
ਚੰਡੀਗੜ੍ਹ 4,ਦਸੰਬਰ (ਸਾਰਾ ਯਹਾ /ਬਿਓਰੋ ਰਿਪੋਰਟ) : ਕਾਰ ਸੇਵਾ ਖਡੂਰ ਸਾਹਿਬ ਦੇ ਮੁਖੀ ਬਾਬਾ ਸੇਵਾ ਸਿੰਘ ਜੀ ਨੇ ਆਪਣਾ ਪਦਮ ਸ੍ਰੀ ਇਨਾਮ ਰਾਸ਼ਟਰਪਤੀ ਨੂੰ ਵਾਪਸ ਕਰਨ ਦਾ ਫੈਸਲਾ ਕੀਤਾ ਹੈ। ਇਸ ਸਬੰਧੀ ਚਿੱਠੀ ਅੱਜ ਰਾਸ਼ਟਰਪਤੀ ਨੂੰ ਭੇਜਦਿਆਂ ਬਾਬਾ ਸੇਵਾ ਸਿੰਘ ਜੀ ਨੇ ਲਿਖਿਆ ਕਿ, “ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਸੰਘਰਸ਼ ਲਈ ਮਜ਼ਬੂਰ ਕਰਨ ਤੇ ਸੰਘਰਸ਼ ਕਰ ਰਹੇ ਕਿਸਾਨਾਂ ਉਪਰ ਜ਼ੁਲਮ ਕਰਨ ਦੇ ਵਰਤਾਰੇ ਸੰਬੰਧੀ ਵੇਦਨਾ ਪ੍ਰਗਟ ਕਰਦਾ ਹੋਇਆ ‘ਪਦਮ ਸ੍ਰੀ ਐਵਾਰਡ’ ਵਾਪਸ ਕਰ ਰਿਹਾ ਹਾਂ”।
ਉਨ੍ਹਾਂ ਅੱਗੇ ਲਿਖਿਆ ਕਿ ਅੱਜ ਜਦੋਂ ਸਮੁੱਚੇ ਭਾਰਤ ਦੇ ਕਿਸਾਨ ਆਪਣੀ ਹੋਂਦ ਦੀ ਲੜਾਈ ਲੜ ਰਹੇ ਹਨ ਤਾਂ ਅਜਿਹੇ ਸਮੇਂ ਵਿਚ ਸਰਕਾਰ ਦੁਆਰਾ ਅਪਣਾਇਆ ਜਾ ਰਿਹਾ ਵਤੀਰਾ ਚਿੰਤਾਜਨਕ ਹੈ। ਉਨ੍ਹਾਂ ਕਿਹਾ ਕਿ ਅਜਿਹੇ ਮਾਣ ਸਨਮਾਨ ਲੋਕ ਅਤੇ ਸਮਾਜ ਭਲਾਈ ਲਈ ਹੀ ਮਿਲਦੇ ਹਨ, ਜਦੋਂ ਆਮ ਲੋਕਾਂ ਨਾਲ ਵਧੀਕੀ ਹੋ ਰਹੀ ਹੋਵੇ, ਉਨ੍ਹਾਂ ਨੂੰ ਲਿਤਾੜਿਆ ਜਾ ਰਿਹਾ ਹੋਵੇ, ਲੋਕ ਕੜਾਕੇ ਦੀ ਠੰਡ ਵਿਚ ਸੜਕਾਂ ‘ਤੇ ਦਿਨ ਰਾਤ ਗੁਜ਼ਾਰ ਰਹੇ ਹੋਣ ਤੇ ਅਜਿਹੇ ਵਿਚ ਰਾਸ਼ਟਰ ਉਨ੍ਹਾਂ ਨੂੰ ਅੱਖੋਂ ਪਰੋਖੇ ਕਰ ਰਿਹਾ ਹੋਵੇ ਤਾਂ ਅਜਿਹੇ ਰਾਸ਼ਟਰੀ ਸਨਮਾਨ ਨੂੰ ਕੋਲ ਰੱਖਣ ਦੀ ਕੋਈ ਤੁਕ ਨਹੀਂ ਬਣਦੀ। ਉਨ੍ਹਾਂ ਤਿੰਨੇ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ।
