ਬੁਢਲਾਡਾ 4 ਜੂਨ (ਸਾਰਾ ਯਹਾਂ/ਅਮਨ ਮੇਹਤਾ)22 ਮਈ ਦੀ ਰਾਤ ਨੂੰ ਇਕ ਲੜਾਈ ਝਗੜੇ ਦੇ ਮਾਮਲੇ ਚ ਥਾਣਾ ਸ਼ਹਿਰੀ ਬੁਢਲਾਡਾ ਵਿਖੇ ਬੁਲਾਉਣ ਤੋਂ ਬਾਅਦ ਘਰ ਪਰਤੇ ਇੱਕ 20 ਕੁ ਸਾਲਾ ਨੌਜਵਾਨ ਦੀ ਹੋਈ ਮੌਤ ਦੇ ਮਾਮਲੇ ਚ ਪੀੜ਼ਤ ਪਰਿਵਾਰ ਵੱਲੋਂ ਇਸ ਮੌਤ ਲਈ ਜਿਮੇਵਾਰ ਪੁਲਿਸ ਕਰਮੀਆਂ ਖਿਲਾਫ ਕਾਰਵਾਈ ਅਤੇ ਮੁਆਵਜੇ ਦੀ ਮੰਗ ਨੂੰ ਲੈ ਕੇ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ ਨੂੰ ਭੇਜੀ ਦਰਖਾਸਤ ‘ਤੇ ਇਸ ਮਾਮਲੇ ਦੀ ਜਾਂਚ ਕਰਨ ਅਤੇ ਪੀੜਤ ਪਰਿਵਾਰ ਨੂੰ ਕੁਝ ਮੁਆਵਜ਼ਾ ਰਾਸ਼ੀ ਦੇਣ ਲਈ ਸ੍ਰੀ ਸਾਂਪਲਾ ਨੇ ਅੱਜ ਪਿੰਡ ਫਫਡ਼ੇ ਭਾਈਕੇ ਵਿਖੇ ਪੁੱਜਣਾ ਸੀ । ਜਿਸ ਦੀ ਭਿਣਕ ਲੱਗਦਿਆਂ ਹੀ ਵੱਖ ਵੱਖ ਕਿਸਾਨ ਜਥੇਬੰਦੀਆਂ ਵੱਲੋਂ ਇਸ ਪਿੰਡ ਨੂੰ ਆਉਂਦੇ ਸਾਰੇ ਹੀ ਰਸਤਿਆਂ ਤੇ ਸਖ਼ਤ ਨਾਕਾਬੰਦੀ ਕਰਕੇ ਧਰਨੇ ਲਗਾ ਦਿੱਤੇ ਗਏ ਅਤੇ ਇਸ ਭਾਜਪਾ ਆਗੂ ਦਾ ਵਿਰੋਧ ਸ਼ੁਰੂ ਕਰ ਦਿੱਤਾ।ਸਾਂਪਲਾ ਦੇ ਇਸ ਵਿਰੋਧ ਨੂੰ ਦੇਖਦਿਆਂ ਐਸ ਪੀ ਤੇ ਡੀ ਐਸ ਪੀ ਪੱਧਰ ਦੇ ਅਨੇਕਾਂ ਅਧਿਕਾਰੀ ਪੁਲਿਸ ਵੱਲੋਂ ਕੀਤੇ ਵੱਡੇ ਸੁਰੱਖਿਆ ਪ੍ਰਬੰਧਾਂ ਦੀ ਦੇਖ-ਰੇਖ ਕਰ ਰਹੇ ਸਨ ।ਸਵੇਰ 11 ਵਜੇ ਤੋਂ ਹੀ ਸ੍ਰੀ ਸਾਂਪਲਾ ਦੀ ਪਿੰਡ ਫਫੜੇ ਭਾਈਕੇ ਵਿਖੇ ਆਉਣ ਦੀ ਉਡੀਕ ਕੀਤੀ ਜਾ ਰਹੀ ਸੀ ਪਰ ਉਹ 3 ਵਜੇ ਤੱਕ ਵੀ ਇਥੇ ਨਹੀਂ ਪੁੱਜ ਸਕੇ ਅਤੇ ਪੁਲਿਸ ਵੱਲੋਂ ਪੀੜਤ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਮਾਨਸਾ ਵਿਖੇ ਠਹਿਰੇ ਹੋਏ ਸ੍ਰੀ ਸਾਪਲਾ ਨਾਲ ਮਿਲਾਉਣ ਲਈ ਰਵਾਨਾ ਹੋਣ ਉਪਰੰਤ ਹੀ ਕਿਸਾਨਾਂ ਨੇ ਧਰਨੇ ਚੁੱਕੇ।ਇਸ ਦਰਮਿਆਨ ਕਿਸਾਨ ਯੂਨੀਅਨ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਕਿਹਾ ਕਿ ਜਥੇਬੰਦੀਆਂ ਵੱਲੋਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਤੱਕ ਭਾਜਪਾ ਆਗੂਆਂ ਨੂੰ ਪਿੰਡਾਂ ਵਿਚ ਨਾ ਵੜਨ ਦੇ ਫੈਸਲੇ ਤਹਿਤ ਇਹ ਵਿਰੋਧ ਕੀਤਾ ਜਾ ਰਿਹਾ ਹੈ
ਜਦਕਿ ਉਨ੍ਹਾਂ ਦਾ ਮਜ਼ਦੂਰ ਪਰਿਵਾਰ ਨੂੰ ਮੁਆਵਜ਼ਾ ਰਾਸ਼ੀ ਦੇਣ ਦਾ ਕੋਈ ਵੀ ਵਿਰੋਧ ਨਹੀਂ ਹੈ।ਉਨ੍ਹਾਂ ਕਿਹਾ ਕਿ ਅਜਿਹੇ ਪ੍ਰੋਗਰਾਮ ਸਿਰਫ਼ ਭਾਜਪਾ ਨੂੰ ਟੇਢੇ ਢੰਗ ਨਾਲ ਪਿੰਡਾਂ ਵਿੱਚ ਵਾੜਨ ਦੀ ਸਾਜ਼ਿਸ਼ ਹੈ ਉਧਰ ਦੂਜੇ ਪਾਸੇ ਮਜ਼ਦੂਰ ਪਰਿਵਾਰ ਦੇ ਨੇੜਲੇ ਰਿਸ਼ਤੇਦਾਰਾਂ ਨੇ ਕਿਹਾ ਕਿ ਸ੍ਰੀ ਸਾਂਪਲਾ ਉਨ੍ਹਾਂ ਨਾਲ ਹਮਦਰਦੀ ਪ੍ਰਗਟ ਕਰਨ ਲਈ ਆਏ ਹਨ ਪਰ ਕਿਸਾਨ ਜਥੇਬੰਦੀਆਂ ਵੱਲੋਂ ਕੀਤਾ ਜਾ ਰਿਹਾ ਇਹ ਵਿਰੋਧ ਬਿਲਕੁਲ ਗਲਤ ਹੈ ਜੋ ਕਿਸੇ ਪਰਿਵਾਰ ਦੀ ਮਦਦ ਕਰਨ ਦੀ ਬਜਾਏ ਹੋਰਨਾਂ ਨੂੰ ਵੀ ਮਦਦ ਕਰਨ ਤੋਂ ਰੋਕ ਰਹੇ ਹਨ