ਕਿਸਾਨ ਅੰਦੋਲਨ ਕਰ ਰਿਹਾ ਪੂਰੀ ਦੁਨੀਆ ਨੂੰ ਹੈਰਾਨ! ਪਹਿਲਾਂ ਨਹੀਂ ਵੇਖਿਆ ਕਿਸੇ ਅਜਿਹਾ ਸੰਘਰਸ਼

0
32

ਨਵੀਂ ਦਿੱਲੀ 13,ਦਸੰਬਰ (ਸਾਰਾ ਯਹਾ /ਬਿਓਰੋ ਰਿਪੋਰਟ) : ਦਿੱਲੀ ਦੇ ਹੱਦਾਂ ‘ਤੇ ਕਿਸਾਨਾਂ ਦੇ ਸੰਘਰਸ਼ ਨੂੰ ਵੇਖ ਸਭ ਹੈਰਾਨ ਹਨ। ਕਿਤੇ ਦਿਨ-ਰਾਤ ਤਰ੍ਹਾਂ-ਤਰ੍ਹਾਂ ਦੇ ਲੰਗਰ ਚੱਲ ਰਹੇ ਹਨ। ਬਜ਼ੁਰਗਾਂ ਲਈ ਮਾਲਸ਼ ਵਾਲੀਆਂ ਮਸ਼ੀਨਾਂ ਚੱਲ ਰਹੀਆਂ ਹਨ। ਮੁਫਤ ਕਿਤਾਬਾਂ ਵੰਡੀਆਂ ਜਾ ਰਹੀਆਂ ਹਨ। ਕੰਬਲ, ਬੂਟ ਤੇ ਜੁਰਾਬਾਂ ਵੰਡੀਆਂ ਜਾ ਰਹੀਆਂ ਹਨ। ਲੱਖਾਂ ਦੀ ਗਿਣਤੀ ਵਿੱਚ ਇਕੱਠ ਹੋਣ ਦੇ ਬਾਵਜੂਦ ਸਭ ਕੁਝ ਅਨੁਸਾਸ਼ਨ ਤਹਿਤ ਚੱਲ ਰਿਹਾ ਹੈ। ਇਹ ਸਭ ਸ਼ਾਇਦ ਹੀ ਕਿਸੇ ਨੇ ਪਹਿਲਾਂ ਅੰਦੋਲਨ ਵਿੱਚ ਵੇਖਿਆ ਹੋਵੇ।

ਐਤਵਾਰ ਸਿੰਘੂ ਬਾਰਡਰ ਉੱਪਰ ਇੱਕ ਹੋਰ ਨਜ਼ਾਰਾ ਵੇਖਣ ਨੂੰ ਮਿਲਿਆ। ਹੁਣ ਤੱਕ ਕਿਸਾਨ ਟਰੈਕਟਰਾਂ ਟਰਾਲੀਆਂ, ਕਾਰਾਂ, ਜੀਪਾਂ, ਬੱਸਾਂ ਤੇ ਹੋਰ ਗੱਡੀਆਂ ਲੈ ਕੇ ਦਿੱਲੀ ਪਹੁੰਚ ਰਹੇ ਸਨ। ਉੱਥੇ ਹੁਣ ਕਿਸਾਨ ਕੰਬਾਈਨਾਂ ਲੈ ਕੇ ਵੀ ਪਹੁੰਚਣ ਲੱਗੇ ਹਨ। ਅੰਬਾਲਾ ਦੇ ਪਿੰਡ ਲੰਗਰ ਛੰਨੀ ਦਾ ਹਰਪ੍ਰੀਤ ਸਿੰਘ ਆਪਣੀ ਕੰਬਾਈਨ ਲੈ ਕੇ ਪਹੁੰਚਿਆ ਤੇ ਉਸ ਨੇ ਇਹ ਕੰਬਾਈਨ ਸਿੰਘੂ ਬਾਰਡਰ ਨੇੜੇ ਕਰਕੇ ਖੜ੍ਹੀ ਕੀਤੀ ਹੈ।

ਸਭ ਨੂੰ ਖਦਸ਼ਾ ਸੀ ਕਿ ਬਾਰਸ਼ ਹੋਣ ਨਾਲ ਕਿਸਾਨਾਂ ਨੂੰ ਔਖ ਹੋਏਗੀ ਪਰ ਕਿਸੇ ਨੂੰ ਪਤਾ ਹੀ ਨਹੀਂ ਸੀ ਕਿ ਕਿਸਾਨ ਇਸ ਦੀ ਵੀ ਤਿਆਰੀ ਕਰਕੇ ਆਏ ਹਨ। ਦਿੱਲੀ ਧਰਨੇ ’ਚ ਆਉਣ ਤੋਂ ਪਹਿਲਾਂ ਕਿਸਾਨਾਂ ਨੇ ਆਪਣੀਆਂ ਟਰਾਲੀਆਂ ਵਿਗੜੇ ਮੌਸਮ ਨਾਲ ਨਜਿੱਠਣ ਲਈ ਪਹਿਲਾਂ ਹੀ ਤਿਆਰ ਕਰ ਲਈਆਂ ਸਨ।

ਦਿੱਲੀ ’ਚ ਪਏ ਹਲਕੇ ਮੀਂਹ ਨਾਲ ਕਿਸਾਨਾਂ ਵੱਲੋਂ ਕੀਤੇ ਗਏ ਬੰਦੋਬਸਤ ਕੰਮ ਆਏ ਤੇ ਇਸ ਮੀਂਹ ਨਾਲ ਕਿਸਾਨਾਂ ਵੱਲੋਂ ਕੀਤੇ ਪ੍ਰਬੰਧਾਂ ਦੀ ਅਜ਼ਮਾਇਸ਼ ਵੀ ਹੋ ਗਈ। ਕਈ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਪਹਿਲਾਂ ਹੀ ਖਦਸ਼ੇ ਸਨ ਕਿ ਅੱਧ ਦਸੰਬਰ ਵਿੱਚ ਮੀਂਹ ਪੈ ਸਕਦਾ ਹੈ ਇਸੇ ਕਰਕੇ ਉਹ ਟਰਾਲੀਆਂ ਉੱਪਰ ਤਰਪਾਲਾਂ ਲਾ ਕੇ ਲਿਆਏ ਸੀ।

ਸਿੰਘੂ ਬਾਰਡਰ ’ਤੇ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਵੱਲੋਂ ਹੁਣ ਸਟੇਜ ਸੰਚਾਲਨ ਲਈ ਪ੍ਰਬੰਧਾਂ ਨੂੰ ਹੋਰ ਸੁਚਾਰੂ ਰੂਪ ਵਿੱਚ ਚਲਾਉਣ ਲਈ ਰੋਜ਼ਾਨਾ 5-5 ਜਥੇਬੰਦੀਆਂ ਦੀ ਜ਼ਿੰਮੇਵਾਰੀ ਲਾਈ ਗਈ ਹੈ। ਇਹ ਜਥੇਬੰਦੀਆਂ ਰੋਜ਼ਾਨਾ ਬਦਲੀਆਂ ਜਾਣਗੀਆਂ ਤੇ ਵਲੰਟੀਅਰਾਂ ਦੀ ਜ਼ਿੰਮੇਵਾਰੀ ਹੋਵੇਗੀ ਕਿ ਉਹ ਮੰਚ ਸੰਚਾਲਨ ਦੇਖਣ। ਇਸ ਮੰਚ ਤੋਂ ਵਿਸ਼ੇ ਤੋਂ ਹਟਵਾਂ ਭਾਸ਼ਣ ਨਾ ਦੇਣ ਦੀ ਤਾਕੀਦ ਕੀਤੀ ਗਈ ਹੈ।

LEAVE A REPLY

Please enter your comment!
Please enter your name here