ਕਿਸਾਨ ਯੂਨੀਅਨ ਵੱਲੋਂ ਹਰ ਰੋਜ਼ ਵਧਾਈਆਂ ਜਾ ਰਹੀਆਂ ਡੀਜ਼ਲ ਪੈਟਰੋਲ ਦੀਆਂ ਕੀਮਤਾਂ ਦੇ ਵਿਰੋਧ ਵਿੱਚ ਕੇਂਦਰ ਸਰਕਾਰ ਦੀ ਅਰਥੀ ਸਾੜੀ

0
29

ਮਾਨਸਾ,15 ਜੂਨ (ਸਾਰਾ ਯਹਾ/ ਹੀਰਾ ਸਿੰਘ ਮਿੱਤਲ) ਪੰਜਾਬ ਕਿਸਾਨ ਯੂਨੀਅਨ ਵੱਲੋਂ ਹਰ ਰੋਜ਼ ਵਧਾਈਆਂ ਜਾ ਰਹੀਆਂ ਡੀਜ਼ਲ ਪੈਟਰੋਲ ਦੀਆਂ ਕੀਮਤਾਂ ਦੇ ਵਿਰੋਧ ਵਿੱਚ ਅੱਜ ਕੇਂਦਰ ਸਰਕਾਰ ਦੀ ਅਰਥੀ ਸਾੜੀ ਗਈ।

       ਪ੍ਰੈਸ ਬਿਆਨ ਜਾਰੀ ਕਰਦਿਆਂ ਜਥੇਬੰਦੀ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀ ਬਾਘਾ ਅਤੇ ਬਲਾਕ ਜਨਰਲ ਸਕੱਤਰ ਰਣਜੀਤ ਸਿੰਘ ਤਾਮਕੋਟ ਨੇ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਕੇਂਦਰ ਸਰਕਾਰ ਵੱਲੋਂ ਡੀਜ਼ਲ ਪੈਟਰੋਲ ਦੀਆਂ ਕੀਮਤਾਂ ਵਿੱਚ ਹਰ ਰੋਜ਼ ਵਾਧਾ ਕੀਤਾ ਜਾ ਰਿਹਾ ਹੈ ਜੋ ਅਤਿ ਨਿੰਦਣਯੋਗ ਹੈ ਕਿਉਂਕਿ ਇੱਕ ਪਾਸੇ ਤਾਂ ਕਰੋਨਾਂ ਮਹਾਂਮਾਰੀ ਕਾਰਣ ਕਿਸਾਨ ਹੀ ਨਹੀਂ ਬਲਕਿ ਸਮੁੱਚਾ ਸਮਾਜ ਆਰਥਿਕ ਤੌਰ ਤੇ ਬਹੁਤ ਹੀ ਮਾੜੇ ਹਾਲਾਤ ਵਿਚੋਂ ਗੁਜ਼ਰ ਰਿਹਾ ਹੈ, ਦੂਸਰੇ ਪਾਸੇ ਪਹਿਲਾਂ ਹੀ ਲੱਕ ਤੋੜਵੀਂ ਮਹਿੰਗਾਈ ਨੇ ਆਮ ਆਦਮੀ ਦਾ ਜਿਉਣਾ ਦੁੱਬਰ ਕੀਤਾ ਹੋਇਆ ਹੈ, ਇਸਤੇ ਡੀਜ਼ਲ ਪੈਟਰੋਲ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਬਿਲਕੁਲ ਆਰਥਿਕ ਉਜਾੜੇ ਦਾ ਕਾਰਣ ਬਣ ਰਿਹਾ ਹੈ। ਉਨ੍ਹਾਂ ਕਿਹਾ ਕਿ ਖੇਤੀ ਧੰਦਾ ਤਾਂ ਪਹਿਲਾਂ ਹੀ ਘਾਟੇ ਵਾਲਾ ਹੈ ਅਤੇ ਅੱਜ ਕੱਲ੍ਹ ਸਾਉਣੀ ਦੀਆਂ ਫਸਲਾਂ, ਖਾਸ ਕਰਕੇ ਝੋਨੇ ਦੀ ਬਿਜਾਈ ਕਾਰਣ ਖੇਤਾਂ ਨੂੰ ਜ਼ਿਆਦਾ ਪਾਣੀ ਦੀ ਲੋੜ ਹੈ ਜਿਸ ਕਾਰਣ ਕਿਸਾਨਾਂ ਨੂੰ ਟਿਊਬਵੈਲ ਅਤੇ ਟਰੈਕਟਰ ਆਦਿ ਦੀ ਵਰਤੋਂ ਜ਼ਿਆਦਾ ਕਰਨੀ ਪੈਂਦੀ ਹੈ ਜਿਸ ਤੇ ਡੀਜ਼ਲ ਪੈਟਰੋਲ ਦੀਆਂ ਕੀਮਤਾਂ ਵਿੱਚ ਕੀਤਾ ਜਾ ਰਿਹਾ ਵਾਧਾ ਉਨ੍ਹਾਂ ਦਾ ਆਰਥਿਕ ਤੌਰ ਤੇ ਕਚੂਮਰ ਕੱਢ ਰਿਹਾ ਹੈ।

       ਉਨ੍ਹਾਂ ਮੰਗ ਕੀਤੀ ਕਿ ਡੀਜ਼ਲ ਪੈਟਰੋਲ ਵਿੱਚ ਕੀਤਾ ਗਿਆ ਵਾਧਾ ਤੁਰੰਤ ਵਾਪਸ ਲਿਆ ਜਾਵੇ ਅਤੇ ਕਿਸਾਨਾਂ ਨੂੰ ਖੇਤੀਬਾੜੀ ਦੇ ਮੰਤਵ ਲਈ ਵਰਤੇ ਜਾਣ ਵਾਲੇ ਡੀਜ਼ਲ ਵਿੱਚ 50% ਦੀ ਸਬਸਿਡੀ ਦਿੱਤੀ ਜਾਵੇ ਤਾਂ ਕਿ ਉਹ ਖੇਤੀ ਦੇ ਘਾਟੇ ਵਾਲੇ ਧੰਦੇ ਵਿੱਚ ਕੁੱਝ ਰਾਹਤ ਮਹਿਸੂਸ ਕਰ ਸਕਣ। ਇਸ ਮੌਕੇ ਪਿੰਡ ਤਾਮਕੋਟ ਵਿਖੇ ਕੇਂਦਰ ਸਰਕਾਰ ਦੀ ਅਰਥੀ ਸਾੜੀ ਗਈ ਜਿਥੇ ਵੱਡੀ ਗਿਣਤੀ ਵਿੱਚ ਕਿਸਾਨ ਆਗੂ, ਮਰਦ ਅਤੇ ਔਰਤਾਂ ਹਾਜ਼ਰ ਸਨ।

NO COMMENTS