ਮਾਨਸਾ ,2 ਨਵੰਬਰ (ਸਾਰਾ ਯਹਾ /ਬਿਓਰੋ ਰਿਪੋਰਟ): ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਖੇਤੀਬਾੜੀ ਕਾਨੂੰਨਾਂ ਖਿਲਾਫ ਚੱਲ ਰਹੇ ਕਿਸਾਨੀ ਸੰਘਰਸ਼ ਦੌਰਾਨ 9 ਅਕਤੂਬਰ ਨੂੰ ਬੁਢਲਾਡਾ ਦੇ ਰੇਲਵੇ ਸਟੇਸ਼ਨ ‘ਤੇ ਧਰਨੇ ਦੌਰਾਨ ਬਜ਼ੁਰਗ ਔਰਤ ਤੇਜ ਕੌਰ ਦੀ ਰੇਲਵੇ ਟ੍ਰੈਕ ‘ਤੇ ਮੌਤ ਹੋਈ ਸੀ। ਇਸ ਤੋਂ ਬਾਅਦ ਪਰਿਵਾਰ ਨੂੰ ਮੁਆਵਜ਼ਾ ਮੁਹੱਈਆ ਕਰਵਾਉਣ ਲਈ ਕਿਸਾਨ ਸੰਗਠਨ ਬੀਕੇਯੂ ਏਕਤਾ ਉਗਰਾਹਾ ਵੱਲੋਂ ਜ਼ਬਰਦਸਤ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਕਿਸਾਨਾਂ ਨੇ ਡੀਸੀ ਮਾਨਸਾ ਦੇ ਦਫਤਰ ਅਤੇ ਰਿਹਾਇਸ਼ ਦਾ ਘੇਰਾਓ ਵੀ ਕੀਤਾ। ਇਸ ਬਾਰੇ ਐਤਵਾਰ ਨੂੰ ਸਰਕਾਰ ਅਤੇ ਕਿਸਾਨਾਂ ਦਰਮਿਆਨ ਸਮਝੌਤਾ ਹੋਇਆ ਤੇ ਕਿਸਾਨਾਂ ਨੇ ਘੇਰਾਬੰਦੀ ਖ਼ਤਮ ਕੀਤੀ। ਹਾਲਾਂਕਿ, ਉਨ੍ਹਾਂ ਦਾ ਖੇਤੀਬਾੜੀ ਕਾਨੂੰਨਾਂ ਵਿਰੁੱਧ ਵਿਰੋਧ ਜਾਰੀ ਰਹੇਗਾ।
ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਬੀਤੀ ਰਾਤ ਕਿਸਾਨਾਂ ਦੀ ਐਸਐਸਪੀ ਮਾਨਸਾ ਨਾਲ ਇੱਕ ਖਾਸ ਮੀਟਿੰਗ ਹੋਈ, ਜਿਸ ਵਿੱਚ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ, ਇੰਦਰਜੀਤ ਸਿੰਘ ਝੱਬਰ, ਮਹਿੰਦਰ ਸਿੰਘ ਰੋਮਾਣਾ, ਤੇਜ ਕੌਰ ਦੇ ਪੁੱਤਰ ਬਾਬੂ ਸਿੰਘ ਅਤੇ ਮਿੱਤੂ ਸਿੰਘ ਸ਼ਾਮਲ ਸੀ। ਡੀਐਸਪੀ ਗੁਰਮੀਤ ਸਿੰਘ ਪੁਲਿਸ ਵਲੋਂ ਸ਼ਾਮਲ ਹੋਏ। ਜਿਸ ਵਿਚ ਇਹ ਫੈਸਲਾ ਲਿਆ ਗਿਆ ਕਿ ਪਰਿਵਾਰ ਨੂੰ 10 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇਗਾ, ਜਿਸ ਚੋਂ 5 ਲੱਖ ਰੁਪਏ ਉਨ੍ਹਾਂ ਦੇ ਭੋਗ ‘ਤੇ ਚੈੱਕ ਰਾਹੀਂ ਦਿੱਤਾ ਜਾਏਗਾ, ਜਦੋਂ ਕਿ ਪੰਜ ਲੱਖ ਨਕਦ। ਪ੍ਰਸਾਸ਼ਨ ਵਲੋਂ ਮੰਗਾਂ ਮੰਨੇ ਜਾਣ ਮੰਗਰੋਂ ਕਿਸਾਨਾਂ ਨੇ ਇਸ ਸਬੰਧੀ ਧਰਨਾ ਖ਼ਤਮ ਕੀਤਾ।
ਕਿਸਾਨ ਆਗੂ ਨੇ ਦੱਸਿਆ ਕਿ ਸਮਝੌਤੇ ਤਹਿਤ ਮਾਨਸਾ ਦੇ ਨਾਇਬ ਤਹਿਸੀਲਦਾਰ ਬਲਵਿੰਦਰ ਸਿੰਘ ਨੇ ਕਿਸਾਨ ਧਰਨੇ ’ਤੇ ਆ ਕੇ ਨਕਦੀ ਮਾਂ ਦੇ ਪੁੱਤਰ ਮਿੱਠੂ ਸਿੰਘ ਨੂੰ ਤਿੰਨ ਲੱਖ ਰੁਪਏ ਅਤੇ ਦੋ ਲੱਖ ਰੁਪਏ ਦਾ ਚੈੱਕ ਸੌਂਪਿਆ। ਬਾਕੀ ਰਕਮ ਪਰਿਵਾਰ ਨੂੰ ਆਨੰਦ ‘ਤੇ ਦਿੱਤੀ ਜਾਵੇਗੀ। ਇੱਕ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ ਪਰਿਵਾਰਕ ਕਰਜ਼ੇ ਮੁਆਫ਼ ਕਰਨ ਦੀ ਸਿਫਾਰਸ਼ ਵੀ ਕੀਤੀ ਗਈ ਹੈ।