ਬੁਢਲਾਡਾ 18 ਮਾਰਚ(ਸਾਰਾ ਯਹਾਂ/ਮਹਿਤਾ ਅਮਨ)ਕਿਸਾਨੀ ਸੰਘਰਸ਼ ਤੋਂ ਵਾਪਿਸ ਪਰਤੇ ਕਿਸਾਨ ਦੀ ਅਚਾਨਕ ਸਿਹਤ ਵਿਗੜਨ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਇਸ ਸੰਬੰਧੀ ਸਾਬਕਾ ਸਰਪੰਚ ਮੱਖਣ ਸਿੰਘ ਭੱਠਲ ਅਤੇ ਸਮਾਜਸੇਵੀ ਬਿੱਟੂ ਭੱਠਲ ਨੇ ਦੱਸਿਆ ਕਿ ਟਹਿਲ ਸਿੰਘ ਪੁੱਤਰ ਰੂਪ ਸਿੰਘ ਵਾਸੀ ਰਾਮਨਗਰ ਭੱਠਲ ਜੋ ਪਿਛਲੇ 10 ਦਿਨਾਂ ਤੋਂ ਕਿਸਾਨੀ ਸੰਘਰਸ਼ ਵਿੱਚ ਖਨੌਰੀ ਬਾਰਡਰ ਤੇ ਗਿਆ ਹੋਇਆ ਸੀ। ਜਦ ਉਸਦੀ ਸਿਹਤ ਵਿਗੜਨ ਲੱਗੀ ਤਾਂ ਉਹ ਆਪਣੇ ਸਾਥੀਆਂ ਸਮੇਤ ਪਿੰਡ ਵਾਪਿਸ ਆਉਣ ਲੱਗਿਆ ਤਾਂ ਅਚਾਨਕ ਰਸਤੇ ਵਿੱਚ ਸਿਹਤ ਵਿਗੜਨ ਕਾਰਨ ਉਸਦੀ ਮੌਤ ਹੋ ਗਈ। ਪਿੰਡ ਇਕਾਈ ਦੇ ਪ੍ਰਧਾਨ ਅੰਗਰੇਜ ਸਿੰਘ ਅਤੇ ਹੋਰ ਸਾਥੀਆਂ ਵੱਲੋਂ ਉਸਨੂੰ ਸਿਵਲ ਹਸਪਤਾਲ ਬੁਢਲਾਡਾ ਲਿਆਂਦਾ ਗਿਆ। ਜਿੱਥੇ ਥਾਣਾ ਬੋਹਾ ਦੀ ਪੁਲਿਸ ਨੇ ਮ੍ਰਿਤਕ ਦੇ ਪੁੱਤਰ ਲਵਦੀਪ ਸਿੰਘ ਦੇ ਬਿਆਨ ਤੇ ਧਾਰਾ 174 ਦੀ ਕਾਰਵਾਈ ਕਰਦਿਆਂ ਲਾਸ਼ ਪੋਸ਼ਟ ਮਾਰਟਮ ਉਪਰੰਤ ਵਾਰਿਸਾਂ ਨੂੰ ਸੌਂਪ ਦਿੱਤੀ ਗਈ। ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਜਿਲ੍ਹਾ ਪ੍ਰਧਾਨ ਜਗਦੇਵ ਸਿੰਘ ਭੈਣੀਬਾਘਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸੰਘਰਸ਼ ਦੌਰਾਨ ਮ੍ਰਿਤਕ ਕਿਸਾਨ ਦੇ ਪਰਿਵਾਰ ਨੂੰ ਯੋਗ ਮੁਆਵਜਾ ਅਤੇ ਨੌਕਰੀ ਦਿੱਤੀ ਜਾਵੇ।