ਕਿਸਾਨਾਂ ਵਲੋਂ ਜਾਮ ਕੀਤੇ ਜਾਣਗੇ ਹਾਈਵੇਅ, ਸੁਰੱਖਿਆ ਦੇ ਕੀਤੇ ਗਏ ਨੇ ਖਾਸ ਇੰਤਜ਼ਾਮ, ਪੜ੍ਹੋ ਪੂਰੀ ਰਿਪੋਰਟ

0
82

ਨਵੀਂ ਦਿੱਲੀ 12,ਦਸੰਬਰ (ਸਾਰਾ ਯਹਾ /ਬਿਓਰੋ ਰਿਪੋਰਟ): ਖੇਤੀਬਾੜੀ ਕਾਨੂੰਨਾਂ ਖਿਲਾਫ ਕਿਸਾਨਾਂ ਦਾ ਅੰਦੋਲਨ ਸ਼ਨੀਵਾਰ ਨੂੰ 17 ਦਿਨ ਹੋ ਗਏ। ਪਰ ਕਿਸਾਨਾਂ ਅਤੇ ਸਰਕਾਰ ਕਿਸੇ ਵੀ ਪੱਖ ਦੇ ਰਵੱਈਏ ‘ਚ ਨਰਮੀ ਨਹੀਂ ਆਈ। ਇਸ ਦੇ ਨਾਲ ਹੀ ਹੁਣ ਹੰਗਾਮਾ ਹੋਰ ਵਧਣ ਦੀ ਸੰਭਾਵਨਾ ਹੈ ਕਿਉਂਕਿ ਕਿਸਾਨ ਸੰਗਠਨਾਂ ਨੇ ਦਿੱਲੀ-ਜੈਪੁਰ ਰਾਸ਼ਟਰੀ ਰਾਜਮਾਰਗ ‘ਤੇ ਆਵਾਜਾਈ ਨੂੰ ਰੋਕਣ ਦੀ ਚੇਤਾਵਨੀ ਦਿੱਤੀ ਹੈ। ਉਧਰ ਦੂਜੇ ਪਾਸੇ, ਹਰਿਆਣਾ ਦੇ ਕਿਸਾਨਾਂ ਨੇ ਟੋਲ ਪਲਾਜ਼ਾ ਨੂੰ ਘੇਰਨ ਦਾ ਐਲਾਨ ਕੀਤਾ। ਇਸ ਲਈ ਗੁਰੂਗ੍ਰਾਮ ਅਤੇ ਫਰੀਦਾਬਾਦ ਵਿਚ ਪੁਲਿਸ ਅਲਰਟ ‘ਤੇ ਹੈ ਅਤੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ।

ਨਿਊਜ਼ ਏਜੰਸੀ ਏਐਨਆਈ ਮੁਤਾਬਕ, ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ 12 ਦਸੰਬਰ ਨੂੰ ਕਿਸਾਨ ਦਿੱਲੀ-ਜੈਪੁਰ ਹਾਈਵੇ ਜਾਮ ਕਰ ਦੇਣਗੇ। ਇਸ ਦੌਰਾਨ ਕਿਸਾਨ ਜ਼ਿਲ੍ਹਾ ਕੁਲੈਕਟਰਾਂ, ਭਾਜਪਾ ਨੇਤਾਵਾਂ ਦੇ ਘਰਾਂ ਅੱਗੇ ਰੋਸ ਪ੍ਰਦਰਸ਼ਨ ਕਰਨਗੇ ਅਤੇ ਟੋਲ ਪਲਾਜ਼ਾ ‘ਤੇ ਵੀ ਜਾਮ ਕੀਤੇ ਜਾਣਗੇ। ਹਾਲਾਂਕਿ, ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਰੇਲ ਮਾਰਗਾਂ ਨੂੰ ਜਾਮ ਕਰਨ ਦੀ ਕੋਈ ਯੋਜਨਾ ਨਹੀਂ ਹੈ ਤੇ ਰਾਜਸਥਾਨ ਦੇ ਕਿਸਾਨ ਵੀ ਆ ਰਹੇ ਹਨ।

ਹਾਲਾਂਕਿ, ਕਿਸਾਨ ਸੰਗਠਨਾਂ ਵੱਲੋਂ ਦਿੱਲੀ ਨਾਲ ਲੱਗਦੀਆਂ ਸਾਰੀਆਂ ਸਰਹੱਦਾਂ ਨੂੰ ਸੀਲ ਕਰਨ ਦੀ ਚੇਤਾਵਨੀ ਦੇ ਮੱਦੇਨਜ਼ਰ ਗੁਰੂਗਰਾਮ ਦੇ ਜ਼ਿਲ੍ਹਾ ਮੈਜਿਸਟਰੇਟ ਅਮਿਤ ਖੱਤਰੀ ਨੇ ਆਦੇਸ਼ ਜਾਰੀ ਕੀਤੇ ਹਨ ਅਤੇ ਵੱਖ-ਵੱਖ ਖੇਤਰਾਂ ਵਿੱਚ 60 ਡਿਊਟੀ ਮੈਜਿਸਟ੍ਰੇਟ ਦੀ ਤਾਇਨਾਤੀ ਦੇ ਆਦੇਸ਼ ਦਿੱਤੇ ਹਨ।

ਮੈਜਿਸਟਰੇਟ ਜ਼ਿਲ੍ਹੇ ਭਰ ਦੇ ਵੱਖ-ਵੱਖ ਚੌਕ-ਚੌਰਾਹੇ ਤੋਂ ਐਨਐਚ 48 ‘ਤੇ ਪੁਲਿਸ ਫੋਰਸ ਨਾਲ ਤਾਇਨਾਤ ਹੋਣਗੇ। ਤਕਰੀਬਨ ਢਾਈ ਹਜ਼ਾਰ ਪੁਲਿਸ ਕਰਮਚਾਰੀ ਸ਼ਹਿਰ ਦੀ ਸੁਰੱਖਿਆ ਪ੍ਰਣਾਲੀ ਦੀ ਕਮਾਂਡ ਸੰਭਾਲਣਗੇ।

ਇਸ ਦੇ ਨਾਲ ਹੀ ਟੋਲ ਪਲਾਜ਼ਾ ਦਾ ਘਿਰਾਓ ਕਰਨ ਲਈ ਕਿਸਾਨਾਂ ਦੇ ਸੱਦੇ ‘ਤੇ ਫਰੀਦਾਬਾਦ ਪੁਲਿਸ ਪੂਰੀ ਚੌਕਸ ਹੈ। ਕਾਨੂੰਨ ਵਿਵਸਥਾ ਨੂੰ ਖਰਾਬ ਕਰਨ ਵਾਲਿਆਂ ‘ਤੇ ਪੁਲਿਸ ਪੂਰੀ ਨਜ਼ਰ ਰੱਖੇਗੀ। ਪ੍ਰਦਰਸ਼ਨ ਦੌਰਾਨ ਲੋਕਾਂ ‘ਤੇ ਡਰੋਨ ਨਾਲ ਨਿਗਰਾਨੀ ਰੱਖੀ ਜਾਏਗੀ। ਇਸ ਦੌਰਾਨ ਤਕਰੀਬਨ 3500 ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਜਾਣਗੇ। ਫਰੀਦਾਬਾਦ ਜ਼ਿਲ੍ਹੇ ਦੇ ਹਰੇਕ ਟੋਲ ਪਲਾਜ਼ਾ ਵਿਚ ਰਿਜ਼ਰਵ ਪੁਲਿਸ ਬਲ ਦੇ ਨਾਲ ਇੱਕ ਸਹਾਇਕ ਪੁਲਿਸ ਕਮਿਸ਼ਨਰ ਅਤੇ ਸਬੰਧਤ ਥਾਣੇ ਦੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ।

ਡੀਸੀਪੀ ਹੈੱਡਕੁਆਰਟਰ ਡਾ ਅਰਪਿਤ ਜੈਨ ਨੇ ਕਿਹਾ ਕਿ ਜੋ ਲੋਕ ਕਾਨੂੰਨ ਨਾਲ ਖੇਡਦੇ ਹਨ ਉਨ੍ਹਾਂ ਦੀ ਖੈਰ ਨਹੀਂ ਹੋਏਗੀ। 12 ਦਸੰਬਰ 2020 ਨੂੰ ਕਿਸਾਨ ਅੰਦੋਲਨ ਦਰਮਿਆਨ ਟੋਲ ਪਲਾਜ਼ਾ ਨੂੰ ਘੇਰਨ ਸਦਕਾ ਫਰੀਦਾਬਾਦ ਪੁਲਿਸ ਨੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਹਨ।

ਕਮਿਸ਼ਨਰ ਨੇ ਸੁਰੱਖਿਆ ਦਾ ਜਾਇਜ਼ਾ ਲਿਆ

ਦਿੱਲੀ ਪੁਲਿਸ ਕਮਿਸ਼ਨਰ ਐਸ ਐਨ ਸ੍ਰੀਵਾਸਤਵ ਸ਼ੁੱਕਰਵਾਰ ਰਾਤ ਨੂੰ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਅਚਾਨਕ ਟਿੱਕਰੀ ਸਰਹੱਦ ‘ਤੇ ਪਹੁੰਚੇ। ਉਹ ਸਰਹੱਦ ‘ਤੇ ਮੌਜੂਦ ਸੁਰੱਖਿਆ ਕਰਮਚਾਰੀਆਂ ਨਾਲ ਮੁਲਾਕਾਤ ਕੀਤੀ। ਕਮਿਸ਼ਨਰ ਦੀ ਆਮਦ ਦਾ ਉਦੇਸ਼ ਸੁਰੱਖਿਆ ਕਰਮਚਾਰੀਆਂ ਨਾਲ ਮੁਲਾਕਾਤ ਕਰਨਾ ਅਤੇ ਉਨ੍ਹਾਂ ਨੂੰ ਉਤਸ਼ਾਹਤ ਕਰਨਾ ਸੀ। ਇਸ ਦੌਰਾਨ ਕਮਿਸ਼ਨਰ ਨੇ ਜੁਆਇੰਟ ਸੀਪੀ ਤੋਂ ਟਿੱਕਰੀ ਸਰਹੱਦ ਅਤੇ ਆਸ ਪਾਸ ਦੇ ਖੇਤਰ ਦੀ ਸੁਰੱਖਿਆ ਲਈ ਤਿਆਰ ਕੀਤੇ ਰੋੜ ਮੈਪ ਨੂੰ ਵੀ ਸਮਝਿਆ। ਸ਼ਨੀਵਾਰ ਨੂੰ ਕਿਸਾਨਾਂ ਨੇ ਟੋਲ ਬੰਦ ਕਰਨ ਦਾ ਐਲਾਨ ਕੀਤਾ ਹੈ। ਇਸ ਲਈ ਕਮਿਸ਼ਨਰ ਨੇ ਦੇਰ ਰਾਤ ਸਾਰੇ ਸੀਨੀਅਰ ਅਧਿਕਾਰੀਆਂ ਨਾਲ ਮੁਲਾਕਾਤ ਵੀ ਕੀਤੀ।

LEAVE A REPLY

Please enter your comment!
Please enter your name here