
ਚੰਡੀਗੜ੍ਹ: ਪੰਜਾਬ ‘ਚ ਕਣਕ ਦੀ ਖਰੀਦ ਲਗਪਗ 94 ਫੀਸਦ ਹੋ ਚੁੱਕੀ ਹੈ ਤੇ ਹੁਣ ਸਿਰਫ ਛੇ ਫੀਸਦ ਹੀ ਹੋਰ ਖਰੀਦ ਬਾਕੀ ਰਹਿ ਗਈ ਹੈ। ਇਹ ਖਰੀਦ ਵੀ 31 ਮਈ ਤੱਕ ਕਰ ਲਈ ਜਾਵੇਗੀ। ਕਣਕ ਦੀ ਖਰੀਦ ਨੂੰ 31 ਮਈ ਤੱਕ ਜਾਰੀ ਰੱਖਣ ਲਈ ਕੇਂਦਰ ਸਰਕਾਰ ਨੇ ਵੀਰਵਾਰ ਨੂੰ ਸਾਰੇ ਸੂਬਿਆਂ ਨੂੰ ਪੱਤਰ ਜਾਰੀ ਕਰ ਦਿੱਤਾ ਹੈ।
ਇਸ ਸਾਲ ਕੋਰੋਨਾ ਮਹਾਮਾਰੀ ਦੇ ਦੌਰਾਨ ਕਣਕ ਦੀ ਵਾਢੀ ਤੇ ਮੰਡੀਕਰਨ ਕਾਫ਼ੀ ਚੁਣੌਤੀ ਭਰਿਆ ਰਿਹਾ। ਪੰਜਾਬ ‘ਚ ਹੁਣ ਤੱਕ 125 ਲੱਖ ਟੰਨ ਕਣਕ ਖਰੀਦੀ ਜਾ ਚੁੱਕੀ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਖੇਤੀ ਤੇ ਖੁਰਾਕ ਸਪਲਾਈ ਵਿਭਾਗ ਦੇ ਕਮਰਚਾਰੀਆਂ ਨੇ ਇੰਨੀ ਸਾਵਧਾਨੀ ਨਾਲ ਕੰਮ ਕੀਤਾ ਕਿ ਇੱਕ ਵੀ ਵਿਅਕਤੀ ਕੋਰੋਨਾ ਦਾ ਸ਼ਿਕਰ ਨਹੀਂ ਹੋਇਆ।
ਪੰਜਾਬ ਦੀਆਂ ਚਾਰ ਹਜ਼ਾਰ ਮੰਡੀਆਂ ‘ਚ ਤਕਰੀਬਨ 25 ਲੱਖ ਕਿਸਾਨ ਪੁਹੰਚੇ ਸਨ। ਖਰੀਦ ਤੋਂ ਪਹਿਲਾਂ ਇਸ ਗੱਲ ਦਾ ਡਰ ਸੀ ਕਿ ਜੇਕਰ ਕੋਈ ਇੱਕ ਕਰਮਚਾਰੀ ਵੀ ਕੋਰੋਨ ਨਾਲ ਸੰਕਰਮਿਤ ਹੋ ਗਿਆ ਤਾਂ ਖਰੀਦ ਦਾ ਸਾਰਾ ਕੰਮ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਜਾਵੇਗਾ।
ਮਹਾਮਾਰੀ ਤੇ ਲੌਕਡਾਊਨ ਦੀਆਂ ਚੁਣੌਤੀਆਂ ਨੂੰ ਵੇਖਦਿਆਂ ਸਰਕਾਰ ਨੇ ਐਲਾਨ ਕੀਤਾ ਸੀ ਕਿ ਇਸ ਵਾਰ ਕਣਕ ਖਰੀਦ ਦਾ ਸੀਜ਼ਨ ਲੰਬਾ ਚੱਲੇਗਾ। ਪਰ ਖਰੀਦ ਨਿਰਧਾਰਿਤ ਸਮੇਂ ਅੰਦਰ ਹੀ ਪੂਰੀ ਹੋ ਗਈ ਹੈ। ਹੁਣ ਬਚੇ ਛੇ ਫੀਸਦ ਦੀ ਖਰੀਦ ਲਈ 31 ਮਈ ਤੱਕ ਯਾਨੀ ਦੱਸ ਹੋਰ ਦਿਨਾਂ ਦਾ ਸਮਾਂ ਕਣਕ ਦੀ ਖਰੀਦ ਲਈ ਬਾਕੀ ਹੈ।
