ਮਾਨਸਾ, 30 ਨਵੰਬਰ :(ਸਾਰਾ ਯਹਾਂ/ਮੁੱਖ ਸੰਪਾਦਕ)
ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਕੁਲਵੰਤ ਸਿੰਘ ਆਈ.ਏ.ਐਸ. ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਸਮੂਹ ਮੰਡੀਆਂ ਵਿੱਚ ਝੋਨ ਦੀ ਖਰੀਦ ਦਾ ਬਹੁਤ ਹੀ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ ਅਤੇ ਖਰੀਦੀ ਗਈ ਫਸਲ ਦੀ ਨਿਰਵਿਘਨਤਾ ਅਤੇ ਤੇਜੀ ਨਾਲ ਮੰਡੀਆਂ ’ਚੋਂ ਚੁਕਾਈ ਯਕੀਨੀ ਬਣਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸਬੰਧਤ ਅਧਿਕਾਰੀਆਂ ਨੂੰ ਪਹਿਲਾਂ ਤੋਂ ਹੀ ਹਦਾਇਤਾਂ ਕੀਤੀਆਂ ਗਈਆਂ ਸਨ ਕਿ ਮੰਡੀਆਂ ਅੰਦਰ ਕਿਸੇ ਵੀ ਵਰਗ ਨੂੰ ਕਿਸੇ ਕਿਸਮ ਦੀ ਦਿੱਕਤ ਪੇਸ਼ ਨਾ ਆਵੇ।
ਉਨ੍ਹਾਂ ਦੱਸਿਆ ਕਿ ਬੀਤੀ ਸ਼ਾਮ ਤੱਕ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ 7 ਲੱਖ 60 ਹਜ਼ਾਰ 566 ਮੀਟਰਕ ਟਨ ਝੋਨੇ ਦੀ ਆਮਦ ਹੋ ਚੁੱਕੀ ਹੈ ਅਤੇ ਵੱਖ-ਵੱਖ ਖਰੀਦ ਏਜੰਸੀਆਂ ਵੱਲੋਂ 7 ਲੱਖ 56 ਹਜ਼ਾਰ 909 ਮੀਟਰਕ ਟਨ ਝੋਨੇ ਦੀ ਖਰੀਦੀ ਕੀਤੀ ਜਾ ਚੁੱਕੀ ਹੈ। ਇਸ ਤੋਂ ਇਲਾਵਾ 7 ਲੱਖ 50 ਹਜ਼ਾਰ 446 ਮੀਟਕਰ ਟਨ ਝੋਨੇ ਦੀ ਲਿਫਟਿੰਗ ਵੀ ਕਰਵਾਈ ਜਾ ਚੁੱਕੀ ਹੈ, ਜੋ ਕਿ ਖਰੀਦੀ ਗਈ ਫਸਲ ਦਾ 99.20 ਫੀਸਦੀ ਬਣਦਾ ਹੈ। ਉਨ੍ਹਾਂ ਦੱਸਿਆ ਕਿਸਾਨਾਂ ਵੱਲੋਂ ਮਿਹਨਤ ਨਾਲ ਤਿਆਰ ਕੀਤੀ ਗਈ ਫਸਲ ਦੀ ਖਰੀਦ ਬਦਲੇ ਉਹਨਾਂ ਨੂੰ 1723 ਕਰੋੜ ਰੁਪਏ ਤੋਂ ਵੱਧ ਦੀ ਆਨਲਾਈਨ ਅਦਾਇਗੀ ਬੀਤੀ ਸ਼ਾਮ ਤੱਕ ਕੀਤੀ ਜਾ ਚੁੱਕੀ ਹੈ।
ਜ਼ਿਲ੍ਹਾ ਖੁਰਾਕ ਤੇ ਸਿਵਲ ਸਪਲਾਈ ਕੰਟਰੋਲਰ ਸ਼੍ਰੀ ਮਨਦੀਪ ਸਿੰਘ ਮਾਨ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਝੋਨੇ ਦੀ ਖਰੀਦ ਬਹੁਤ ਹੀ ਸੁਚੱਜੇ ਢੰਗ ਨਾਲ ਚੱਲ ਰਹੀ ਹੈ ਅਤੇ ਵੱਖ-ਵੱਖ ਖਰੀਦ ਏਜੰਸੀਆਂ ਵੱਲੋਂ 756909 ਮੀਟਰਕ ਟਨ ਝੋਨਾ ਖਰੀਦਿਆ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਪਨਗਰੇਨ ਵੱਲੋਂ 2 ਲੱਖ 57 ਹਜ਼ਾਰ 804 ਮੀਟਰਕ ਟਨ, ਮਾਰਕਫੈਡ ਵੱਲੋਂ 2 ਲੱਖ 13 ਹਜ਼ਾਰ 384, ਪਨਸਪ ਵੱਲੋਂ 1 ਲੱਖ 93 ਹਜ਼ਾਰ 081 ਮੀਟਰਕ ਟਨ ਅਤੇ ਪੰਜਾਬ ਵੇਅਰ ਹਾਊਸ ਕਾਰਪੋਰੇਸ਼ਨ ਵੱਲੋਂ 92 ਹਜ਼ਾਰ 640 ਮੀਟਰਕ ਟਨ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਹੈ।