ਚੰਡੀਗੜ੍ਹ 12,ਮਈ (ਸਾਰਾ ਯਹਾਂ/ਬਿਊਰੋ ਨਿਊਜ਼) : ਕਿਸਾਨ ਲੀਡਰਾਂ ਨੇ ਅੱਜ ਝੋਨੇ ਦੀ ਸਿੱਧੀ ਬਿਜਾਈ ਲਈ ਸਰਕਾਰ ਸਾਹਮਣੇ ਵੱਡੀ ਸ਼ਰਤ ਰੱਖੀ ਹੈ। ਕਿਸਾਨ ਲੀਡਰਾਂ ਨੇ ਕਿਹਾ ਹੈ ਕਿ ਝੋਨੇ ਦੀ ਸਿੱਧੀ ਬਿਜਾਈ ਲਈ 10000 ਰੁਪਏ ਪ੍ਰਤੀ ਏਕੜ ਰਿਸਕ ਭੱਤਾ ਦਿੱਤਾ ਜਾਵੇ। ਇਸ ਦੇ ਨਾਲ ਹੀ ਮੂੰਗੀ ਤੇ ਬਾਸਮਤੀ ਉੱਪਰ ਘੱਟੋ-ਘੱਟ ਸਮਰਥਨ ਮੁੱਲ ਦੀ ਗਰੰਟੀ ਦਿੱਤੀ ਜਾਵੇ।
ਕਿਸਾਨ ਲੀਡਰ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਨਾਲ ਫਸਲੀ ਵਿਭਿੰਨਤਾ, ਪਾਣੀ ਤੇ ਬਿਜਲੀ ਦੇ ਮੁੱਦੇ ‘ਤੇ ਮੀਟਿੰਗ ਹੋਈ ਹੈ। ਉਨ੍ਹਾਂ ਕਿਹਾ ਕਿ ਪਾਣੀ ਦੀ ਥੋੜ੍ਹ ਦੀ ਗੱਲ ਕੀਤੀ ਜਾ ਰਹੀ ਹੈ ਤੇ ਉਸ ਲਈ ਸਰਕਾਰ ਸਿੱਧੀ ਬਿਜਾਈ ਤੇ ਝੋਨੇ ਦੀ ਪੜਾਅਵਾਰ ਲੁਆਈ ਦੀ ਯੋਜਨਾ ਲੈ ਕੇ ਆਈ ਹੈ। ਇਸ ਬਾਰੇ ਸਾਡੀ ਮੰਗ ਹੈ ਕਿ ਝੋਨੇ ਦੀ ਸਿੱਧੀ ਲਵਾਈ ‘ਤੇ ਸਰਕਾਰ ਰਿਸਕ ਭੱਤਾ 10000 ਰੁਪਏ ਪ੍ਰਤੀ ਏਕੜ ਦੇਵੇ।
ਇਸ ਤੋਂ ਇਲਾਵਾ ਸਰਕਾਰ ਮੂੰਗੀ ਤੇ ਬਾਸਮਤੀ ਦੀ ਐਸਐਸਪੀ ਉੱਪਰ ਖਰੀਦ ਦੀ ਗਰੰਟੀ ਦੇਵੇ। ਉਨ੍ਹਾਂ ਕਿਹਾ ਕਿ ਪਾਣੀ ਪ੍ਰਦੂਸ਼ਿਤ ਬਹੁਤ ਹੋ ਰਿਹਾ ਹੈ ਤੇ ਸਰਕਾਰ ਇਸ ਦਾ ਕਿਸਾਨਾਂ ਸਿਰ ਭਾਂਡਾ ਭੰਨ੍ਹਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੱਸੇ ਕਿ ਜ਼ਹਿਰੀਲਾ ਅਨਾਜ ਤੇ ਵਰਤਵਰਨ ਪ੍ਰਦੂਸ਼ਿਤ ਕਿਸ ਨੇ ਕੀਤਾ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਨੇ ਪਾਣੀ ਗੰਦਾ ਕੀਤਾ ਹੈ, ਉਨ੍ਹਾਂ ਉੱਪਰ ਸਰਕਾਰ ਸੈਸ਼ਨ ਬੁਲਾ ਕੇ ਕਰਵਾਈ ਕਰੇ। ਉਨ੍ਹਾਂ ਕਿਹਾ ਕਿ ਸਰਕਾਰ 23 ਫ਼ਸਲਾਂ ਉੱਪਰ ਐਮਐਸਪੀ ਦਾ ਪ੍ਰਬੰਧ ਕਰੇ।
ਉਨ੍ਹਾਂ ਕਿਹਾ ਕਿ ਝੋਨੇ ਦੀ ਲਵਾਈ ਲਈ ਜਿਵੇਂ ਸਰਕਾਰ ਨੇ ਪੰਜਾਬ ਨੂੰ 4 ਜੋਨਾਂ ਵਿੱਚ ਵੰਡਿਆ ਹੈ, ਉਸ ਤਹਿਤ 18 ਵਾਲੀ ਤਰੀਕ ਨੂੰ ਪਹਿਲਾਂ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨ ਜਥੇਬੰਦੀਆਂ ਨਾਲ ਮੀਟਿੰਗਾਂ ਕਰਕੇ ਸਹਿਮਤੀ ਬਣਾਵੇ। ਉਨ੍ਹਾਂ ਕਿਹਾ ਕਿ ਅਸੀਂ ਟਾਈਮ ਮੰਗਿਆ ਸੀ ਪਰ ਸਰਕਾਰ ਨੇ ਸਮਾਂ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਪਾਣੀ ਬਚਾਉਣ ਲਈ ਅਸੀਂ ਤਿਆਰ ਹਾਂ। ਸਰਕਾਰ ਸਾਡੇ ਨਾਲ ਸਹਿਮਤੀ ਬਣਾਵੇ। ਝੋਨੇ ਦੀ ਬਿਜਾਈ ਵਾਲੀਆਂ ਤਰੀਕਾਂ ਅੱਗੇ ਕੀਤੀਆਂ ਜਾਣ। ਅਸੀਂ ਪਾਣੀ ਬਚਾਉਣ ਲਈ ਤਿਆਰ ਹਾਂ।
ਉਗਰਾਹਾਂ ਨੇ ਕਿਹਾ ਕਿ ਸਰਕਾਰੀ ਜ਼ਮੀਨਾਂ ‘ਤੇ ਕਬਜ਼ੇ ਹਟਾਉਣ ਦੀ ਕਾਰਵਾਈ ਜੇਕਰ ਵੱਡੇ ਧਨਾਢਾਂ ‘ਤੇ ਹੁੰਦੀ ਹੈ ਫੇਰ ਤਾਂ ਠੀਕ ਹੈ ਪਰ ਜੇਕਰ ਗਰੀਬ ਲੋਕਾਂ ਖਿਲਾਫ ਹੁੰਦੀ ਹੈ ਤਾਂ ਇਸ ਦਾ ਵਿਰੋਧ ਕਰਾਂਗੇ।