
ਜੰਡਿਆਲਾ ਗੁਰੂ, 28 ਅਕਤੂਬਰ (ਸਾਰਾ ਯਹਾ /ਬਿਓਰੋ ਰਿਪੋਰਟ) ਕਿਸਾਨ ਮਜਦੂਰ ਸਘੰਰਸ਼ ਕਮੇਟੀ ਪੰਜਾਬ ਦੀ ਅਗਵਾਈ ਵਿੱਚ ਜੰਡਿਆਲਾ ਗੁਰੁ ਰੇਲਵੇ ਸਟੇਸ਼ਨ ‘ਤੇ ਚੱਲ ਰਿਹਾ ਰੇਲ ਰੋਕੋ ਅੰਦੋਲਨ 35ਵੇਂ ਦਿਨ ਵਿੱਚ ਪਹੁੰਚ ਗਿਆ ਹੈ ਅਤੇ ਇਸਦੇ ਨਾਲ ਹੀ ਰਿਲਾਇੰਸ ਦੇ ਸ਼ਾਪਿੰਗ ਮਾਲ ਕਪੂਰਥਲਾ, ਬਠਿੰਡਾ-ਅੰਮਿ੍ਰਤਸਰ ਜੀਟੀ ਰੋਡ, ਸੇਰੋਂ ਟੋਲ ਪਲਾਜਾ ਆਦਿ ਥਾਵਾਂ ਉੱਤੇ ਧਰਨੇਂ 19ਵੇਂ ਦਿਨ ਵਿੱਚ ਦਾਖਲ ਹੋ ਗਏ ਹਨ।ਵੱਖ-ਵੱਖ ਥਾਈ ਅੰਦੋਲਨਕਾਰੀਆਂ ਦੇ ਇਕੱਠਾਂ ਨੂੰ ਸੰਬੋਧਨ ਕਰਦਿਆਂ ਹੋਇਆ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ, ਜਰਨਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਰੇਲ ਰੋਕੋ ਅੰਦੋਲਨ 6 ਨਵੰਬਰ ਤੱਕ ਵਧਾ ਦਿੱਤਾ ਗਿਆ ਹੈ ਅਤੇ 5 ਨਵੰਬਰ ਦੇ ਕੌਮੀ ਬੰਦ ਨੂੰ ਪੂਰੀ ਤਰ੍ਹਾਂ ਸਫਲ ਕਰਨ ਲਈ ਵਿਉਂਤਬੰਦੀ ਕੀਤੀ ਗਈ ਹੈ।ਆਗੂਆਂ ਕਿਹਾ ਸਾਰੇ ਪੰਜਾਬ ਵਿੱਚ ਜਗ੍ਹਾ-ਜਗ੍ਹਾ ਉਤੇ ਚੱਕਾ ਜਾਮ ਕੀਤਾ ਜਾਵੇਗਾ ਅਤੇ ਕੌਮੀ ਬੰਦ ਨੂੰ ਸਫਲ ਕੀਤਾ ਜਾਵੇਗਾ।ਸਵਿੰਦਰ ਸਿੰਘ ਚੁਤਾਲਾ, ਸੁਖਵਿੰਦਰ ਸਿੰਘ ਸਭਰਾ, ਗੁਰਬਚਨ ਸਿੰਘ ਚੱਬਾ, ਤਰਸੇਮ ਸਿੰਘ ਕਪੂਰਥਲਾ ਆਦਿ ਨੇ ਆਪਣੇ ਸੰਬੋਧਨ ਵਿੱਚ ਕਿਹਾ ਕੈਪਟਨ ਸਰਕਾਰ ਦੀ ਮੀਟਿੰਗ ਵਿੱਚ ਨਾ ਜਾਣ ਦਾ ਫੈਸਲਾ ਕੀਤਾ ਗਿਆ ਹੈ। ਆਗੂਆਂ ਕਿਹਾ ਮੁੱਖ ਮੰਤਰੀ ਖੁਦ ਮੀਟਿੰਗ ਸੱਦਣ, ਜਿਸ ਵਿੱਚ ਸਰਕਾਰ ਦੇ ਏਜੰਡੇ ਤੋਂ ਇਲਾਵਾ ਸੈਕਸ਼ਨ 11 ਤਹਿਤ ਪਾਸ ਕੀਤੇ ਅਸੈਂਬਲੀ ਮਤੇ, ਕਿਸਾਨਾਂ ਵਿਰੁੱਧ ਹਾਈਕੋਰਟ ਜਾਣਾ ਤੇ ਜਥੇਬੰਦੀ ਨਾਲ ਮੱਨੀਆਂ ਮੰਗਾਂ ਬਾਰੇ ਗੱਲ ਕਰਨ।ਉਨ੍ਹਾਂ ਕਿਹਾ ਕੇਂਦਰ ਦੀ ਮੋਦੀ ਸਰਕਾਰ ਕਿਸਾਨਾਂ ਨੂੰ ਬਦਨਾਮ ਕਰਨ ਲਈ ਹਰ ਹੀਲਾ ਵਰਤ ਰਹੀ ਹੈ ਅਤੇ ਪੰਜਾਬ ਦੇ ਵਪਾਰੀਆਂ ਨੂੰ ਤਬਾਹ ਕਰਨਾ ਚਾਹੁੰਦੀ ਹੈ।ਪੰਜਾਬ ਸਰਕਾਰ ਵੀ ਘੱਟ ਨਹੀਂ ਹੈ, ਉਹ ਵੀ ਕਿਸਾਨਾਂ ਵਿੱਚ ਫੁੱਟ ਪਾਉਣ ਦਾ ਕੰਮ ਕਰ ਰਹੀ ਹੈ।ਇਸ ਮੌਕੇ ਰਣਜੀਤ ਸਿੰਘ ਕਲੇਰਬਾਲਾ, ਸੁਖਦੇਵ ਸਿੰਘ ਚਾਟੀਵਿੰਡ, ਬਲਦੇਵ ਸਿੰਘ, ਹਰਬਿੰਦਰ ਸਿੰਘ ਭਲਾਈਪੁਰ, ਗੁਰਭੇਜ ਸਿੰਘ ਸੂਰੋਪੱਡਾ, ਹਰਭਜਨ ਸਿੰਘ ਵੈਰੋਨੰਗਲ, ਜੋਬਨਰੂਪ ਸਿੰਘ ਜਲਾਲਉਸਮਾਂ, ਰਛਪਾਲ ਸਿੰਘ ਪੱਠੂਚੱਕ, ਗੁਰਬਿੰਦਰ ਸਿੰਘ ਉਦੋਕੇ, ਗੁਰਦੀਪ ਸਿੰਘ ਰਾਮਦੀਵਾਲੀ, ਬਲਕਾਰ ਸਿੰਘ ਮਹਿਸਮਪੁਰ, ਬਲਵਿੰਦਰ ਸਿੰਘ ਕਲੇਰਬਾਲਾ, ਜਗੀਰ ਸਿੰਘ ਬੁੱਟਰ, ਬਲਦੇਵ ਸਿੰਘ ਸੈਦੋਲੇਹਲ, ਲਖਵਿੰਦਰ ਸਿੰਘ ਮਹਿਤਾ ਚੌਂਕ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।
