
ਮਾਨਸਾ, 26 ਜੂਨ:(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ):
ਸੈਲਫ ਹੈਲਪ ਗਰੁੱਪ ਵਿਚ ਕੰਮ ਕਰਦੇ ਕਿਸਾਨਾਂ ਅਤੇ ਕਿਸਾਨ ਬੀਬੀਆਂ ਨੂੰ ਆਤਮ ਨਿਰਭਰ ਬਣਾਉਣ ਲਈ ਵੱਧ ਤੋਂ ਵੱਧ ਸਹਾਇਕ ਕਿੱਤਿਆਂ ਦੀ ਸਿਖਲਾਈ ਮੁਹੱਈਆ ਕਰਵਾਈ ਜਾਵੇ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀ ਰਿਸ਼ੀਪਾਲ ਸਿੰਘ ਨੇ ਕ੍ਰਿਸ਼ੀ ਵਿਗਿਆਨ ਕੇਂਦਰ, ਮਾਨਸਾ ਦਾ ਦੌਰਾ ਕਰਨ ਮੌਕੇ ਕੀਤਾ।
ਉਨ੍ਹਾਂ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋ ਵੱਖ-ਵੱਖ ਸਹਾਇਕ ਕਿੱਤਿਆ ਲਈ ਚਲਾਏ ਜਾ ਰਹੇ ਕੋਰਸਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਹਾਇਕ ਕਿੱਤੇ ਅਪਣਾ ਕੇ ਕਿਸਾਨ ਆਪਣੀ ਆਮਦਨ ਵਿਚ ਵਾਧਾ ਕਰ ਸਕਦੇ ਹਨ, ਇਸ ਲਈ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਸਾਇੰਸਦਾਨ ਸਹਾਇਕ ਕਿੱਤਿਆਂ ਦੀ ਸਿਖਲਾਈ ਵਿਚ ਕਿਸਾਨਾਂ ਦਾ ਸਹਿਯੋਗ ਕਰਨ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮਧੂ ਮੱਖੀ ਪਾਲਕਾਂ ਲਈ ਵੱਖ ਵੱਖ ਕਿਸਮ ਦੇ ਬੂਟੇ ਜੋ ਮਧੂ ਮੱਖੀ ਕਿੱਤੇ ਲਈ ਸਹਾਇਕ ਹਨ ਲਗਾਏ ਜਾਣ ਤਾਂ ਜੋ ਵੱਖ ਵੱਖ ਕਿਸਮ ਦਾ ਸ਼ਹਿਦ ਤਿਆਰ ਕੀਤਾ ਜਾ ਸਕੇ। ਉਨ੍ਹਾਂ ਨਾਲ ਹੀ ਬੱਕਰੀ ਪਾਲਕਾਂ ਲਈ ਵੀ ਨੇਪੀਅਰ ਬਾਜ਼ਰੇ ਦੀਆਂ ਦੀਆਂ ਕਲਮਾਂ ਤਿਆਰ ਕਰਨ ਲਈ ਕਿਹਾ।
ਉਨ੍ਹਾਂ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਖੁੰਬ ਉਤਪਾਦਨ ਯੂਨਿਟ, ਘਰੇਲੂ ਛੱਤ ਬਗ਼ੀਚੀ, ਅਜੋਲਾ ਯੂਨਿਟ, ਗੰਡੋਆ ਖਾਦ ਯੂਨਿਟ, ਤਕਨਾਲੋਜੀ ਪਾਰਕ, ਮੁਰਗੀ ਪਾਲਣ, ਬੱਕਰੀ ਪਾਲਣ, ਮਧੂ ਮੱਖੀ ਪਾਲਣ ਅਤੇ ਸਬਜ਼ੀਆਂ ਦੀ ਘਰੇਲੂ ਪੌਸ਼ਟਿਕ ਬਗ਼ੀਚੀ ਦਾ ਨਿਰੀਖਣ ਕੀਤਾ।
ਡਿਪਟੀ ਕਮਿਸ਼ਨਰ ਨੇ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਕੀਤੀਆਂ ਜਾ ਰਹੀਆਂ ਪਸਾਰ ਗਤੀਵਿਧੀਆਂ ਬਾਰੇ ਜਾਣਕਾਰੀ ਲਈ। ਉਨ੍ਹਾਂ ਇੱਥੇ ਅਲੱਗ—ਅਲੱਗ ਸਹਾਇਕ ਧੰਦਿਆਂ ਦੀ ਸਿਖਲਾਈ ਲਈ ਬਣੀਆਂ ਇਕਾਈਆਂ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਦਾ ਜਾਇਜ਼ਾ ਲੈਦਿਆਂ ਜ਼ਿਲ੍ਹੇ ਵਿੱਚ ਕਿਸਾਨਾਂ ਦੇ ਖੇਤਾਂ ਉੱਪਰ ਇਸ ਤਕਨੀਕ ਨੂੰ ਸਥਾਪਿਤ ਕਰਨ ਲਈ ਕਿਹਾ।
ਇਸ ਮੌਕੇ ਕ੍ਰਿਸ਼ੀ ਵਿਗਿਆਨ ਕੇਂਦਰ ਮਾਨਸਾ ਦੇ ਸਾਇੰਸਦਾਨ ਡਾ. ਅਜੈ ਸਿੰਘ, ਸਹਾਇਕ ਪ੍ਰਫੈਸਰ (ਪਸ਼ੂ ਵਿਗਿਆਨ), ਡਾ. ਰਣਵੀਰ ਸਿੰਘ, ਸਹਾਇਕ ਪ੍ਰੋਫੈਸਰ (ਕੀਟ ਵਿਗਿਆਨ), ਇੰਜ. ਅਲੋਕ ਗੁਪਤਾ, ਸਹਾਇਕ ਪ੍ਰੋਫੈਸਰ (ਮਿੱਟੀ ਅਤੇ ਪਾਣੀ ਵਿਗਿਆਨ) ਅਤੇ ਸ੍ਰੀ ਕੁਲਵੰਤ ਸਿੰਘ, ਫਾਰਮ ਮਨੈਜ਼ਰ, ਕ੍ਰਿਸ਼ੀ ਵਿਗਿਆਨ ਕੇਂਦਰ ਮੌਜੂਦ ਸਨ।
