ਭਾਰਤੀ ਕਿਸਾਨ ਯੂਨੀਅਨ (ਬੀਕੇਯੂ BKU) ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਨੇ ਕਿਹਾ ਹੈ ਕਿ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਵਿੱਚ 5 ਸਤੰਬਰ ਨੂੰ ਹੋਣ ਵਾਲੀ ਬੀਕੇਯੂ ਦੀ ਮਹਾਪੰਚਾਇਤ ਵਿੱਚ ਰਣਨੀਤੀ ਤਿਆਰ ਕੀਤੀ ਜਾਵੇਗੀ। ਕਿਸਾਨ ਨੇਤਾ ਟਿਕੈਤ ਨੇ ਇਹ ਪ੍ਰਗਟਾਵਾ ਐਤਵਾਰ ਸ਼ਾਮੀਂ ਨੌਇਡਾ ਦੇ ਜੇਵਰ ਇਲਾਕੇ ਵਿੱਚ ਸਬੋਟਾ ਅੰਡਰ ਪਾਸ ਨੇੜੇ ਇੱਕ ਰੈਲੀ ਦੌਰਾਨ ਆਪਣੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕੀਤਾ।
ਟਿਕੈਤ ਨੇ ਕੇਂਦਰ ਸਰਕਾਰ ਤੋਂ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਦੁਹਰਾਈ ਤੇ ਕਿਹਾ ਕਿ ਇਹ ਖੇਤੀਬਾੜੀ ਕਾਨੂੰਨ ਕਿਸਾਨਾਂ, ਮਜ਼ਦੂਰਾਂ ਤੇ ਆਮ ਲੋਕਾਂ ਦੇ ਵਿਰੁੱਧ ਹਨ। ਟਿਕੈਤ ਨੇ ਕਿਹਾ ਕਿ ਇਹ ਖੇਤੀਬਾੜੀ ਕਾਨੂੰਨ ਕਿਸਾਨਾਂ ਨੂੰ ਬਰਬਾਦ ਕਰਨ ਲਈ ਪੁੱਛੇ ਬਗੈਰ ਦੇਸ਼ ਦੇ ਕਿਸਾਨਾਂ ‘ਤੇ ਠੋਸੇ ਗਏ ਹਨ, ਜਿਸ ਕਾਰਨ ਪਹਿਲਾਂ ਕਿਸਾਨ ਕਰਜ਼ੇ ਵਿੱਚ ਫਸਣਗੇ, ਫਿਰ ਹੌਲੀ-ਹੌਲੀ ਸਰਮਾਏਦਾਰ ਕਿਸਾਨਾਂ ਤੋਂ ਉਨ੍ਹਾਂ ਦੀ ਜ਼ਮੀਨ ਖੋਹਣ ਦਾ ਕੰਮ ਕਰਨਗੇ। ਦੇਸ਼ ਦੇ ਲੋਕ ਵਿਚਾਰਧਾਰਕ ਕ੍ਰਾਂਤੀ ਵਿੱਚ ਸ਼ਾਮਲ ਹੋ ਰਹੇ ਹਨ ਨਾ ਕਿ ਕਿਸਾਨ ਅੰਦੋਲਨ ਨਾਲ।
550 ਤੋਂ ਵੱਧ ਕਿਸਾਨ ਸੰਗਠਨ ਇੱਕਜੁਟ – ਰਾਕੇਸ਼ ਟਿਕੈਤ
ਰਾਕੇਸ਼ ਟਿਕੈਤ ਨੇ ਇਲਾਕੇ ਦੇ ਕਿਸਾਨਾਂ ਨੂੰ 5 ਸਤੰਬਰ ਨੂੰ ਮੁਜ਼ੱਫਰਨਗਰ ਵਿੱਚ ਹੋਣ ਵਾਲੀ ਮਹਾਪੰਚਾਇਤ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਹਿੱਸਾ ਲੈਣ ਦੀ ਅਪੀਲ ਕੀਤੀ। ਟਿਕੈਤ ਨੇ ਕਿਹਾ ਕਿ ਸਰਕਾਰ ਇਸ ਨੂੰ ਸਿਰਫ ਪੱਛਮੀ ਉੱਤਰ ਪ੍ਰਦੇਸ਼ ਦੇ ਕਿਸਾਨਾਂ ਦਾ ਅੰਦੋਲਨ ਕਹਿ ਰਹੀ ਹੈ, ਪਰ 550 ਤੋਂ ਵੱਧ ਕਿਸਾਨ ਸੰਗਠਨ ਇਸ ਵਿੱਚ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਹ ਭੁਲੇਖਾ ਛੱਡ ਦੇਣਾ ਚਾਹੀਦਾ ਹੈ ਕਿ ਕਿਸਾਨ ਥੱਕ ਕੇ ਘਰ ਵਾਪਸ ਚਲੇ ਜਾਣਗੇ।
ਇਸ ਇਕੱਠ ਵਿੱਚ ਬੁਲੰਦਸ਼ਹਿਰ, ਅਲੀਗੜ੍ਹ, ਮਥੁਰਾ ਸਮੇਤ ਕਈ ਜ਼ਿਲ੍ਹਿਆਂ ਦੇ ਕਿਸਾਨ ਵੀ ਮਹਾਪੰਚਾਇਤ ਵਿੱਚ ਪਹੁੰਚੇ ਹੋਏ ਸਨ। ਇਸ ਤੋਂ ਪਹਿਲਾਂ ਰਾਕੇਸ਼ ਟਿਕੈਤ ਨੇ ਦੋਸ਼ ਲਾਇਆ ਸੀ ਕਿ ਯੂਪੀ ਵਿੱਚ ਫਸਲਾਂ ਦੀ ਖਰੀਦ ਨਹੀਂ ਕੀਤੀ ਜਾ ਰਹੀ, ਸਗੋਂ ਘੁਟਾਲਾ ਹੋ ਰਿਹਾ ਹੈ।