
ਹਿਸਾਰ/ਕਰਨਾਲ 17,ਅਪ੍ਰੈਲ (ਸਾਰਾ ਯਹਾਂ /ਬਿਓਰੋ ਰਿਪੋਰਟ): ਹਰਿਆਣਾ ਵਿੱਚ ਕਣਕ ਵੇਚਣ ਆ ਰਹੇ ਕਿਸਾਨਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਕਿਸਾਨ ਲਗਾਤਾਰ ਮੰਡੀਆਂ ਵਿੱਚ ਖੱਜਲ ਖੁਆਰ ਹੋ ਰਹੇ ਹਨ। ਹਰਿਆਣਾ ਦੀਆਂ ਮੰਡੀਆਂ ਵਿੱਚ ਦੋ ਦਿਨ ਲਈ ਕਣਕ ਦੀ ਖਰੀਦ ਬੰਦ ਹੈ ਜਿਸ ਕਾਰਨ ਫਸਲ ਚੁੱਕੀ ਨਹੀਂ ਜਾ ਰਹੀ ਅਤੇ ਕਿਸਾਨ ਕਾਫੀ ਜ਼ਿਆਦਾ ਪਰੇਸ਼ਾਨ ਹਨ।
ਮੰਡੀ ਦੇ ਕਿਸਾਨਾਂ ਅਤੇ ਆੜ੍ਹਤੀਆਂ ਨੇ ਦੱਸਿਆ ਕਿ ਕਣਕ ਦੀ ਲਿਫਟਿੰਗ ਨਾ ਹੋਣ ਕਾਰਨ ਵੱਡੀ ਸਮੱਸਿਆ ਆ ਰਹੀ ਹੈ। ਵਪਾਰ ਮੰਡਲ ਦੇ ਸੂਬਾਈ ਪ੍ਰਧਾਨ ਬਜਰੰਗ ਗਰਗ ਨੇ ਕਿਹਾ ਕਿ ਕਣਕ ਦੀ ਖਰੀਦ ਨੂੰ 48 ਘੰਟਿਆਂ ਵਿੱਚ ਚੁੱਕਣ ਦਾ ਸਰਕਾਰ ਦਾ ਦਾਅਵਾ ਪੂਰੀ ਤਰ੍ਹਾਂ ਅਸਫਲ ਸਾਬਤ ਹੋਇਆ ਹੈ। ਮੀਂਹ ਕਾਰਨ ਕਿਸਾਨ ਦੀ ਕਣਕ ਗਿੱਲੀ ਹੋ ਰਹੀ ਹੈ। ਹਰਿਆਣਾ ਦੀਆਂ ਸਾਰੀਆਂ ਅਨਾਜ ਮੰਡੀਆਂ, ਹਿਸਾਰ ਦੀਆਂ ਦਾਣਾ ਮੰਡੀਆਂ ਦੇ ਨਾਲ-ਨਾਲ ਕਣਕ ਨਾਲ ਭਰੀਆਂ ਹੋਈਆਂ ਹਨ।
ਹੁਣ, ਪੂਰੇ ਹਰਿਆਣਾ ਵਿਚ ਕਣਕ ਦੀ ਚੁਕਾਈ ਨਾ ਹੋਣ ਅਤੇ ਮੰਡੀ ਵਿਚ ਕਣਕ ਦੀ ਆਮਦ ਜ਼ਿਆਦਾ ਹੋਣ ਕਾਰਨ ਸਰਕਾਰ ਨੇ ਮੰਡੀ ਵਿੱਚ 2 ਦਿਨਾਂ ਲਈ ਕਣਕ ਦੀ ਖਰੀਦ ਬੰਦ ਕਰ ਦਿੱਤੀ ਹੈ। ਯਾਨੀ ਕੋਈ ਗੇਟ ਪਾਸ 2 ਦਿਨਾਂ ਲਈ ਮੰਡੀ ਵਿਚ ਉਪਲਬਧ ਨਹੀਂ ਹੋਵੇਗਾ ਅਤੇ ਨਾ ਹੀ ਕਣਕ ਦੀ ਖਰੀਦ ਕੀਤੀ ਜਾਏਗੀ। ਪਹਿਲਾਂ ਖਰੀਦੀ ਗਈ ਕਣਕ ਨੂੰ ਚੁੱਕ ਲਿਆ ਜਾਵੇਗਾ ਫੇਰ ਹੀ ਅੱਗੇ ਕਣਕ ਦੀ ਖਰੀਦ ਹੋਏਗੀ। ਦਰਅਸਲ, ਕਣਕ ਦੀ ਖਰੀਦ ਤੋਂ ਬਾਅਦ, ਇਸ ਨੂੰ ਤੋਲਿਆ ਜਾਂਦਾ ਹੈ ਅਤੇ ਫਿਰ ਚੁੱਕਿਆ ਜਾਂਦਾ ਹੈ।
ਹੁਣ ਦੇਖਣਾ ਇਹ ਹੋਏਗਾ ਕਿ ਸ਼ਨੀਵਾਰ ਅਤੇ ਐਤਵਾਰ ਨੂੰ ਕਣਕ ਦੀ ਖਰੀਦ ਬੰਦ ਰਹਿਣ ਮਗਰੋਂ ਕੀ ਸੋਮਵਾਰ ਨੂੰ ਕਣਕ ਦੀ ਖਰੀਦ ਠੀਕ ਢੰਗ ਨਾਲ ਹੋ ਪਾਉਂਦੀ ਹੈ ਜਾਂ ਨਹੀਂ।
