
ਚੰਡੀਗੜ੍ਹ 20 ਸਤੰਬਰ (ਸਾਰਾ ਯਹਾ/ਬਿਓਰੋ ਰਿਪੋਰਟ): ਖੇਤੀ ਬਿੱਲਾਂ ਖਿਲਾਫ ਕਿਸਾਨਾਂ ਦੇ ਸੰਘਰਸ਼ ਨੂੰ ਵੱਡਾ ਹੁਲਾਰਾ ਮਿਲਿਆ ਹੈ। ਪੰਜਾਬ ਦੀਆਂ 31 ਜਥੇਬੰਦੀਆਂ ਨੇ ਇੱਕਜੁੱਟ ਹੋ ਕੇ ਸੰਘਰਸ਼ ਕਰਨ ਦਾ ਐਲਾਨ ਕੀਤਾ ਹੈ। ਅਹਿਮ ਗੱਲ ਹੈ ਕਿ ਇਨ੍ਹਾਂ ਵਿੱਚ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਤੇ ਹੋਰ ਸਿਆਸੀ ਧਿਰਾਂ ਦੇ ਕਿਸਾਨ ਵਿੰਗ ਵੀ ਸ਼ਾਮਲ ਹਨ।
ਸਾਂਝੇ ਸੰਘਰਸ਼ ਬਾਰੇ ਮੋਗਾ ਵਿੱਚ ਸਮੂਹ ਧਿਰਾਂ ਦੀ ਮੀਟਿੰਗ ਹੋਈ ਇਸ ਦੌਰਾਨ ਖੇਤੀ ਵਿਰੋਧੀ ਬਿੱਲਾਂ ਖ਼ਿਲਾਫ਼ ਪੰਜਾਬ ’ਚ ਚੱਲ ਰਹੇ ਕਿਸਾਨ ਅੰਦੋਲਨ ਨੂੰ ਇੱਕਜੁੱਟ ਹੋ ਕੇ ਲੜਨ ਦਾ ਐਲਾਨ ਕੀਤਾ ਗਿਆ। ਮੀਟਿੰਗ ਵਿੱਚ 31 ਜਥੇਬੰਦੀਆਂ ਦੇ ਨੁਮਾਇੰਦੇ ਸ਼ਾਮਲ ਸੀ।
ਇਸ ਬਾਰੇ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੂਬਾ ਪ੍ਰਧਾਨ ਡਾ. ਦਰਸ਼ਨਪਾਲ ਪਟਿਆਲਾ ਨੇ ਦੱਸਿਆ ਕਿ ਕੇਂਦਰ ਸਰਕਾਰ ਦੀਆਂ ਅੱਖਾਂ ਖੋਲ੍ਹਣ ਲਈ 31 ਕਿਸਾਨ ਜਥੇਬੰਦੀਆਂ ਸਾਂਝਾ ਸੰਘਰਸ਼ ਲੜਨਗੀਆਂ। ਸਾਂਝੇ ਸੰਘਰਸ਼ ਲਈ ਸਮੂਹ ਕਿਸਾਨ ਧਿਰਾਂ ਨੂੰ ਇਕਜੁੱਟ ਕਰਨ ਦਾ ਇਹ ਤਹੱਈਆ ਪੰਜਾਬ ਦੀਆਂ 10 ਕਿਸਾਨ ਜਥੇਬੰਦੀਆਂ ਦੇ ਸੰਗਠਨ ਨੇ ਕੀਤਾ ਹੈ। ਇਸ ਸੰਗਠਨ ਨੇ ਹੀ 25 ਦੇ ਪੰਜਾਬ ਬੰਦ ਦਾ ਦਿੱਤਾ ਹੋਇਆ ਹੈ।
