ਚੰਡੀਗੜ੍ਹ 8 ਅਕਤੂਬਰ (ਸਾਰਾ ਯਹਾ/ਬਿਓਰੋ ਰਿਪੋਰਟ): ਮੰਡੀਆਂ ਵਿੱਚ ਰੁਲ ਰਹੇ ਕਿਸਾਨਾਂ ਲਈ ਚੰਗੀ ਖਬਰ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖਰੀਦ ਏਜੰਸੀਆਂ ਨੂੰ ਹੁਕਮ ਦਿੱਤਾ ਹੈ ਕਿ ਕਿਸਾਨਾਂ ਨੂੰ ਝੋਨੇ ਦੀ ਖਰੀਦ ਮਗਰੋਂ 24 ਘੰਟਿਆਂ ਅੰਦਰ ਅਦਾਇਗੀ ਕੀਤੀ ਜਾਵੇ। ਕੈਪਟਨ ਨੇ ਇਹ ਹੁਕਮ ਰਿਜ਼ਰਵ ਬੈਂਕ ਆਫ ਇੰਡੀਆ ਵੱਲੋਂ ਖਰੀਦ ਸੀਜ਼ਨ 2020-21 ਦੇ ਅਕਤੂਬਰ ਮਹੀਨੇ ਲਈ ਝੋਨੇ ਦੀ ਖਰੀਦ ਲਈ 30220 ਕਰੋੜ ਰੁਪਏ ਦੀ ਨਕਦ ਕਰਜ਼ਾ ਸੀਮਾ (ਸੀਸੀਐਲ) ਮਨਜ਼ੂਰ ਕਰਨ ਮਗਰੋਂ ਦਿੱਤਾ ਹੈ।
ਦਰਅਸਲ ਪੰਜਾਬ ਦੀਆਂ ਮੰਡੀਆਂ ‘ਚ ਝੋਨੇ ਦੀ ਆਮਦ ਸ਼ੁਰੂ ਹੋ ਗਈ ਹੈ। ਹਰ ਸਾਲ ਪਹਿਲੀ ਅਕਤੂਬਰ ਤੋਂ ਸ਼ੁਰੂ ਹੋਣ ਵਾਲੀ ਖਰੀਦ ਇਸ ਵਾਰ ਅਗੇਤੀ ਸ਼ੁਰੂ ਹੋ ਗਈ ਸੀ। ਇਸ ਲਈ ਕਿਸਾਨਾਂ ਨੂੰ ਮੰਡੀਆਂ ਵਿੱਚ ਰੁਲਣਾ ਪੈ ਰਿਹਾ ਹੈ। ਉਂਝ ਸਰਕਾਰ ਨੇ ਇਸ ਵਾਰ ਮੰਡੀਆਂ ਦੀ ਗਿਣਤੀ ਵਧਾ ਕੇ 4000 ਕਰ ਦਿੱਤੀ ਹੈ। 26 ਸਤੰਬਰ ਤੋਂ ਖਰੀਦ ਸ਼ੁਰੂ ਹੋਣ ਮਗਰੋਂ ਸੂਬੇ ਦੀਆਂ ਮੰਡੀਆਂ ‘ਚ 15.50 ਲੱਖ ਟਨ ਦੀ ਖਰੀਦ ਹੋ ਚੁੱਕੀ ਹੈ ਜੋ 30 ਨਵੰਬਰ ਤਕ ਜਾਰੀ ਰਹੇਗੀ।
ਆਰਬੀਆਈ ਵੱਲੋਂ ਖਰੀਫ ਸੀਜ਼ਨ 2020-21, ਅਕਤੂਬਰ ਲਈ ਝੋਨੇ ਦੀ ਖਰੀਦ ਲਈ ਨਕਦ ਕਰਜ਼ ਹੱਦ 30,220 ਕਰੋੜ ਰੁਪਏ ਮਨਜੂਰ ਕਰਦਿਆਂ ਹੀ ਕੈਪਟਨ ਨੇ ਸਾਰੀਆਂ ਖਰੀਦ ਏਜੰਸੀਆਂ ਨੂੰ ਹੁਣ ਤਕ ਖਰੀਦੀ ਜਾ ਚੁੱਕੀ ਫਸਲ ਲਈ ਕਿਸਾਨਾਂ ਨੂੰ 24 ਘੰਟਿਆਂ ਦੇ ਅੰਦਰ ਅਦਾਇਗੀ ਦੇ ਹੁਕਮ ਦਿੱਤੇ ਹਨ।
ਝੋਨੇ ਦੇ ਮੌਜੂਦਾ ਸੀਜ਼ਨ ‘ਚ ਖਰੀਦ ਲਈ ਅੰਦਾਜ਼ਨ ਕੁੱਲ 35,552 ਕਰੋੜ ਸੀਸੀਐਲ ਦੀ ਲੋੜ ਹੈ ਜਿਸ ਵਿੱਚੋਂ 30,220.82 ਕਰੋੜ ਰੁਪਏ ਜਾਰੀ ਹੋ ਗਏ ਹਨ। ਬਾਕੀ ਪੈਸੇ ਨਵੰਬਰ ਮਹੀਨੇ ਜਾਰੀ ਹੋਣ ਵਾਲੇ ਸੀਸੀਐਲ ਸਮੇਂ ਜਾਰੀ ਕੀਤੇ ਜਾਣਗੇ। ਕੋਰੋਨਾ ਵਾਇਰਸ ਦੇ ਚੱਲਦਿਆਂ ਸਾਵਧਾਨੀ ਤਹਿਤ ਹੀ ਝੋਨਾ ਮੰਡੀਆਂ ‘ਚ ਲਿਆਂਦਾ ਜਾ ਰਿਹਾ ਹੈ। ਸੂਬੇ ‘ਚ ਪੰਜ ਲੱਖ ਕਿਸਾਨਾਂ ਨੂੰ ਪਾਸ ਜਾਰੀ ਕੀਤੇ ਗਏ ਹਨ।