
ਅੰਮ੍ਰਿਤਸਰ24 ਨਵੰਬਰ (ਸਾਰਾ ਯਹਾ /ਬਿਓਰੋ ਰਿਪੋਰਟ) : ਕਿਸਾਨ ਮਜਦੂਰ ਸੰਘਰਸ਼ ਕਮੇਟੀ ਵੱਲੋਂ ਅੱਜ ਅੰਮ੍ਰਿਤਸਰ ਕੋਲ ਜੰਡਿਆਲਾ ਗੁਰੂ ਰੇਲਵੇ ਸਟੇਸ਼ਨ ‘ਤੇ ਫਿਰ ਤੋਂ ਟ੍ਰੈਕ ‘ਤੇ ਅੰਦੋਲਨ ਸ਼ੁਰੂ ਕਰ ਦਿੱਤਾ ਗਿਆ ਹੈ। ਜਿਸ ਕਾਰਨ ਅੰਮ੍ਰਿਤਸਰ ਨੂੰ ਜਾਣ ਵਾਲੀਆਂ ਟਰੇਨਾਂ ਨੂੰ ਜਲੰਧਰ ‘ਚ ਹੀ ਰੋਕਣਾ ਪਿਆ। ਦਰਅਸਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਹੋਈ ਬੈਠਕ ‘ਚ ਕਿਸਾਨ ਜਥੇਬੰਦੀਆਂ ਨੇ ਫੈਸਲਾ ਲਿਆ ਸੀ ਕਿ 15 ਦਿਨ ਲਈ ਰੇਲਵੇ ਟ੍ਰੈਕ ਖਾਲੀ ਕੀਤੇ ਜਾਣਗੇ ਤੇ ਪੰਜਾਬ ‘ਚ ਮਾਲ ਗੱਡੀਆਂ ਤੇ ਯਾਤਰੀ ਗੱਡੀਆਂ ਚੱਲਣ ਦਿੱਤੀਆਂ ਜਾਣਗੀਆਂ।
ਪਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਕੈਪਟਨ ਦੀ ਮੀਟਿੰਗ ਦਾ ਬਾਈਕਾਟ ਕੀਤਾ ਸੀ। ਕਿਸਾਨ ਮਜਦੂਰ ਸੰਘਰਸ਼ ਕਮੇਟੀ ਨੇ ਕਿਹਾ ਸੀ ਕਿ ਪੰਜਾਬ ‘ਚ ਸਿਰਫ ਮਾਲ ਗੱਡੀਆਂ ਚਲਾਉਣ ਲਈ ਟ੍ਰੈਕ ਖਾਲੀ ਕੀਤੇ ਗਏ ਹਨ ਯਾਤਰੀ ਗੱਡੀਆਂ ਲਈ ਨਹੀਂ। ਇਸ ਤਹਿਤ ਅੱਜ ਸਵੇਰ ਸਾਢੇ ਤਿੰਨ ਵਜੇ ਯਾਤਰੀ ਰੇਲ ਗੱਡੀ ਜੋ ਦਿੱਲੀ ਤੋਂ ਅੰਮ੍ਰਿਤਸਰ ਆਉਣੀ ਸੀ। ਉਸ ਤੋਂ ਪਹਿਲਾਂ ਹੀ ਕਿਸਾਨਾਂ ਨੇ ਰੇਲਵੇ ਟ੍ਰੈਕ ‘ਤੇ ਜਾਕੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ।
ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਤੇ ਸੀਨੀਅਰ ਅਧਿਕਾਰੀ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਪਹੁੰਚੇ ਸਨ ਪਰ ਕਿਸਾਨਾਂ ਨੇ ਇਸ ਤੋਂ ਇਨਕਾਰ ਕਰ ਦਿੱਤਾ। ਕਿਸਾਨ ਲੀਡਰਾਂ ਦਾ ਇਲਜ਼ਾਮ ਹੈ ਕਿ ਕੈਪਟਨ ਸਰਕਾਰ ਕਿਸਾਨਾਂ ‘ਤੇ ਦਬਾਅ ਪਾਕੇ ਰੇਲਾਂ ਚਲਾਉਣ ਦਾ ਯਤਨ ਕਰ ਰਹੀ ਹੈ। ਅੰਮ੍ਰਿਤਸਰ ਆਉਣ ਵਾਲੇ 427 ਮੁਸਾਫਰਾਂ ਬਾਰੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਕਿਹਾ ਉਨ੍ਹਾਂ ਨੂੰ ਇਨ੍ਹਾਂ ਯਾਤਰੀਆਂ ਨਾਲ ਹਮਦਰਦੀ ਹੈ ਪਰ ਕਿਸਾਨਾਂ ਨਾਲ ਜੋ ਕੇਂਦਰ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ ਉਸ ਦੇ ਸਾਹਮਣੇ ਇਹ ਪਰੇਸ਼ਾਨੀ ਕੁਝ ਵੀ ਨਹੀਂ। ਓਧਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਦਾ ਕਹਿਣਾ ਹੈ ਕਿ ਕਿਸਾਨ ਲੀਡਰਾਂ ਨੂੰ ਆਖਰੀ ਸਮੇਂ ਤਕ ਸਮਝਾਉਣ ਦਾ ਪੂਰਾ ਯਤਨ ਕੀਤਾ ਗਿਆ ਪਰ ਕਿਸਾਨ ਲੀਡਰ ਨਹੀਂ ਮੰਨੇ। ਹੁਣ ਅੰਮ੍ਰਿਤਸਰ ਪ੍ਰਸ਼ਾਸਨ ਵੱਲੋਂ ਕੋਈ ਵੱਖਰੀ ਵਿਵਸਥਾ ਕਰਕੇ ਰੇਲਵੇ ਨਾਲ ਵਿਚਾਰ ਵਟਾਂਦਰਾ ਕਰਕੇ ਉਨ੍ਹਾਂ ਮੁਸਾਫਰਾਂ ਨੂੰ ਅੰਮ੍ਰਿਤਸਰ ਪਹੁੰਚਾਇਆ ਜਾਵੇਗਾ। ਅੰਮ੍ਰਿਤਸਰ ਨੂੰ ਆਉਣ ਵਾਲੀ ਗੋਲਡਨ ਟੈਂਪਲ ਐਕਸਪ੍ਰੈਸ ਹੁਣ ਬਿਆਸ ਰੇਲਵੇ ਸਟੇਸ਼ਨ ਤੋਂ ਵਾਇਆ ਤਰਨਤਾਰਨ ਹੀ ਅੰਮ੍ਰਿਤਸਰ ਰਵਾਨਾ ਕੀਤੀ ਜਾ ਰਹੀ ਹੈ ਇਹ ਫੈਸਲਾ ਰੇਲਵੇ ਦੇ ਉੱਚ ਅਧਿਕਾਰੀਆਂ ਨੇ ਕੀਤਾ ਹੈ। ਹਾਲਾਂਕਿ ਜ਼ਿਲਾ ਪ੍ਰਸ਼ਾਸਨ ਵੱਲੋਂ ਮੁਸਾਫਰਾਂ ਨੂੰ ਸਰਕਾਰੀ ਬੱਸਾਂ ਰਾਹੀਂ ਅੰਮ੍ਰਿਤਸਰ ਰੇਲਵੇ ਸਟੇਸ਼ਨ ਨੇ ਲਿਜਾਣ ਦੇ ਪ੍ਰਬੰਧ ਕਰ ਲਏ ਗਏ ਸਨ।
