
ਸਰਦੂਲਗੜ੍ਹ ,04 ਜਨਵਰੀ (ਸਾਰਾ ਯਹਾ /ਬਲਜੀਤ ਪਾਲ) : ਖੇਤੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਕੇਂਦਰ ਸਰਕਾਰ ਖਿਲਾਫ਼ ਚੱਲ ਰਹੇ ਕਿਸਾਨੀ ਅੰਦੋਲਨ ’ਚ ਧਰਨਾ ਲਗਾਈ ਬੈਠੇ ਕਿਸਾਨਾਂ ਲਈ ਪਿੰਡਾਂ ਚੋ ਖੋਆ ਤੇ ਗਾਜਰਪਾਕ ਬਣਾਕੇ ਭੇਜਿਆ ਜਾ ਰਿਹਾ ਹੈ।ਕਿਸੇ ਚੀਜ ਦਾ ਟੋਟਾ ਨਹੀਂ। ਹਲਕੇ ਦੇ ਦਰਜ਼ਨਾਂ ਪਿੰਡਾਂ ਚੋ ਲਗਾਤਾਰ ਹੋਰ ਲੋੜੀਂਦੇ ਜਰੂਰੀ ਸਮਾਨ ਦੇ ਨਾਲ-ਨਾਲ ਦਿੱਲੀ ਚ ਡਟੇ ਕਿਸਾਨਾਂ ਲਈ ਖੋਅ ਅਤੇ ਗਾਜਰਪਾਕ ਆਦਿ ਤਿਆਰ ਕਰਕੇ ਭੇਜਿਆ ਜਾ ਰਿਹਾ ਹੈ।ਪਿੰਡ ਤਲਵੰਡੀ ਅਕਲੀਆ ਵਾਸੀਆਂ ਨੇ ਕੜਾਕੇ ਦੀ ਠੰਢ ਤੇ ਖਰਾਬ ਮੌਸਮ ਦੇ ਬਾਵਜ਼ੂਦ ਪੰਜ ਕੁਇੰਟਲ ਤੋਂ ਜਿਆਦਾ ਖੋਆ ਤੇ ਗਜ਼ਰੇਲਾ ਤਿਆਰ ਕਰਕੇ ਦਿੱਲੀ ਅੰਦੋਲਨ ’ਚ ਪੁੱਜਦਾ ਕੀਤਾ। ਪੰਜਾਬ ਕਿਸਾਨ ਯੂਨੀਅਨ ਦੀ ਇਕਾਈ ਤਲਵੰਡੀ ਅਕਲੀਆ ਵੱਲੋਂ ਖੇਤੀ ਬਿੱਲਾ ਦੀ ਵਾਪਸੀ ਲਈ ਸ਼ੁਰੂ ਹੋਏ ਅੰਦੋਲਨ ’ਚ ਪਹਿਲੇ ਦਿਨ ਤੋਂ ਭਰਪੂਰ ਯੋਗਦਾਨ ਪਾਇਆ ਜਾ ਰਿਹਾ ਹੈ। ਪੰਜਾਬ ਕਿਸਾਨ ਯੂਨੀਅਨ ਦੇ ਪਿੰਡ ਇਕਾਈ ਪ੍ਰਧਾਨ ਦੀਪ ਸਿੰਘ ਕਾਲੀ ਨੇ ਦੱਸਿਆ ਕਿ ਸਰਕਾਰ ਖਿਲਾਫ਼ ਉਬਾਲ ਤੇ ਬਜ਼ੁਰਗਾਂ ਦੇ ਮਿਲੇ ਥਾਪੜੇ ਮਗਰੋਂ ਨੌਜਵਾਨਾਂ ਨੇ 17 ਕੁਇੰਟਲ ਦੁੱਧ ਤੋਂ 4 ਕੁਇੰਟਲ ਖੋਆ ਅਤੇ ਬਾਕੀ ਗਜਰੇਲਾ ਤਿਆਰ ਕੀਤਾ ਗਿਆ। ਮੀਤ ਪ੍ਰਧਾਨ ਗੋਰਾ ਸਿੰਘ ਮੈਂਬਰ ਜ਼ਿਲਾਂ ਆਗੂ, ਪੰਜਾਬ ਸਿੰਘ ਤੇ ਜਸਵੀਰ ਸਿੰਘ ਨੇ ਦੱਸਿਆ ਕਿ ਸਰਕਾਰ ਕਿਸਾਨਾਂ ਦੇ ਸਬਰ ਨੂੰ ਨਾ ਪਰਖੇ। ਕੜਾਕੇ ਦੀ ਠੰਢ ਜਾਂ ਮੌਸਮ ਦੀ ਖਰਾਬੀ ਕਿਸਾਨ ਪਹਿਲੀ ਵਾਰ ਨਹੀਂ ਹੰਢਾ ਰਹੇ ਉਹ ਆਪਣੇ ਖੇਤਾਂ ’ਚ ਵੀ ਅਜਿਹੇ ਮੌਸਮ ਦਾ ਸਾਹਮਣਾ ਕਰਦੇ ਹਨ। ਉਨ੍ਹਾਂ ਕਿਹਾ ਕਿ ਸੰਘਰਸ਼ ਜਿੰਨਾਂ ਮਰਜੀ ਲੰਬਾਂ ਚੱਲੇ ਸੰਘਰਸ਼ ਵਾਲੀ ਥਾਂ ’ਤੇ ਕਿਸੇ ਚੀਜ ਦੀ ਕੋਈ ਕਮੀਂ ਨਹੀਂ ਆਉਣ ਦਿੱਤੀ ਜਾਵੇਗੀ ਤੇ ਇਸੇ ਜੋਸ਼ ਨਾਲ ਕੇਂਦਰ ਖਿਲਾਫ਼ ਮੋਰਚਾ ਬਿੱਲਾ ਦੀ ਵਾਪਸੀ ਤੱਕ ਜਾਰੀ ਰਹੇਗਾ।
ਕੈਪਸ਼ਨ: ਕਿਸਾਨੀ ਸੰਘਰਸ ਚ ਡਟੇ ਕਿਸਾਨਾਂ ਲਈ ਖੋਏ ਦਾ ਲੰਗਰ ਰਵਾਨਾ ਕਰਦੇ ਹੋਏ ਪਿੰਡ ਵਾਸੀ।
