*ਕਿਸਾਨਾਂ ਦੇ ਦੇਸ਼ ਭਰ ‘ਚ ਐਕਸ਼ਨ ਨੂੰ ਮਿਲਿਆ ਵੱਡਾ ਹੁੰਗਾਰਾ, ਲੋਕਾਂ ਨੇ ਦਿੱਤਾ ਖੁੱਲ੍ਹ ਕੇ ਸਾਥ*

0
22

ਚੰਡੀਗੜ੍ਹ 08,ਜੁਲਾਈ (ਸਾਰਾ ਯਹਾਂ/ਬਿਊਰੋ ਰਿਪੋਰਟ): ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ’ਤੇ ਪੈਟਰੋਲ, ਡੀਜ਼ਲ ਤੇ ਰਸੋਈ ਗੈਸ ਦੀਆਂ ਵਧੀਆਂ ਕੀਮਤਾਂ ਖ਼ਿਲਾਫ਼ ਦੇਸ਼ ਭਰ ਦੇ ਕਿਸਾਨ ਸੜਕਾਂ ’ਤੇ ਹਨ। ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਸਣੇ ਕਿਸਾਨ ਵਧ ਰਹੀ ਮਹਿੰਗਾਈ ਖ਼ਿਲਾਫ਼ ਟਰੈਕਟਰਾਂ, ਸਕੂਟਰਾਂ, ਮੋਟਰਾਈਕਲਾਂ, ਕਾਰਾਂ ਤੇ ਵੱਖ-ਵੱਖ ਵਾਹਨਾਂ ਤੇ ਖਾਲੀ ਗੈਸ ਸਿਲੰਡਰਾਂ ਨਾਲ ਸੜਕਾਂ ਦੇ ਕੰਢੇ ਪ੍ਰਦਰਸ਼ਨ ਕੀਤੇ।

ਇਸ ਪ੍ਰਦਰਸ਼ਨ ਦੀ ਖਾਸ ਗੱਲ ਇਹ ਰਹੀ ਕਿ ਕਿਸਾਨਾਂ ਨੂੰ ਜਿਥੇ ਆਮ ਲੋਕਾਂ ਦਾ ਸਮਰਥਨ ਮਿਲ ਰਿਹਾ ਹੈ, ਉੱਥੇ ਟਰੈਫਿਕ ਵਿੱਚ ਰੁਕਾਵਟ ਨਹੀਂ ਪਾਈ ਗਈ। ਉਨ੍ਹਾਂ ਨੇ ਸੜਕ ਕੰਢੇ ਖੜ੍ਹੇ ਹੋ ਕੇ ਤੇ ਧਰਨਿਆਂ ਵਿੱਚ ਸ਼ਾਂਤਮਈ ਢੰਗ ਨਾਲ ਮਹਿੰਗਾਈ ਖ਼ਿਲਾਫ਼ ਵਿਰੋਧ ਕੀਤਾ। ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਪਹਿਲਾਂ ਤਿੰਨ ਖੇਤੀ ਕਾਨੂੰਨ ਲਿਆ ਕੇ ਕਿਸਾਨੀ ਨੂੰ ਤਬਾਹ ਕਰਨ ਲੱਗੀ ਹੋਈ ਹੈ।

ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਘੱਟ ਰਹੀਆਂ ਹਨ ਪਰ ਭਾਰਤ ਵਿੱਚ ਤੇਲ ਦੀਆਂ ਕੀਮਤਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਹਨ। ਦੂਜੇ ਪਾਸੇ ਗੈਸ ਸਿਲੰਡਰਾਂ ਦੀ ਕੀਮਤ ਵੱਧ ਰਹੀ ਹੈ। ਇਸ ਮੌਕੇ ਕਿਸਾਨ ਮਜ਼ਦੂਰ, ਨੌਜਵਾਨ, ਵਿਦਿਆਰਥੀ, ਔਰਤਾਂ, ਕਰਮਚਾਰੀ, ਦੁਕਾਨਦਾਰ, ਟਰਾਂਸਪੋਰਟਰ, ਵਪਾਰੀ ਤੇ ਹਰ ਵਰਗ ਦੇ ਲੋਕ ਸ਼ਾਮਲ ਸਨ।

ਦੱਸ ਦਈਏ ਕਿ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਤੇ ਵਧ ਰਹੀ ਮਹਿੰਗਾਈ ਖ਼ਿਲਾਫ਼ ਲਈ ਲੰਬੇ ਸਮੇਂ ਤੋਂ ਵੱਖ ਵੱਖ ਕਿਸਾਨ ਜਥੇਬੰਦੀਆਂ ਤੇ ਹੋਰ ਲੋਕਾਂ ਵੱਲੋਂ ਸ਼ਾਂਤਮਈ ਸੰਘਰਸ਼ ਲਗਾਤਾਰ ਜਾਰੀ ਹੈ। ਕਿਸਾਨਾਂ ਨੇ ਅੱਜ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਤੇ ਮਹਿੰਗਾਈ ਖਿਲਾਫ ਦੇਸ਼ ਭਰ ਵਿੱਚ ਪ੍ਰਦਰਸ਼ਨ ਦਾ ਸੱਦਾ ਦਿੱਤਾ ਸੀ। ਕਿਸਾਨਾਂ ਨੇ ਪਹਿਲਾਂ ਹੀ ਐਲਾਨ ਕਰ ਦਿੱਤਾ ਸੀ ਕਿ ਆਵਾਜਾਈ ਨਹੀਂ ਰੋਕੀ ਜਾਏਗੀ ਸਗੋਂ ਸੜਕਾਂ ਦੇ ਕਿਨਾਰੇ ਵਾਹਨ ਖੜ੍ਹੇ ਕਰਕੇ ਪ੍ਰਦਰਸ਼ਨ ਕੀਤਾ ਜਾਏਗਾ।

ਕਿਸਾਨ ਲੀਡਰ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਅੱਜ ਦੇਸ਼ ਭਰ ਦੀਆਂ ਸੜਕਾਂ ਤੇ 2 ਘੰਟੇ ਲਈ ਬਗੈਰ ਟ੍ਰੈਫ਼ਿਕ ਜਾਮ ਕੀਤੇ ਪੈਟਰੋਲ-ਡੀਜ਼ਲ ਤੇ ਰਸੋਈ ਗੈਸ ਦੀਆਂ ਵਧੀਆਂ ਕੀਮਤਾਂ ਖ਼ਿਲਾਫ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਨ੍ਹਾਂ ਹਰ ਵਰਗ ਨੂੰ ਅਪੀਲ ਕੀਤੀ ਕਿ ਉਹ ਆਪਣੇ ਵਾਹਨ ਸੜਕ ਕਿਨਾਰਿਆਂ ’ਤੇ ਖੜ੍ਹੇ ਕਰਕੇ ਸਰਕਾਰ ਖ਼ਿਲਾਫ਼ ਰੋਸ ਪ੍ਰਗਟ ਕਰਨ ਤਾਂ ਜੋ ਸੁੱਤੀ ਸਰਕਾਰ ਨੂੰ ਜਗਾਇਆ ਜਾ ਸਕੇ।

ਉਨ੍ਹਾਂ ਕਿਹਾ ਕਿ 19 ਜੁਲਾਈ ਤੋਂ ਪਾਰਲੀਮੈਂਟ ਸ਼ੈਸ਼ਨ ਸ਼ੁਰੂ ਹੋ ਰਿਹਾ ਹੈ, ਜਿਸ ਦੌਰਾਨ ਸਮੁੱਚੇ ਵਿਰੋਧੀ ਧਿਰ ਦੇ ਮੈਂਬਰ ਪਾਰਲੀਮੈਂਟਾਂ ਨੂੰ ਕਿਸਾਨਾਂ ਦੀ ਅਵਾਜ਼ ਸ਼ੈਸ਼ਨ ਵਿਚ ਬੁਲੰਦ ਕਰਨ ਲਈ ਪੱਤਰ ਸੌਂਪੇ ਜਾਣਗੇ ਤੇ ਜੇ ਕੋਈ ਮੈਂਬਰ ਕਿਸਾਨਾਂ ਖਿਲਾਫ਼ ਜਾਵੇਗਾ, ਉਸ ਨੂੰ ਕਿਸਾਨਾਂ ਦੇ ਰੋਹ ਦਾ ਸ਼ਿਕਾਰ ਹੋਣਾ ਪਵੇਗਾ। ਇਸ ਸ਼ੈਸ਼ਨ ਦੌਰਾਨ 22 ਜੁਲਾਈ ਤੋਂ 200 ਤੋਂ ਵਧੇਰੇ ਕਿਸਾਨਾਂ ਦਾ ਜੱਥਾ ਰੋਜ਼ ਪਾਰਲੀਮੈਂਟ ਸਾਹਮਣੇ ਭੇਜਿਆ ਜਾਵੇਗਾ, ਜਿਸ ਵਿਚ ਹਰ ਜੱਥੇਬੰਦੀ ਦੇ 5-5 ਮੈਂਬਰ ਸ਼ਾਮਲ ਹੋਣਗੇ। 

LEAVE A REPLY

Please enter your comment!
Please enter your name here