ਚੰਡੀਗੜ੍ਹ 20 ਨਵੰਬਰ (ਸਾਰਾ ਯਹਾ /ਬਿਓਰੋ ਰਿਪੋਰਟ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸ਼ਨੀਵਾਰ ਨੂੰ ਚੰਡੀਗੜ੍ਹ ਵਿੱਚ ਉਨ੍ਹਾਂ ਕਿਸਾਨ ਸੰਗਠਨਾਂ ਨਾਲ ਗੱਲਬਾਤ ਕਰਨਗੇ ਜੋ ਪਿਛਲੇ ਕਈ ਦਿਨਾਂ ਤੋਂ ਖੇਤੀਬਾੜੀ ਕਾਨੂੰਨਾਂ ਵਿਰੁੱਧ ਅੰਦੋਲਨ ਕਰ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਤੋਂ ਠੀਕ ਪਹਿਲਾਂ ਮੁੱਖ ਮੰਤਰੀ ਨੇ ਕਿਸਾਨ ਸੰਗਠਨਾਂ ਨਾਲ ਗੱਲਬਾਤ ਕਰਨ ਦਾ ਫੈਸਲਾ ਕੀਤਾ ਹੈ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਪੰਜਾਬ ਵਿੱਚ ਰੇਲ ਗੱਡੀਆਂ ਰੁਕਣ ਨਾਲ ਵਧ ਰਹੇ ਆਰਥਿਕ ਸੰਕਟ ਕਾਰਨ ਵੱਡਾ ਦਿਲ ਦਿਖਾ ਕੇ ਮਾਲ ਗੱਡੀਆਂ ਨੂੰ ਮੁੜ ਚਾਲੂ ਕਰਨ ਦੀ ਇਜਾਜ਼ਤ ਦੇਣ। ਇਸ ਤੋਂ ਬਾਅਦ ਕਿਸਾਨ ਯਾਤਰੀ ਰੇਲਾਂ ਨੂੰ ਚਲਾਉਣ ਲਈ ਸਹਿਮਤ ਹੋ ਜਾਣਗੇ।
ਕਿਸਾਨ ਸੰਗਠਨਾਂ ਨੇ ਕੈਪਟਨ ਨੂੰ ਕਿਹਾ ਕਿ ਕੋਰੋਨਾ ਕਰਕੇ ਉਦਯੋਗ ਨੂੰ ਪਹਿਲਾਂ ਹੀ 30 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਕਣਕ ਦੀ ਬਿਜਾਈ ਹੋ ਚੁੱਕੀ ਹੈ, ਪਰ ਮਾਲ ਗੱਡੀਆਂ ਦੀ ਆਮਦ ਨਾ ਹੋਣ ਕਾਰਨ ਯੂਰੀਆ ਕਿਸਾਨਾਂ ਤੱਕ ਨਹੀਂ ਪਹੁੰਚ ਰਿਹਾ। ਪੰਜਾਬ ਤੋਂ ਦੂਜੇ ਸੂਬਿਆਂ ਵਿੱਚ 30 ਲੱਖ ਟਨ ਅਨਾਜ ਵੀ ਨਹੀਂ ਜਾ ਸਕਿਆ।
ਇਸ ਲਈ ਹੁਣ ਸੂਬੇ ਦੇ ਗੁਦਾਮਾਂ ਵਿਚ ਥਾਂ ਨਹੀਂ ਬਚੀ। ਉਨ੍ਹਾਂ ਕਿਹਾ ਕਿ ਰੇਲ ਰੋਕੇ ਜਾਣ ਕਾਰਨ ਪੰਜਾਬ ਨੂੰ ਵਿੱਤੀ ਤੌਰ ‘ਤੇ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਜਦੋਂ ਸੂਬਾ ਸਰਕਾਰ ਖੇਤੀਬਾੜੀ ਕਾਨੂੰਨਾਂ ਦੇ ਵਿਰੁੱਧ ਉਨ੍ਹਾਂ ਦਾ ਪੂਰਾ ਸਮਰਥਨ ਕਰ ਰਹੀ ਹੈ ਤਾਂ ਉਨ੍ਹਾਂ ਨੂੰ ਵੀ ਸਹਿਯੋਗ ਦੇਣਾ ਚਾਹੀਦਾ ਹੈ।