ਬਰਨਾਲਾ 06,ਅਗਸਤ (ਸਾਰਾ ਯਹਾਂ/ਬਿਊਰੋ ਰਿਪੋਰਟ ): 32 ਜਥੇਬੰਦੀਆਂ ‘ਤੇ ਅਧਾਰਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ ‘ਤੇ ਲਾਇਆ ਧਰਨਾ ਅੱਜ 310 ਵੇਂ ਦਿਨ ਵੀ ਪੂਰੇ ਜੋਸ਼ ਤੇ ਉਤਸ਼ਾਹ ਨਾਲ ਜਾਰੀ ਰਿਹਾ। ਅੱਜ ਬੁਲਾਰਿਆਂ ਨੇ ਸਰਕਾਰ ਦੇ ਐਮਐਸਪੀ ਪ੍ਰੋਗਰਾਮ ਦੇ ਪਾਜ ਨੰਗੇ ਕੀਤੇ।
ਉਨ੍ਹਾਂ ਦੱਸਿਆ ਕਿ ਸਰਕਾਰ ਫਸਲਾਂ ਦੀਆਂ ਲਾਗਤਾਂ ਦਾ ਅਨੁਮਾਨ ਸਮੇਂ ਕਿਸਾਨ ਪਰਿਵਾਰ ਦੀ ਕਿਰਤ ਦਾ ਪੂਰਾ ਮੁੱਲ ਨਹੀਂ ਪਾਉਂਦੀ। ਕਿਸਾਨ ਨੂੰ ਹੁਨਰਮੰਦ ਕਾਮਾ ਨਹੀਂ ਸਮਝਿਆ ਜਾਂਦਾ ਜਿਸ ਕਰਕੇ ਉਸ ਦੀ ਕਿਰਤ ਦਾ ਪੂਰੀ ਲਾਗਤ ਨਹੀਂ ਲਾਈ ਜਾਂਦੀ। ਫਸਲ ਦੀਆਂ ਕੀਮਤਾਂ, ਡਾਕਟਰ ਸਵਾਮੀਨਾਥਨ ਦੀ ਸਿਫਾਰਸ਼ ਅਨੁਸਾਰ- ਸੀ ਟੂ ਪਲੱਸ 50 % ਵਾਧਾ- ਨਹੀਂ ਦਿੱਤੀਆਂ ਜਾਂਦੀਆਂ। ਸੰਯਕੁਤ ਕਿਸਾਨ ਮੋਰਚਾ ਸਾਰੇ ਕਿਸਾਨਾਂ ਲਈ ਤੇ ਸਾਰੀਆਂ ਫਸਲਾਂ ਲਈ ਸਮੁੱਚੀਆਂ ਲਾਗਤਾਂ ‘ਤੇ ਐਮਐਸਪੀ ਦੀ ਕਾਨੂੰਨੀ ਗਾਰੰਟੀ ਲਏ ਬਗੈਰ ਅੰਦੋਲਨ ਵਾਪਸ ਨਹੀਂ ਲੈਣਗੇ।
ਬੁਲਾਰਿਆਂ ਨੇ ਦੱਸਿਆ ਕਿ 9 ਅਗਸਤ ਨੂੰ ਬਰਨਾਲਾ, ਸੰਗਰੂਰ ਤੇ ਲੁਧਿਆਣਾ ਜਿਲ੍ਹਿਆਂ ਤੋਂ ਔਰਤਾਂ ਦੇ ਵੱਡੇ ਜਥੇ ਦਿੱਲੀ ਵੱਲ ਰਵਾਨਾ ਹੋਣਗੇ। ਇਸ ਪ੍ਰੋਗਰਾਮ ਲਈ ਔਰਤਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਤੇ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।
ਅੱਜ ਬੁਲਾਰਿਆਂ ਨੇ ਕਥਿਤ ਉਚ-ਜਾਤੀ ਦੇ ਹੁਲੜਬਾਜਾਂ ਵੱਲੋਂ ਉਲੰਪੀਅਨ ਹਾਕੀ ਖਿਡਾਰਨ ਵੰਦਨਾ ਕਟਾਰੀਆ ਦੇ ਘਰ ਮੂਹਰੇ ਹੁੜਦੰਗ ਮਚਾਉਣ ਤੇ ਜਾਤੀ ਸੂਚਕ ਗਾਲਾਂ ਦੇਣ ਦੀ ਸਖਤ ਨਿਖੇਧੀ ਕੀਤੀ। ਬੁਲਾਰਿਆਂ ਨੇ ਇਨ੍ਹਾਂ ਜਾਤਪਾਤੀ ਨਫਰਤੀ ਟੋਲੇ ਵਿਰੁੱਧ ਐਸ.ਸੀ/ਐਸਟੀ ਐਕਟ ਅਧੀਨ ਕਾਰਵਾਈ ਕਰਨ ਦੀ ਮੰਗ ਕੀਤੀ।