
ਬਟਾਲਾ 25,ਜੂਨ (ਸਾਰਾ ਯਹਾਂ/ਬਿਊਰੋ ਰਿਪੋਰਟ) : ਭਾਜਪਾ ਆਗੂ ਅਤੇ ਲੀਡਰ ਲਗਾਤਾਰ ਕਿਸਾਨਾਂ ਦੇ ਗੁੱਸੇ ਦਾ ਸ਼ਿਕਾਰ ਬਣ ਰਹੇ ਹਨ।ਅੱਜ ਬਟਾਲਾ ਵਿੱਚ ਵੀ ਕਿਸਾਨਾਂ ਨੇ ਭਾਜਪਾ ਦਾ ਦਫ਼ਤਰ ਘੇਰਿਆ ਅਤੇ ਵਾਈਸ ਪ੍ਰੈਜ਼ੀਡੈਂਟ ਦਾ ਵਿਰੋਧ ਕੀਤਾ।ਗੁੱਸੇ ਵਿੱਚ ਆਏ ਕਿਸਾਨਾਂ ਨੇ ਕਾਰ ਦੇ ਸ਼ੀਸ਼ੇ ਵੀ ਭੰਨ ਸੁੱਟੇ।
ਦਰਅਸਲ, ਜ਼ਿਲ੍ਹਾ ਗੁਰਦਾਸਪੁਰ ਦੇ ਬਟਾਲਾ ਵਿੱਚ ਭਾਜਪਾ ਦਫ਼ਤਰ ਅੰਦਰ ਮੀਟਿੰਗ ਚੱਲ ਰਹੀ ਸੀ, ਇਸ ਮੀਟਿੰਗ ਦੌਰਾਨ ਕਿਸਾਨਾਂ ਨੂੰ ਇਸ ਦਾ ਪਤਾ ਲੱਗਾ ਅਤੇ ਉਹ ਵਿਰੋਧ ਕਰਨ ਲਈ ਪਹੁੰਚ ਗਏ।ਕਿਸਾਨਾਂ ਨੇ ਭਾਜਪਾ ਦਫ਼ਤਰ ਦਾ ਘਿਰਾਓ ਕੀਤਾ ਅਤੇ ਨਾਅਰੇਬਾਜ਼ੀ ਕੀਤੀ।
ਵਿਰੋਧ ਦੌਰਾਨ ਕਿਸਾਨਾਂ ਨੇ ਭਾਜਪਾ ਪੰਜਾਬ ਦੇ ਵਾਈਸ ਪ੍ਰੈਜ਼ੀਡੈਂਟ ਨਰਿੰਦਰ ਪਰਮਾਰ ਦੀ ਕਾਰ ਦੇ ਸ਼ੀਸ਼ੇ ਵੀ ਭੰਨ ਸੁੱਟੇ।ਇਸ ਦੌਰਾਨ ਭਾਰੀ ਪੁਲਿਸ ਬਲ ਵੀ ਤਾਇਨਾਤ ਸੀ, ਜਿਨ੍ਹਾਂ ਬੜੀ ਮੁਸ਼ਕਲ ਨਾਲ ਕਾਰ ਨੂੰ ਮੌਕੇ ਤੋਂ ਹਟਵਾਇਆ ਅਤੇ ਬਚਾਅ ਕੀਤਾ।
