ਚੰਡੀਗੜ੍ਹ: ਪੰਜਾਬ ਸਰਕਾਰ ਸਾਹਮਣੇ ਹੁਣ ਸਭ ਤੋਂ ਵੱਡੀ ਚੁਣੌਤੀ ਕਣਕ ਦੀ ਫਸਲ ਖਰੀਦਣ ਦੀ ਹੈ। ਸਰਕਾਰ ਨੇ ਦਾਅਵਾ ਕੀਤਾ ਹੈ ਕਿ ਕਿਸਾਨ ਦੀ ਫਸਲ ਦਾ ਦਾਣਾ-ਦਾਣਾ ਖਰੀਦਿਆ ਜਾਵੇਗਾ। ਸਰਕਾਰ ਵੱਲੋਂ 15 ਅਪਰੈਲ ਨੂੰ ਮੰਡੀਆਂ ਵਿੱਚ ਕਣਕ ਦੀ ਖਰੀਦ ਸ਼ੁਰੂ ਕੀਤੀ ਜਾ ਰਹੀ ਹੈ। ਕਣਕ ਦੀ ਵਾਢੀ ਤੇ ਮੰਡੀਕਰਨ ਲਈ ਤਾਲਮੇਲ ਬਣਾਉਣ ਤੇ ਹੋਰ ਲੋੜੀਂਦੀ ਸਹਾਇਤਾ ਵਾਸਤੇ ਮੰਡੀ ਬੋਰਡ ਦਾ 30 ਮੈਂਬਰੀ ਕੰਟਰੋਲ ਰੂਮ ਸਥਾਪਤ ਕੀਤਾ ਹੈ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਦਾਅਵਾ ਹੈ ਕਿ ਖੁਰਾਕ ਤੇ ਸਿਵਲ ਸਪਲਾਈ ਤੇ ਖੇਤੀਬਾੜੀ ਵਿਭਾਗਾਂ ਨੂੰ ਖਰੀਦ ਕੇਂਦਰਾਂ ਦੀ ਗਿਣਤੀ ਮੌਜੂਦਾ 3761 ਕੇਂਦਰ ਜੋ ਪਿਛਲੇ ਸਾਲ ਨਾਲੋਂ ਦੁੱਗਣੇ ਹਨ, ਨੂੰ ਵਧਾ ਕੇ 4000 ਕਰਨ ਦੇ ਹੁਕਮ ਦਿੱਤੇ ਹਨ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਪੱਛਮੀ ਬੰਗਾਲ ਵਿੱਚ ਆਪਣੇ ਹਮਰੁਤਬਾ ਮਮਤਾ ਬੈਨਰਜੀ ਨੂੰ ਪੱਤਰ ਲਿਖ ਕੇ ਪੰਜਾਬ ਸਰਕਾਰ ਦੇ ਬਰਦਾਨੇ ਲਈ ਬਕਾਇਆ ਆਰਡਰ ਪੂਰੇ ਕਰਨ ਲਈ ਜੂਟ ਮਿੱਲਾਂ ਨੂੰ ਮੁੜ ਚਲਾਉਣ ਤੇ ਲੋਡਿੰਗ ਕਰਨ ਲਈ ਉਨ੍ਹਾਂ ਦੇ ਨਿੱਜੀ ਦਖ਼ਲ ਦੀ ਮੰਗ ਕੀਤੀ ਹੈ।
ਇਸ ਵਾਰ ਮੰਡੀਆਂ ਵਿੱਚ ਖਾਸ ਪ੍ਰਬੰਧ ਕੀਤੇ ਜਾ ਰਹੇ ਹਨ। ਖਰੀਦ ਕੇਂਦਰਾਂ ’ਤੇ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਜਾਣਗੇ। ਮੰਡੀਆਂ ਵਿੱਚ ਕਿਸਾਨਾਂ ਤੇ ਮਜ਼ਦੂਰਾਂ ਵਿੱਚ ਤਾਪ ਤੇ ਜ਼ੁਕਾਮ ਵਰਗੇ ਲੱਛਣਾਂ ਦੀ ਵੀ ਜਾਂਚ ਕੀਤੀ ਜਾਇਆ ਕਰੇਗੀ। ਇਨ੍ਹਾਂ ਲਈ ਮਾਸਕ (ਕੱਪੜੇ ਦੇ ਮਾਸਕ ਸਮੇਤ) ਨੂੰ ਜ਼ਰੂਰੀ ਬਣਾਇਆ ਜਾਵੇਗਾ ਤੇ ਹਰੇਕ ਮੰਡੀ ਵਿੱਚ ਹੱਥ ਧੋਣ ਦੇ ਪ੍ਰਬੰਧ ਵੀ ਕੀਤੇ ਜਾਣਗੇ। ਇਕ ਪਿੰਡ ਤੋਂ ਦੂਜੇ ਪਿੰਡ ਜਾਣ ਵਾਲੇ ਟਰੱਕਾਂ/ਕੰਬਾਇਨਾਂ ਦੀ ਨਿਰੰਤਰ ਸਫਾਈ ਵੀ ਕਰਨੀ ਹੋਵੇਗੀ।
ਸਰਕਾਰ ਦਾ ਦਾਅਵਾ ਹੈ ਕਿ ਖ਼ਰੀਦ ਲਈ 14.2 ਲੱਖ ਵਰਕਰ ਉਪਲੱਬਧ ਹਨ ਤੇ ਮਜ਼ਦੂਰਾਂ ਦੀ ਕੋਈ ਕਿੱਲਤ ਨਹੀਂ। ਮਗਨਰੇਗਾ ਵਰਕਰਾਂ ਦੇ ਵੇਰਵੇ ਵੀ ਆੜ੍ਹਤੀਆ ਨਾਲ ਸਾਂਝੇ ਕੀਤੇ ਜਾ ਰਹੇ ਹਨ। 2-3 ਖਰੀਦ ਕੇਂਦਰਾਂ ਦੀ ਨਿਗਰਾਨੀ ਲਈ ਇੱਕ ਇੰਸਪੈਕਟਰ ਹੋਵੇਗਾ। ਹਰ ਰੋਜ਼ ਇੱਕ ਤਿਹਾਈ ਕਿਸਾਨਾਂ ਨੂੰ ਮੰਡੀਆਂ ਵਿੱਚ ਕਣਕ ਲਿਆਉਣ ਵਾਲੇ ਟਰੈਕਟਰ-ਟਰਾਲੀ ਦੇ ਨੰਬਰ ਤੇ ਹੋਲੋਗ੍ਰਾਮ ਨਾਲ ਕੂਪਨ ਜਾਰੀ ਕੀਤੇ ਜਾਣਗੇ। ਜਦੋਂ ਮੰਡੀਆਂ ਵਿੱਚ ਆਈ ਹੋਈ ਕਣਕ ਚੁੱਕੀ ਜਾਵੇਗੀ ਤਾਂ ਉਸ ਤੋਂ ਬਾਅਦ ਹੀ ਹੋਰ ਕੂਪਨ ਜਾਰੀ ਕੀਤੇ ਜਾਣਗੇ।