕਿ ਪੰਜਾਬ ਵਿੱਚ 2,26,749 ਬਲੱਡ ਯੂਨਿਟ ਇਕੱਠਾ ਕੀਤਾ ਗਿਆ।

         ਸ਼੍ਰੀ ਅਮਿਤ ਕੁਮਾਰ ਨੇ ਦੱਸਿਆ ਕਿ ਸਵੈ-ਇੱਛਕ ਅਤੇ ਕਿਸੇ ਵੀ ਨਿਰਸੁਆਰਥ, ਚੰਗੇ ਕਾਰਜ ਲਈ ਅਤੇ ਬਿਨ੍ਹਾਂ ਕਿਸੇ ਦਬਾਅ ਤੋਂ ਖੂਨਦਾਨ ਵੱਡਾ ਦਾਨ ਮੰਨਿਆ ਜਾਂਦਾ ਹੈ। ਸਵੈ-ਇੱਛਾ ਨਾਲ ਖੂਨਦਾਨ ਕਰਨ ਵਾਲਾ ਵਿਅਕਤੀ ਸਮਾਜ ਦਾ ਅਸਲੀ ਹੀਰੋ ਹੈ। ਕਿਉਂਕਿ ਉਨ੍ਹਾਂ ਦੇ ਦਾਨ ਕੀਤੇ ਹੋਏ ਖੂਨ ਨਾਲ ਕਈ ਜਾਨਾਂ ਬਚਾਈਆਂ ਜਾ ਸਕਦੀਆਂ ਹਨ।  ਉਨ੍ਹਾਂ ਨੇ ਲੋਕਾਂ ਨੂੰ ਵੱਧ ਵੱਧ ਖੂਨਦਾਨ ਕਰਨ ਲਈ ਪ੍ਰੇਰਿਤ ਕੀਤਾ।

         ਇਸ ਦੌਰਾਨ ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਦੀ ਅਡੀਸ਼ਨਲ ਪ੍ਰੈਜੈਕਟ ਡਾਇਰੈਕਟਰ ਡਾ.  ਮਨਪ੍ਰੀਤ ਛਤਵਾਲ ਨੇ ਦੱਸਿਆ ਕਿ ਸੁਰੱਖਿਅਤ ਖੂਨ ਚੜ੍ਹਾਉਣਾ ਭਾਰਤ ਵਿੱਚ ਕਾਨੂੰਨੀ ਸੁਰੱਖਿਆ ਦਾਇਰੇ ਵਿੱਚ ਆਉਂਦਾ ਹੈ। ਸੁਰੱਖਿਅਤ ਖੂਨ ਚੜ੍ਹਾਉਣਾ ਭਾਰਤ ਵਿੱਚ ਕਾਨੂੰਨੀ ਸੁਰੱਖਿਆ ਦੇ ਦਾਇਰੇ ਵਿੱਚ ਆਉਂਦਾ ਹੈ। ਡਰੱਗ ਐਂਡ ਕੋਸਮੈਟਿਕ ਐਕਟ ਅਧੀਨ ਭਾਰਤ ਵਿੱਚ ਕੋਈ ਵੀ ਬਲੱਡ ਬੈਂਕ ਬਿਨ੍ਹਾਂ ਲਾਇਸੈਂਸ ਤੋਂ ਕੰਮ ਨਹੀਂ ਕਰ ਸਕਦਾ। ਨੈਸ਼ਨਲ ਬਲੱਡ ਪੋਲਿਸੀ ਅਨੁਸਾਰ ਖੂਨ ਚੜ੍ਹਾਉਣ ਤੋਂ ਪਹਿਲਾਂ ਖੂਨ ਰਾਹੀਂ ਫੈਲਣ ਵਾਲੀਆਂ ਬਿਮਾਰੀਆਂ ਜਿਵੇਂ ਕਿ ਐਚ.ਆਈ.ਵੀ., ਹੈਪੇਟਾਈਟਿਸ-ਬੀ ਤੇ ਸੀ, ਸਿਫਲਿਸ ਅਤੇ ਮਲੇਰੀਆ ਦੀ ਜਾਂਚ ਕੀਤੀ ਜਾਂਦੀ ਹੈ। ਇਹ ਮਾਨਕ ਲਾਇਸੇਂਸਧਾਰਕ ਬਲੱਡ ਬੈਂਕਾਂ ਵੱਲੋਂ ਪੂਰੇ ਕੀਤੇ ਜਾਂਦੇ ਹਨ। ਇਸ ਲਈ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਲਾਇਸੰਸ ਧਾਰਕ ਬਲੱਡ ਬੈਂਕਾਂ ਤੋਂ ਹੀ ਖੂਨ ਪ੍ਰਾਪਤ ਕਰਨ। ਇਸ ਦੌਰਾਨ ਮੰਚ ਸੰਚਾਲਨ ਪ੍ਰੋਗਰਾਮ ਅਫ਼ਸਰ-ਆਈਈਸੀ, ਐਨ.ਐਚ.ਐਮ., ਪੰਜਾਬ ਸ਼੍ਰੀ ਸ਼ਿਵਿੰਦਰ ਸਿੰਘ ਸਹਿਦੇਵ ਨੇ ਕੀਤਾ। ਇਸ ਮੌਕੇ ਤੇ ਏਡੀਸੀ (ਡੀ) ਸ਼੍ਰੀ ਰਾਜੀਵ ਕੁਮਾਰ ਗੁਪਤਾ, ਐਸ.ਡੀ.ਐਮ. ਸ਼੍ਰੀ ਜਗਦੀਪ ਸਹਿਗਲ, ਡਾਇਰੈਕਟਰ ਕੋਆਪਰੇਟਿਵ ਬੈਂਕ ਮੋਹਾਲੀ ਸ਼੍ਰੀ ਹਰਕੇਸ਼ ਚੰਦ ਸ਼ਰਮਾ, ਜੁਆਇੰਟ ਡਾਇਰੈਕਟਰ ਬੀ.ਟੀ.ਐਸ. ਡਾ. ਸੁਨੀਤਾ ਦੇਵੀ, ਜੁਆਇੰਟ ਡਾਇਰੈਕਟਰ (ਸੀਐਸਟੀ) ਡਾ. ਵਿਨੈ ਮੋਹਨ, ਡਿਪਟੀ ਡਾਇਰੈਕਟਰ (ਐਸਟੀਆਈ) ਡਾ. ਬੌਬੀ ਗੁਲਾਟੀ, ਜੁਆਇੰਟ ਡਾਇਰੈਕਟਰ (ਆਈਈਸੀ) ਸ਼੍ਰੀਮਤੀ ਪਵਨ ਰੇਖਾ ਬੇਰੀ, ਜੁਆਇੰਟ ਡਾਇਰੈਕਟਰ (ਟੀਆਈ) ਡਾ. ਮੀਨੂੰ ਤੇ ਹੋਰ ਅਧਿਕਾਰੀ ਮੌਜੂਦ ਸਨ।

LEAVE A REPLY

Please enter your comment!
Please enter your name here