*ਕਿਸਾਨ ਕਣਕ ਦੀ ਫਸਲ ਵਿੱਚ ਤੱਤਾਂ ਦੀ ਘਾਟ ਸਬੰਧੀ ਨਿਰੰਤਰ ਖੇਤਾਂ ਦਾ ਦੌਰਾ ਕਰਨ : ਡਾ. ਹਰਪ੍ਰੀਤਪਾਲ ਕੌਰ*

0
31

ਮਾਨਸਾ, 07 ਜਨਵਰੀ :(ਸਾਰਾ ਯਹਾਂ/ਮੁੱਖ ਸੰਪਾਦਕ)
ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਤੇ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਕੁਲਵੰਤ ਸਿੰਘ ਦੀਆਂ ਹਦਾਇਤਾਂ ਅਨੁਸਾਰ ਮੁੱਖ ਖੇਤੀਬਾੜੀ ਅਫ਼ਸਰ ਡਾ. ਹਰਪ੍ਰੀਤਪਾਲ ਕੌਰ ਨੇ ਕਿਸਾਨਾਂ ਨੂੰ ਇਹਨਾਂ ਦਿਨਾਂ ਵਿੱਚ ਆਪਣੇ ਖੇਤਾਂ ਦਾ ਨਿਰੰਤਰ ਦੌਰਾ ਕਰਕੇ ਕਣਕ ਦੀ ਫਸਲ ਦਾ ਮੁਆਇਨਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਸਾਨਾਂ ਨੂੰ ਫਸਲ ਦੇ ਪੀਲੇ ਪੈਣ ਦੇ ਕਾਰਨਾਂ ਬਾਰੇ ਦੱਸਦਿਆਂ ਕਿਹਾ ਕਿ ਫਸਲ ਦੇ ਪੀਲੇ ਪੈਣ ਦੇ ਕਈ ਕਾਰਨ ਹੋ ਸਕਦੇ ਹਨ, ਜਿੰਨ੍ਹਾਂ ਵਿੱਚੋਂ ਨਾਇਟਰੋਜਨ ਦੀ ਘਾਟ, ਮੈਗਜੀਨ ਦੀ ਘਾਟ, ਜਿੰਕ ਦੀ ਘਾਟ, ਗੰਧਕ, ਖਰਾਬ ਮੌਸਮ ਅਤੇ ਪਾਣੀ ਦੀ ਘੱਟ ਨਿਕਾਸੀ ਆਦਿ ਪ੍ਰਮੁੱਖ ਹਨ।
ਉਨ੍ਹਾਂ ਦੱਸਿਆ ਕਿ ਮੈਂਗਨੀਜ਼ ਦੀ ਘਾਟ ਆਮ ਤੌਰ ’ਤੇ ਝੋਨਾ—ਕਣਕ ਫ਼ਸਲੀ ਚੱਕਰ ਵਾਲੀਆਂ ਰੇਤਲੀਆਂ ਜ਼ਮੀਨਾਂ ਵਿੱਚ ਜਿਆਦਾ ਵੇਖਣ ਵਿੱਚ ਆਉਂਦੀ ਹੈ। ਇਸ ਦੀਆਂ ਨਿਸ਼ਾਨੀਆਂ ਬੂਟੇ ਦੇ ਵਿਚਕਾਰਲੇ ਪੱਤਿਆਂ ਦੀਆਂ ਨਾੜੀਆਂ ਦੇ ਦਰਮਿਆਨ ਵਾਲੀ ਥਾਂ ’ਤੇ ਹਲਕੇ ਪੀਲੇ ਸਲੇਟੀ ਰੰਗ ਤੋਂ ਗੁਲਾਬੀ ਭੂਰੇ ਰੰਗ ਦੇ ਧੱਬਿਆਂ ਦੇ ਰੂਪ ਵਿੱਚ ਦਿਖਾਈ ਦਿੰਦੀਆਂ ਹਨ। ਇਹ ਧੱਬੇ ਪੱਤਿਆਂ ਦੇ ਮੁੱਢ ਵਾਲੇ 2/3 ਹਿੱਸੇ ਵਿੱਚ ਜਿਆਦਾ ਹੁੰਦੇ ਹਨ। ਬਾਅਦ ਵਿੱਚ ਇਹ ਧੱਬੇ ਨਾੜੀਆਂ ਵਿਚਕਾਰ, ਜਿਹੜੀਆਂ ਕਿ ਹਰੀਆਂ ਰਹਿੰਦੀਆਂ ਹਨ, ਇਕੱਠੇ ਹੋ ਕੇ ਇੱਕ ਲੰਮੀ ਧਾਰੀ ਦਾ ਆਕਾਰ ਧਾਰਨ ਕਰ ਲੈਂਦੇ ਹਨ। ਬਹੁਤ ਜਿਆਦਾ ਘਾਟ ਆਉਣ ਨਾਲ ਬੂਟੇ ਬਿਲਕੁਲ ਸੁੱਕ ਜਾਂਦੇ ਹਨ। ਮੈਂਗਨੀਜ਼ ਦੀ ਘਾਟ ਵਾਲੀਆਂ ਜ਼ਮੀਨਾਂ ਵਿੱਚ 0.5 ਫੀਸਦੀ ਮੈਗਨੀਜ਼ ਸਲਫ਼ੇਟ (ਇੱਕ ਕਿਲੋ ਮੈਂਗਨੀਜ਼ ਸਲਫ਼ੇਟ 200 ਲਿਟਰ ਪਾਣੀ ਵਿੱਚ) ਦਾ ਇੱਕ ਛਿੜਕਾਅ ਪਹਿਲੇ ਪਾਣੀ ਤੋਂ 2—4 ਦਿਨ ਪਹਿਲਾਂ ਅਤੇ 3 ਛਿੜਕਾਅ ਹਫ਼ਤੇ—ਹਫ਼ਤੇ ਦੇ ਫ਼ਰਕ ਨਾਲ ਬਾਅਦ ਵਿੱਚ ਧੁੱਪ ਵਾਲੇ ਦਿਨਾਂ ਵਿੱਚ ਕਰਨੇ ਚਾਹੀਦੇ  ਹਨ।
ਉਨ੍ਹਾਂ ਕਿਹਾ ਕਿ ਕਣਕ ਦੀ ਫ਼ਸਲ ਤੇ ਜਿੰਕ ਦੀ ਘਾਟ ਨਾਲ ਬੂਟਿਆਂ ਦਾ ਵਾਧਾ ਰੁਕ ਜਾਂਦਾ ਹੈ ਅਤੇ ਬੂਟੇ ਝਾੜੀ ਵਰਗੇ ਬਣ ਜਾਂਦੇ ਹਨ। ਪੱਤੇ ਲੱਕ ਵਿਚਕਾਰੋਂ ਪੀਲੇ ਪੈ ਜਾਂਦੇ ਹਨ ਅਤੇ ਬਾਅਦ ਵਿੱਚ ਉਥੋਂ ਟੁੱਟ ਕੇ ਲਮਕ ਜਾਂਦੇ ਹਨ। ਘਾਟ ਵਾਲੀਆਂ ਜ਼ਮੀਨਾਂ ਵਿੱਚ ਬਿਜਾਈ ਸਮੇਂ 25 ਕਿਲੋ ਜਿੰਕ ਸਲਫੇਟ (21 ਫੀਸਦੀ ਜਿੰਕ) ਪ੍ਰਤੀ ਏਕੜ ਜ਼ਮੀਨ ਵਿੱਚ ਛੱਟੇ ਨਾਲ ਪਾਓ। ਜਿੰਕ ਦੀ ਘਾਟ ਫ਼ਸਲ ਉੱਤੇ ਜਿੰਕ ਸਲਫ਼ੇਟ (0.5 ਫੀਸਦੀ) ਦੀ ਸਪਰੇਅ ਕਰਨ ਨਾਲ ਵੀ ਪੂਰੀ ਕੀਤੀ ਜਾ ਸਕਦੀ ਹੈ। ਇੱਕ ਏਕੜ ਲਈ ਇੱਕ ਕਿਲੋ ਜਿੰਕ ਸਲਫ਼ੇਟ ਅਤੇ ਅੱਧਾ ਕਿੱਲੋ ਅਣਬੁਝਿਆ ਚੂਨਾ 200 ਲਿਟਰ ਪਾਣੀ ਵਿੱਚ ਘੋਲ ਕੇ 15 ਦਿਨਾਂ ਦੀ ਵਿੱਥ ਤੇ 2-3 ਵਾਰ ਛਿੜਕਾਅ ਕਰਨਾ ਚਾਹੀਦਾ ਹੈ।
ਯੂਰੀਆ ਦੀ ਪੂਰੀ ਮਾਤਰਾ ਖੇਤ ਵਿੱਚ ਪਾ ਦੇਣ ਉਪਰੰਤ ਵੀ ਫ਼ਸਲ ਤੇ ਨਾਈਟਰੋਜਨ ਤੱਤ ਦੀ ਘਾਟ ਦੇ ਲੱਛਣ ਆਉਣ, ਤਾਂ 03 ਫੀਸਦੀ ਯੂਰੀਆ ਘੋਲ ( 09 ਕਿਲੋ ਯੂਰੀਆ 300 ਲਿਟਰ ਪਾਣੀ ਵਿੱਚ) ਦਾ ਦੋ ਪਾਸਾ ਛਿੜਕਾਅ ਕਰਨਾ ਚਾਹੀਦਾ ਹੈ। ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਫਸਲਾਂ ਦੀ ਕਾਸ਼ਤ ਸਬੰਧੀ ਵਧੇਰੇ ਤਕਨੀਕੀ ਜਾਣਕਾਰੀ ਲੈਣ ਲਈ ਸਬੰਧਤ ਬਲਾਕ ਦਫਤਰ ਦੇ ਅਧਿਕਾਰੀਆਂ ਨਾਲ ਸੰਪਰਕ ਕਰਨਾ ਚਾਹੀਦਾ ਹੈ।

LEAVE A REPLY

Please enter your comment!
Please enter your name here